ਆਸਟ੍ਰੇਲੀਆ ''ਚ ਹਨ੍ਹੇਰੀ-ਝੱਖੜ ਨੇ ਮਚਾਈ ਤਬਾਹੀ, ਕਈ ਘਰਾਂ ''ਤੇ ਡਿੱਗੇ ਦਰੱਖਤ

08/22/2019 2:08:25 PM

ਸਿਡਨੀ— ਆਸਟ੍ਰੇਲੀਆ ਦੇ ਪੂਰਬੀ ਇਲਾਕਾ ਇਸ ਸਮੇਂ ਹਨ੍ਹੇਰੀ-ਝੱਖੜ ਦਾ ਸਾਹਮਣਾ ਕਰ ਰਿਹਾ ਹੈ। ਨਿਊ ਸਾਊਥ ਵੇਲਜ਼ ਦੇ ਤਟੀ ਖੇਤਰ 'ਚ 90 ਕਿਲੋ ਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇਜ਼ ਹਵਾਵਾਂ ਚੱਲੀਆਂ। ਸਟੇਟ ਐਮਰਜੈਂਸੀ ਸੇਵਾਵਾਂ ਵਲੋਂ ਦੱਸਿਆ ਗਿਆ ਕਿ ਕੁੱਝ ਲੋਕਾਂ ਦੇ ਘਰ ਅਤੇ ਕਾਰਾਂ ਉੱਤੇ ਦਰੱਖਤ ਡਿੱਗ ਗਏ। ਉਨ੍ਹਾਂ ਨੂੰ ਹੁਣ ਤਕ 200 ਤੋਂ ਵਧੇਰੇ ਲੋਕਾਂ ਨੇ ਮਦਦ ਮੰਗਦਿਆਂ ਹੋਇਆਂ ਫੋਨ ਕੀਤੇ। ਹਨ੍ਹੇਰੀ ਕਾਰਨ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ।

ਸਿਡਨੀ ਦੇ ਦੱਖਣੀ ਇਲਾਕੇ ਅਤੇ ਸਿਡਨੀ ਏਅਰਪੋਰਟ 'ਤੇ ਸ਼ਾਮ 4 ਵਜੇ 72 ਕਿਲੋ ਮੀਟਰ ਪ੍ਰਤੀ ਘੰਟੇ ਤੋਂ 93 ਕਿਲੋ ਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇਜ਼ ਹਵਾਵਾਂ ਚੱਲੀਆਂ। ਲੋਕਾਂ ਨੂੰ ਸਮੁੰੰਦਰੀ ਇਲਾਕਿਆਂ ਵੱਲ ਜਾਣ ਤੋਂ ਬਚਣ ਲਈ ਸਲਾਹ ਦਿੱਤੀ ਗਈ ਹੈ। ਮਛੇਰਿਆਂ ਨੂੰ ਵੀ ਅਲਰਟ ਕਰ ਦਿੱਤਾ ਗਿਆ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ ਕੁਝ ਦਿਨਾਂ ਤਕ ਅਜਿਹਾ ਹੀ ਮੌਸਮ ਰਹਿਣ ਵਾਲਾ ਹੈ, ਇਸ ਲਈ ਆਵਾਜਾਈ ਸਮੇਂ ਵਧੇਰੇ ਧਿਆਨ ਰੱਖਣ ਦੀ ਜ਼ਰੂਰਤ ਹੈ। ਅੱਜ ਵਿਕਟੋਰੀਆ ਸੂਬੇ 'ਚ ਵੀ ਕਈ ਥਾਵਾਂ 'ਤੇ ਅਲਰਟ ਕਰ ਦਿੱਤਾ ਗਿਆ ਅਤੇ ਮੈਲਬੌਰਨ ਦੇ ਪੂਰਬੀ ਹਿੱਸੇ 'ਚ 143 ਕਿਲੋ ਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇਜ਼ ਹਵਾਵਾਂ ਚੱਲੀਆਂ। ਤਸਮਾਨੀਆ 'ਚ ਚਿਤਾਵਨੀ ਰੱਦ ਕਰ ਦਿੱਤੀ ਗਈ ਹੈ। ਕੁਈਨਜ਼ਲੈਂਡ ਦੇ ਕੁਝ ਇਲਾਕਿਆਂ 'ਚ ਮੌਸਮ ਖਰਾਬ ਰਿਹਾ ਸੀ ਪਰ ਬਾਅਦ 'ਚ ਸਥਿਤੀ ਠੀਕ ਦੱਸੀ ਗਈ। ਪਰਥ, ਡਾਰਵਿਨ ਅਤੇ ਐਡੇਲੇਡ 'ਚ ਧੁੱਪ ਨਿਕਲਣ ਦੇ ਆਸਾਰ ਦੱਸੇ ਜਾ ਰਹੇ ਹਨ।


Related News