ਡੈਮੋਕ੍ਰੇਟਿਕ ਸ਼ਾਸਿਤ ਸ਼ਹਿਰਾਂ ’ਚ ਪ੍ਰਦਰਸ਼ਨਾਂ ਦੌਰਾਨ ਮਦਦ ਨਾ ਮੰਗੇ ਤੱਕ ਦਖਲ ਨਹੀਂ ਦੇਵਾਂਗੇ : ਟਰੰਪ

Sunday, Feb 01, 2026 - 09:45 PM (IST)

ਡੈਮੋਕ੍ਰੇਟਿਕ ਸ਼ਾਸਿਤ ਸ਼ਹਿਰਾਂ ’ਚ ਪ੍ਰਦਰਸ਼ਨਾਂ ਦੌਰਾਨ ਮਦਦ ਨਾ ਮੰਗੇ ਤੱਕ ਦਖਲ ਨਹੀਂ ਦੇਵਾਂਗੇ : ਟਰੰਪ

ਵਾਸ਼ਿੰਗਟਨ, (ਭਾਸ਼ਾ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ਨੀਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਹੋਮਲੈਂਡ ਸਿਕਿਓਰਿਟੀ ਸੈਕਟਰੀ ਕ੍ਰਿਸਟੀ ਨੋਏਮ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਡੈਮੋਕ੍ਰੇਟਿਕ ਪਾਰਟੀ ਸ਼ਾਸਿਤ ਸ਼ਹਿਰਾਂ ’ਚ ਹੋਣ ਵਾਲੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਉਦੋਂ ਤੱਕ ਦਖਲ ਨਾ ਦੇਣ ਜਦੋਂ ਤੱਕ ਸਥਾਨਕ ਅਧਿਕਾਰੀ ਸੰਘੀ ਸਹਾਇਤਾ ਦੀ ਬੇਨਤੀ ਨਹੀਂ ਕਰਦੇ। ਟਰੰਪ ਦਾ ਇਹ ਬਿਆਨ ਉਦੋਂ ਆਇਆ ਹੈ, ਜਦੋਂ ਉਨ੍ਹਾਂ ਦੇ ਪ੍ਰਸ਼ਾਸਨ ਨੂੰ ਆਪਣੀ ਇਮੀਗ੍ਰੇਸ਼ਨ ਨੀਤੀ ’ਤੇ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਲਿਖਿਆ ਕਿ ਅਸੀਂ ਖਰਾਬ ਤਰੀਕੇ ਨਾਲ ਚਲਾਏ ਜਾ ਰਹੇ ਡੈਮੋਕ੍ਰੇਟਿਕ ਸ਼ਹਿਰਾਂ ’ਚ ਹੋਣ ਵਾਲੇ ਕਿਸੇ ਵੀ ਵਿਰੋਧ ਪ੍ਰਦਰਸ਼ਨ ਜਾਂ ਦੰਗਿਆਂ ਵਿਚ ਉਦੋ ਤੱਕ ਦਖਲ ਨਹੀਂ ਦੇਵਾਂਗੇ, ਜਦੋਂ ਤੱਕ ਉਹ ਸਾਡੀ ਸਹਾਇਤਾ ਨਹੀਂ ਮੰਗਦੇ। ਹਾਲਾਂਕਿ, ਉਨ੍ਹਾਂ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਉਨ੍ਹਾਂ ਦਾ ਹੁਕਮ ਦਾ ਅਮਰੀਕੀ ਕਸਟਮਜ਼ ਅਤੇ ਇਮੀਗ੍ਰੇਸ਼ਨ ਇਨਫੋਰਸਮੈਂਟ (ਆਈ. ਸੀ. ਈ.) ਅਤੇ ਗ੍ਰਹਿ ਸੁਰੱਖਿਆ ਵਿਭਾਗ ਦੇ ਕਰਮਚਾਰੀਆਂ ਜਾਂ ਹੋਰ ਸੰਘੀ ਏਜੰਸੀਆਂ ਵਲੋਂ ਕੀਤੀਆਂ ਗਈਆਂ ਕਾਰਵਾਈਆਂ ’ਤੇ ਕੀ ਅਸਰ ਪਵੇਗਾ।

ਟਰੰਪ ਨੇ ਇਹ ਵੀ ਕਿਹਾ ਕਿ ਉਨ੍ਹਾਂ ਦਾ ਪ੍ਰਸ਼ਾਸਨ ਸੰਘੀ ਇਮਾਰਤਾਂ ਦੀ ਰੱਖਿਆ ਕਰੇਗਾ, ਜੋ ਪ੍ਰਦਰਸ਼ਨਕਾਰੀਆਂ ਕਾਰਨ ਖਤਰੇ ’ਚ ਹੋਣਗੀਆਂ। ਇਸ ਤੋਂ ਇਲਾਵਾ ਉਨ੍ਹਾਂ ਨੇ ਨੋਏਮ ਨੂੰ ਸੰਘੀ ਜਾਇਦਾਦ ਦੀ ਰੱਖਿਆ ਕਰਦੇ ਸਮੇਂ ਆਈ. ਸੀ. ਈ. ਅਤੇ ਯੂ. ਐੱਸ. ਬਾਰਡਰ ਪੈਟ੍ਰੋਲ ’ਤੇ ਸਖ਼ਤ ਰੁਖ਼ ਅਪਣਾਉਣ ਦਾ ਹੁਕਮ ਦਿੱਤਾ ਹੈ।

ਟਰੰਪ ਪ੍ਰਸ਼ਾਸਨ ਨੇ ਵਾਸ਼ਿੰਗਟਨ, ਲਾਸ ਏਂਜਲਸ, ਸ਼ਿਕਾਗੋ ਅਤੇ ਪੋਰਟਲੈਂਡ ਵਰਗੇ ਡੈਮੋਕ੍ਰੇਟਿਕ-ਸੰਚਾਲਿਤ ਸ਼ਹਿਰਾਂ ’ਚ ਨੈਸ਼ਨਲ ਗਾਰਡ ਜਾਂ ਸੰਘੀ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨੂੰ ਤਾਇਨਾਤ ਕੀਤਾ ਹੈ, ਜਿਸ ਕਾਰਨ ਆਲੋਚਨਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।


author

Rakesh

Content Editor

Related News