ਦੱ. ਅਫਰੀਕਾ ’ਚ ਓਮੀਕਰੋਨ ਦੇ ਕਹਿਰ ਦਰਮਿਆਨ ਐਕਸ਼ਨ 'ਚ WHO, ਲਿਆ ਅਹਿਮ ਫ਼ੈਸਲਾ

Friday, Dec 03, 2021 - 03:53 PM (IST)

ਜੋਹਾਨਸਬਰਗ (ਭਾਸ਼ਾ)-ਦੱਖਣੀ ਅਫਰੀਕਾ ’ਚ ਇਨਫੈਕਸ਼ਨ ਦੇ ਮਾਮਲਿਆਂ ’ਚ ਵਾਧੇ ਦਰਮਿਆਨ ਡਬਲਯੂ. ਐੱਚ. ਓ. ਨੇ ਵੱਡਾ ਫ਼ੈਸਲਾ ਕੀਤਾ ਹੈ। ਡਬਲਯੂ. ਐੱਚ. ਓ. ਕੋਰੋਨਾ ਵਾਇਰਸ ਦੇ ਨਵੇਂ ਸਵਰੂਪ ਓਮੀਕਰੋਨ ਦੇ ਕੇਂਦਰ ਰਹੇ ਇਸ ਦੇਸ਼ ਦੇ ਗੌਤੋਂਗ ਸੂਬੇ ’ਚ ਨਿਗਰਾਨੀ ਉਪਾਵਾਂ ’ਚ ਤੇਜ਼ੀ ਲਿਆਉਣ ਤੇ ਵਾਇਰਸ ਦੇ ਸੰਪਰਕ ’ਚ ਆਏ ਲੋਕਾਂ ਦੀ ਪਛਾਣ ਲਈ ਅਧਿਕਾਰੀਆਂ ਦੀ ਇਕ ਟੀਮ ਭੇਜੀ ਹੈ। ਇਸ ਸਬੰਧੀ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਤਾਜ਼ਾ ਰੋਜ਼ਾਨਾ ਅੰਕੜਿਆਂ ’ਚ ਇਨਫੈਕਸ਼ਨ ਦੇ 11,500 ਨਵੇਂ ਕੇਸ ਦਰਜ ਕੀਤੇ ਗਏ ਹਨ ਤੇ ਇਸ ਤੋਂ ਪਹਿਲਾਂ ਪਾਜ਼ੇਟਿਵ ਲੋਕਾਂ ਦੀ ਗਿਣਤੀ ’ਚ 8500 ਕੇਸਾਂ ਦਾ ਵਾਧਾ ਦੇਖਿਆ ਗਿਆ ਸੀ। ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਨਵੰਬਰ ਦੇ ਅੱਧ ’ਚ ਰੋਜ਼ਾਨਾ 200 ਤੋਂ 300 ਦੇ ਵਿਚਕਾਰ ਇਨਫੈਕਸ਼ਨ ਦੇ ਮਾਮਲੇ ਸਾਹਮਣੇ ਆਉਂਦੇ ਸਨ। ਡਬਲਯੂ. ਐੱਚ. ਓ. ਦੇ ਅਨੁਸਾਰ ਓਮੀਕਰੋਨ ਦਾ ਪਹਿਲਾ ਕੇਸ, ਜੋ ਇਕ ਹਫ਼ਤਾ ਪਹਿਲਾਂ ਦੱਖਣੀ ਅਫਰੀਕਾ ’ਚ ਪਹਿਲੀ ਵਾਰ ਆਇਆ ਸੀ, ਹੁਣ ਦੁਨੀਆ ਦੇ ਘੱਟੋ-ਘੱਟ 24 ਦੇਸ਼ਾਂ ’ਚ ਸਾਹਮਣੇ ਆ ਚੁੱਕਾ ਹੈ। ਡਬਲਯੂ. ਐੱਚ. ਓ. ਦੇ ਅਫਰੀਕਾ ਦੇ ਖੇਤਰੀ ਐਮਰਜੈਂਸੀ ਨਿਰਦੇਸ਼ਕ ਡਾ. ਸਲਾਮ ਗੁਏ ਨੇ ਵੀਰਵਾਰ ਇਕ ਪ੍ਰੈੱਸ ਕਾਨਫਰੰਸ ’ਚ ਦੱਸਿਆ, ‘‘ਅਸੀਂ ਨਿਗਰਾਨੀ ਅਤੇ ਸੰਪਰਕ ਟਰੇਸਿੰਗ ’ਚ ਸਹਾਇਤਾ ਲਈ ਗੌਤੇਂਗ ਸੂਬੇ ’ਚ ਇਕ ਟੀਮ ਤਾਇਨਾਤ ਕਰ ਰਹੇ ਹਾਂ।’’ 

ਉਨ੍ਹਾਂ ਕਿਹਾ ਕਿ ਇਕ ਟੀਮ ਪਹਿਲਾਂ ਹੀ ਦੱਖਣੀ ਅਫਰੀਕਾ ’ਚ ਜੀਨੋਮਿਕ ਸੀਕਵੈਂਸਿੰਗ ’ਤੇ ਕੰਮ ਕਰ ਰਹੀ ਹੈ। ਗੌਤੇਂਗ ਸੂਬਾ ਦੱਖਣੀ ਅਫ਼ਰੀਕਾ ਦਾ ਆਰਥਿਕ ਕੇਂਦਰ ਹੈ ਅਤੇ ਪਿਛਲੇ ਹਫ਼ਤੇ ’ਚ ਇਨਫੈਕਸ਼ਨ ਦੇ ਲੱਗਭਗ 80 ਫੀਸਦੀ ਮਾਮਲੇ ਸਾਹਮਣੇ ਆਏ ਹਨ। ਨੈਸ਼ਨਲ ਇੰਸਟੀਚਿਊਟ ਫਾਰ ਕਮਿਊਨੀਕੇਬਲ ਡਿਜ਼ੀਜ਼ਜ (ਐੱਨ. ਆਈ. ਸੀ. ਡੀ.) ਨੇ ਕਿਹਾ ਕਿ ਲੱਗਭਗ 75 ਫੀਸਦੀ ਨਮੂਨਿਆਂ ’ਚ ਇਕ ਸਵਰੂਪ ਦੀ ਪੁਸ਼ਟੀ ਹੋਈ ਹੈ। ਡਬਲਯੂ. ਐੱਚ. ਓ. ਦੇ ਅਫਰੀਕਾ ਦੇ ਨਿਰਦੇਸ਼ਕ ਡਾ. ਮਾਤਸ਼ੀਦਿਸੋ ਮੋਏਤੀ ਨੇ ਵੀਰਵਾਰ ਕਿਹਾ ਕਿ ਦੇਸ਼ਾਂ ਨੂੰ ‘‘ਕੋਵਿਡ-19 ਬਾਰੇ ਚੌਕਸ ਰਹਿਣਾ ਚਾਹੀਦਾ ਹੈ ਅਤੇ ਅਫਰੀਕਾ ਵਿਚ ਇਸ ਨੂੰ ਵੱਡੀ ਪੱਧਰ ’ਤੇ ਫੈਲਣ ਤੋਂ ਰੋਕਣਾ ਚਾਹੀਦਾ ਹੈ।’’ ਗੌਤੇਂਗ ਦੇ ਪ੍ਰਧਾਨ ਮੰਤਰੀ ਡੇਵਿਡ ਮਖੁਰਾ ਨੇ ਇੱਕ ਵੱਖਰੀ ਪ੍ਰੈੱਸ ਕਾਨਫਰੰਸ ’ਚ ਪੁਸ਼ਟੀ ਕੀਤੀ ਕਿ ਸੂਬਾ ਚੌਥੀ ਲਹਿਰ ਦੇ ਕੰਢੇ ’ਤੇ ਹੈ। ਦੱਖਣੀ ਅਫ਼ਰੀਕਾ ਦੀ ਸਰਕਾਰ ਦੇ ਇਕ ਮੰਤਰੀ ਨੇ ਦੇਸ਼ ਦੀ ਸੰਸਦ ਨੂੰ ਦੱਸਿਆ ਹੈ ਕਿ ਟੀਕੇ ਦਾ ਵਿਰੋਧ ਕਰਨ ਵਾਲੇ ਉਨ੍ਹਾਂ ਲੋਕਾਂ ਦੇ ਅਧਿਕਾਰਾਂ ’ਤੇ ਹਾਵੀ ਹੋ ਗਏ ਹਨ, ਜੋ ਕੋਵਿਡ-19 ਦਾ ਟੀਕਾ ਲਗਵਾਉਣਾ ਚਾਹੁੰਦੇ ਹਨ। ਦੱਖਣੀ ਅਫਰੀਕਾ ਦੇ ਉਪ ਸਿਹਤ ਮੰਤਰੀ ਡਾਕਟਰ ਸਿਬੋਂਗਿਸੇਨੀ ਧਲੋਮੋ ਨੇ ਬੁੱਧਵਾਰ ਕਿਹਾ, “ਇਕ ਸਮੂਹਿਕ ਅਧਿਕਾਰ ਕਿਸੇ ਵਿਅਕਤੀ ਦੇ ਅਧਿਕਾਰ ਤੋਂ ਸ੍ਰੇਸ਼ਠ ਹੋ ਜਾਂਦਾ ਹੈ।’’ ਇਸ ਲਈ ਜੇਕਰ ਤੁਸੀਂ ਚਾਹੋ ਤਾਂ ਅਸੀਂ ਤੁਹਾਨੂੰ ਘਰ ’ਚ ਰਹਿਣ ਤੋਂ ਇਨਕਾਰ ਨਹੀਂ ਕਰਾਂਗੇ। ਜੇਕਰ ਤੁਸੀਂ ਵੈਕਸੀਨ ਦਾ ਵਿਰੋਧ ਕਰਦੇ ਹੋ ਤਾਂ ਤੁਸੀਂ ਆਪ ਉਨ੍ਹਾਂ 10 ਲੋਕਾਂ ਦੀ ਟੈਕਸੀ ’ਚ ਜ਼ਬਰਦਸਤੀ ਨਹੀਂ ਬੈਠ ਸਕਦੇ, ਜਿਨ੍ਹਾਂ ਨੇ ਟੀਕਾ ਲਗਾਇਆ ਹੈ ਪਰ ਅਸਲ ’ਚ ਇਹ ਕਹਿਣਾ ਮੂਰਖਤਾ ਹੋਵੇਗੀ ਕਿ ਤੁਸੀਂ ਵੈਕਸੀਨ ਦਾ ਵਿਰੋਧ ਕਰਦੇ ਹੋ ਪਰ ਟੀਕਾਕਰਨ ਕਰਵਾਉਣ ਵਾਲੇ ਲੋਕਾਂ ਨਾਲ ਯਾਤਰਾ ਕਰਨਾ ਚਾਹੁੰਦੇ ਹੋ।” ਸਰਕਾਰ ਵੱਲੋਂ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਨਾਗਰਿਕਾਂ ਨੂੰ ਕੰਮ ਵਾਲੀਆਂ ਥਾਵਾਂ ਅਤੇ ਲੋਕਾਂ ਤੱਕ ਪਹੁੰਚਣ ਤੋਂ ਰੋਕਣ ਦੇ ਫ਼ੈਸਲੇ ਨਾਲ ਅਜਿਹੇ ਲੋਕਾਂ ਦੇ ਅਧਿਕਾਰਾਂ ਨੂੰ ਕੁਚਲਿਆ ਜਾ ਰਿਹਾ ਹੈ। ਰਾਸ਼ਟਰਪਤੀ ਸਿਰਿਲ ਰਾਮਾਫੋਸਾ ਨੇ ਐਤਵਾਰ ਰਾਸ਼ਟਰ ਨੂੰ ਆਪਣੇ ਸੰਬੋਧਨ ’ਚ ਇਹ ਐਲਾਨ ਕੀਤਾ ਅਤੇ ਕਿਹਾ ਸੀ ਕਿ ਉਪ ਰਾਸ਼ਟਰਪਤੀ ਡੇਵਿਡ ਮਾਬੁਜ਼ਾ ਇਸ ਟੀਮ ਦੀ ਅਗਵਾਈ ਕਰਨਗੇ। 


Manoj

Content Editor

Related News