ਕੋਰੋਨਾ ਵਾਇਰਸ ਉਤਪੱਤੀ ਦੀ ਜਾਂਚ ਕਰਨ WHO ਟੀਮ ਜਾਵੇਗੀ ਚੀਨ

Tuesday, Jan 12, 2021 - 10:54 PM (IST)

ਬੀਜਿੰਗ : ਚੀਨ ਨੇ ਸੋਮਵਾਰ ਨੂੰ ਕਿਹਾ ਕਿ ਕੋਰੋਨਾ ਵਾਇਰਸ ਮਹਾਮਾਰੀ ਦੀ ਉਤਪੱਤੀ ਦੀ ਜਾਂਚ ਕਰਨ ਲਈ  ਵਿਸ਼ਵ ਸਿਹਤ ਸੰਗਠਨ (WHO) ਦੇ ਮਾਹਰਾਂ ਦਾ ਸਮੂਹ ਵੀਰਵਾਰ ਨੂੰ ਇੱਥੇ ਆਵੇਗਾ। ਇਸਦੇ ਨਾਲ ਹੀ ਮਾਹਰਾਂ  ਦੀ ਯਾਤਰਾ ਨੂੰ ਲੈ ਕੇ ਅਨਿਸ਼ਚਿਤਤਾ ਦਾ ਅੰਤ ਹੋ ਗਿਆ। ਸਰਕਾਰੀ ਸਮਾਚਾਰ ਚੈਨਲ ‘CGTN’ ਨੇ ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ ਦੇ ਹਵਾਲੇ ਤੋਂ ਕਿਹਾ ਕਿ WHO ਮਾਹਰ 14 ਜਨਵਰੀ ਨੂੰ ਚੀਨ ਦੌਰੇ ਦੌਰਾਨ ਵੁਹਾਨ ਜਾਣਗੇ ਜਿੱਥੇ 2019 ਦੇ ਦਸੰਬਰ ਵਿੱਚ ਇਸ ਇਫੈਕਸ਼ਨ ਦੇ ਮਾਮਲੇ ਸਭ ਤੋਂ ਪਹਿਲਾਂ ਸਾਹਮਣੇ ਆਏ ਸਨ। ਵੁਹਾਨ ਵਿੱਚ ਵਾਇਰਸ ਦੀ ਉਤਪੱਤੀ ਦੀ ਵਿਆਪਕ ਮਾਨਤਾ 'ਤੇ ਸਵਾਲ ਚੁੱਕਣ ਵਾਲੇ ਬੀਜਿੰਗ ਨੇ ਮਾਹਰਾਂ ਦੇ 10 ਮੈਂਬਰੀ ਦਲ ਨੂੰ ਦੌਰੇ ਦੀ ਮਨਜ਼ੂਰੀ ਦੇਣ ਵਿੱਚ ਦੇਰੀ ਕੀਤੀ ਸੀ। 

WHO ਦੇ ਮਾਹਰਾਂ ਦੀ ਯਾਤਰਾ ਦੀ ਪੁਸ਼ਟੀ ਕਰਦੇ ਹੋਏ ਚੀਨ ਦੇ ਵਿਦੇਸ਼ ਮੰਤਰਾਲਾ ਦੇ ਬੁਲਾਰਾ ਝਾਉਂ ਲਿਜਾਨ ਨੇ ਸੋਮਵਾਰ ਨੂੰ ਇੱਕ ਪ੍ਰੈੱਸ ਕਾਨਫਰੰਸ ਵਿੱਚ ਦੱਸਿਆ ਕਿ ਚੀਨ ਵਾਇਰਸ ਦੀ ਉਤਪੱਤੀ ਅਤੇ ਉਸਦੇ ਫੈਲਣ ਦੇ ਰਸਤੇ ਦਾ ਪਤਾ ਲਗਾਉਣ ਦੇ ਵਿਸ਼ਵਭਰ ਦੇ ਮਾਹਰਾਂ ਦੇ ਅਧਿਐਨ ਦਾ ਸਮਰਥਨ ਕਰਦਾ ਹੈ। ਝਾਉਂ ਨੇ ਹਾਲਾਂਕਿ ਯਾਤਰਾ ਨਾਲ ਜੁੜੀਆਂ ਜਾਣਕਾਰੀਆਂ ਅਤੇ ਉਨ੍ਹਾਂ ਨੂੰ ‘ਵੁਹਾਨ ਇੰਸਟੀਚਿਊਟ ਆਫ ਵਾਇਰੋਲਾਜੀ (WIV) ਵਿੱਚ ਜਾਣ ਦੀ ਮਨਜ਼ੂਰੀ ਹੋਵੇਗੀ ਜਾਂ ਨਹੀਂ, ਇਸ ਸੰਬੰਧ ਵਿੱਚ ਕੋਈ ਜਾਣਕਾਰੀ ਨਹੀਂ ਦਿੱਤੀ। ਕੋਰੋਨਾ ਵਾਇਰਸ ਨੂੰ ‘‘ਚੀਨੀ ਵਾਇਰਸ’’ ਕਹਿਣ ਵਾਲੇ ਡੋਨਾਲਡ ਟਰੰਪ ਨੇ ਦੋਸ਼ ਲਗਾਇਆ ਹੈ ਕਿ ਇਸ ਵਾਇਰਸ ਦੀ ਉਤਪੱਤੀ WIV ਤੋਂ ਹੋਈ ਹੈ ਅਤੇ ਇਸ ਸੰਬੰਧ ਵਿੱਚ ਜਾਂਚ ਦੀ ਮੰਗ ਵੀ ਕੀਤੀ ਹੈ। 

WIV ਨੇ ਹਾਲਾਂਕਿ ਇਨ੍ਹਾਂ ਦੋਸ਼ਾਂ ਨੂੰ ਰਾਜਨੀਤੀ ਤੋਂ ਪ੍ਰੇਰਿਤ ਦੱਸਦੇ ਹੋਏ ਇਨ੍ਹਾਂ ਨੂੰ ਖਾਰਿਜ ਕਰ ਦਿੱਤਾ ਹੈ। ਇਸ ਤੋਂ ਪਹਿਲਾਂ, ਰਾਸ਼ਟਰੀ ਸਿਹਤ ਕਮਿਸ਼ਨ (NHC) ਦੇ ਉਪ ਪ੍ਰਮੁੱਖ ਜੇਂਗ ਯਿਸ਼ਿਨ ਨੇ 9 ਜਨਵਰੀ ਨੂੰ ਮੀਡੀਆ ਨੂੰ ਕਿਹਾ ਸੀ ਕਿ ਵੁਹਾਨ ਵਿੱਚ ਟੀਮ ਦੇ ਆਉਣ ਦੇ ਸਮੇਂ 'ਤੇ ਅਜੇ ਵਿਚਾਰ ਕੀਤਾ ਜਾ ਰਿਹਾ ਹੈ। ਜੇਂਗ ਨੇ ਦੱਸਿਆ ਕਿ ਚੀਨ ਅਤੇ WHO ਦੇ ਵਿੱਚ ਚਾਰ ਵੀਡੀਓ ਕਾਨਫਰੰਸ ਵਿੱਚ ਜਾਂਚ ਦੇ ਵਿਸ਼ੇਸ਼ ਪ੍ਰਬੰਧ ਨੂੰ ਲੈ ਕੇ ਸਹਿਮਤੀ ਬਣੀ ਹੈ। ਜਾਂਚ ਕਰਨ ਆ ਰਹੇ ਦਲ ਦੇ ਨਾਲ ਚੀਨ ਦੇ ਮਾਹਰ ਵੀ ਵੁਹਾਨ ਜਾਣਗੇ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


Inder Prajapati

Content Editor

Related News