ਪਾਕਿਸਤਾਨ ’ਚ ਚੀਨ ਖ਼ਿਲਾਫ਼ ਕਿਉਂ ਚੱਲ ਰਿਹਾ ਪ੍ਰਦਰਸ਼ਨ? ਚੀਨ ਦਾ ਜਵਾਬ ਆਇਆ ਸਾਹਮਣੇ

Wednesday, Nov 16, 2022 - 01:32 PM (IST)

ਇਸਲਾਮਾਬਾਦ (ਬਿਊਰੋ)– ਪਾਕਿਸਤਾਨ ਦੇ ਗਵਾਦਰ ’ਚ ਚੀਨ-ਪਾਕਿਸਤਾਨ ਆਰਥਿਕ ਗਲਿਆਰਾ (ਸੀ. ਪੀ. ਈ. ਸੀ.) ਪ੍ਰਾਜੈਕਟ ਨੂੰ ਲੈ ਕੇ ਹੋ ਰਹੇ ਵਿਰੋਧ ਪ੍ਰਦਰਸ਼ਨ ’ਤੇ ਚੀਨ ਨੇ ਸਫਾਈ ਦਿੱਤੀ ਹੈ। ਚੀਨ ਨੇ ਕਿਹਾ ਕਿ ਗਵਾਦਰ ਸ਼ਹਿਰ ’ਚ ਹੋ ਰਹੇ ਵਿਰੋਧ ਪ੍ਰਦਰਸ਼ਨ ਦਾ ਸਬੰਧ ਸੀ. ਪੀ. ਈ. ਸੀ. ਨਾਲ ਨਹੀਂ ਹੈ। ਚੀਨ ਵਲੋਂ ਇਹ ਬਿਆਨ ਅਜਿਹੇ ਸਮੇਂ ਆਇਆ ਹੈ, ਜਦੋਂ ਗੁਆਂਢੀ ਦੇਸ਼ ਪਾਕਿਸਤਾਨ ’ਚ ਵਿਰੋਧ ਪ੍ਰਦਰਸ਼ਨ ਵਿਚਾਲੇ ਕੰਮ ਕਰ ਰਹੇ ਸੈਕੜੇ ਚੀਨੀ ਵਰਕਰਾਂ ਦੀ ਸੁਰੱਖਿਆ ਨੂੰ ਲੈ ਕੇ ਫਿਕਰ ਸਤਾਈ ਜਾ ਰਹੀ ਹੈ।

ਪਾਕਿਸਤਾਨ ਦੇ ਨਿਊਜ਼ ਚੈਨਲ ਡਾਅਨ ਮੁਤਾਬਕ ਗਵਾਦਰ ’ਚ ਸੀ. ਪੀ. ਈ. ਸੀ. ਦਾ ਵਿਰੋਧ ਪ੍ਰਦਰਸ਼ਨ 18 ਦਿਨਾਂ ਤੋਂ ਜਾਰੀ ਹੈ। ਸੋਮਵਾਰ ਨੂੰ ਵੀ ਇਸ ਵਿਰੋਧ ਪ੍ਰਦਰਸ਼ਨ ’ਚ 100 ਤੋਂ ਵੱਧ ਬੱਚਿਆਂ ਨੇ ਹਿੱਸਾ ਲਿਆ। ਵਿਰੋਧ ਕਰ ਰਹੇ ਲੋਕਾਂ ਦੀ ਮੰਗ ਹੈ ਕਿ ਗਵਾਦਰ ’ਚ ਹੋ ਰਹੇ ਗੈਰ-ਕਾਨੂੰਨੀ ਟਰਾਲਿੰਗ (ਜਾਅਲ ਨਾਲ ਮੱਛੀ ਫੜਨ) ’ਤੇ ਵੱਧ ਤੋਂ ਵੱਧ ਰੋਕ ਲੱਗੇ।

ਇਹ ਖ਼ਬਰ ਵੀ ਪੜ੍ਹੋ : ਡੋਨਾਲਡ ਟਰੰਪ ਦੇ ਰਾਸ਼ਟਰਪਤੀ ਚੋਣ ਲੜਨ ਦੇ ਐਲਾਨ ਮਗਰੋਂ ਬਾਈਡੇਨ ਨੇ ਦਿੱਤੀ ਤਿੱਖੀ ਪ੍ਰਤੀਕਿਰਿਆ

ਪ੍ਰਦਰਸ਼ਨਕਾਰੀਆਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਦੀ ਮੰਗ ਇਕ ਹਫ਼ਤੇ ਅੰਦਰ ਨਹੀਂ ਮੰਨੀ ਗਈ ਤਾਂ ਉਹ ਚੀਨ-ਪਾਕਿਸਤਾਨ ਆਰਥਿਕ ਗਲਿਆਰਾ (ਸੀ. ਪੀ. ਈ. ਸੀ.) ਨੂੰ ਰੋਕ ਦੇਣਗੇ।

ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮਾਓ ਨਿੰਗ ਨੇ ਸਫਾਈ ਦਿੰਦਿਆਂ ਕਿਹਾ ਕਿ ਇਹ ਸਾਰੀਆਂ ਖ਼ਬਰਾਂ ਬੇਬੁਨਿਆਦ ਹਨ। ਮਾਓ ਨੇ ਕਿਹਾ ਕਿ ਪ੍ਰਦਰਸ਼ਨਕਾਰੀਆਂ ਦੇ ਵਿਰੋਧ ਪ੍ਰਦਰਸ਼ਨ ਦਾ ਚੀਨ ਜਾਂ ਉਸ ਦੇ ਸੀ. ਪੀ. ਈ. ਸੀ. ਪ੍ਰਾਜੈਕਟ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਚੀਨ ਨੇ ਇਸ ਗੱਲ ਤੋਂ ਵੀ ਇਨਕਾਰ ਕਰ ਦਿੱਤਾ ਹੈ ਕਿ ਸੀ. ਪੀ. ਈ. ਸੀ. ਪ੍ਰਾਜੈਕਟ ’ਤੇ ਕੰਮ ਕਰ ਰਹੇ ਚੀਨੀ ਵਰਕਰਾਂ ਨੂੰ ਸੁਰੱਖਿਆ ਲਈ ਬੁਲੇਟ ਪਰੂਫ ਜੈਕੇਟਾਂ ਮੁਹੱਈਆ ਕਰਵਾਈਆਂ ਗਈਆਂ ਹਨ। ਮਾਓ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਹੈ ਪਰ ਦੋਵੇਂ ਦੇਸ਼ ਇਸ ਪ੍ਰਾਜੈਕਟ ਦੇ ਨਿਰਮਾਣ ’ਚ ਚੀਨੀ ਨਾਗਰਿਕਾਂ ਦੀ ਸੁਰੱਖਿਆ ਲਈ ਇਕ-ਦੂਜੇ ਨੂੰ ਸਹਿਯੋਗ ਲਈ ਵਚਨਬੱਧ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News