ਕੋਰੋਨਾ ਉਤਪੱਤੀ ਦੀ ਮੁੜ ਜਾਂਚ ਸ਼ੁਰੂ ਕਰੇਗਾ WHO, ਬਣਾਈ 20 ਵਿਗਿਆਨੀਆਂ ਦੀ ਨਵੀਂ ਟੀਮ
Monday, Sep 27, 2021 - 06:28 PM (IST)
ਵਾਸ਼ਿੰਗਟਨ (ਬਿਊਰੋ): ਵਿਸ਼ਵ ਸਿਹਤ ਸੰਗਠਨ (WHO) ਇਕ ਨਵੀਂ ਟੀਮ ਦੇ ਨਾਲ ਕੋਰੋਨਾ ਵਾਇਰਸ ਦੀ ਉਤਪੱਤੀ ਦੀ ਮੁੜ ਜਾਂਚ ਸ਼ੁਰੂ ਕਰਨ ਜਾ ਰਿਹਾ ਹੈ। ਇਸ ਲਈ 20 ਵਿਗਿਆਨੀਆਂ ਦੀ ਇਕ ਨਵੀਂ ਟੀਮ ਬਣਾਈ ਗਈ ਹੈ ਜੋ ਚੀਨ ਅਤੇ ਹੋਰ ਥਾਵਾਂ 'ਤੇ ਜਾਂਚ ਕਰੇਗੀ। ਇਸ ਨਵੇਂ ਜਾਂਚ ਦਲ ਜ਼ਰੀਏ ਡਬਲਊ.ਐੱਚ.ਓ. ਕੋਵਿਡ-19 ਦੀ ਉਤਪੱਤੀ ਦੀ ਜਾਂਚ ਮੁੜ ਤੋਂ ਸ਼ੁਰੂ ਕਰਨ ਲਈ ਤਿਆਰ ਹੈ। ਇਸ ਟੀਮ ਵਿਚ ਲੈਬ ਅਤੇ ਜੈਵ ਸੁਰੱਖਿਆ ਦੇ ਮਾਹਰ, ਜੈਨੇਟਿਕਸਿਸਟ ਅਤੇ ਪਸ਼ੂਆਂ ਦੇ ਡਾਕਟਰ ਸ਼ਾਮਲ ਹਨ, ਜੋ ਇਸ ਗੱਲ ਤੋਂ ਜਾਣੂ ਹਨ ਕਿ ਵਾਇਰਸ ਪ੍ਰਕਿਰਤੀ ਵਿਚ ਕਿਵੇਂ ਫੈਲਦੇ ਹਨ।
ਵਾਲ ਸਟ੍ਰੀਟ ਜਨਰਲ ਨੇ ਦੱਸਿਆ ਕਿ ਇਹ ਦਲ ਚੀਨ ਅਤੇ ਹੋਰ ਥਾਵਾਂ 'ਤੇ ਨਵੇਂ ਸਬੂਤਾਂ ਦੀ ਭਾਲ ਕਰਨਗੇ। ਇਸ ਤੋਂ ਪਹਿਲਾਂ ਡਬਲਊ.ਐੱਚ.ਓ.-ਚੀਨ ਦੀ ਇਕ ਸੰਯੁਕਤ ਜਾਂਚ ਟੀਮ ਨੇ ਇਸ ਸਾਲ ਮਾਰਚ ਵਿਚ ਇਹਨਾਂ ਸੰਭਾਵਨਾ ਨੂੰ ਖਾਰਿਜ ਕਰ ਦਿੱਤਾ ਸੀ ਕਿ ਵਾਇਰਸ ਕਿਸੇ ਲੈਬ ਤੋਂ ਬਾਹਰ ਆਇਆ ਸੀ। ਜੁਲਾਈ ਵਿਚ ਡਾਇਰੈਕਟਰ ਜਨਰਲ ਟੇਡਰੋਸ ਅਦਨੋਸ ਘੇਬਰੇਸਿਸ ਨੇ ਇਸ ਰਿਪੋਰਟ ਨੂੰ ਘੱਟ ਸਮਝਦੇ ਹੋਏ ਵੁਹਾਨ ਵਿਚ ਅਧਿਐਨ ਦੇ ਦੂਜੇ ਪੜਾਅ ਦਾ ਪ੍ਰਸਤਾਵ ਰੱਖਿਆ ਸੀ, ਜਿਸ ਵਿਚ ਵੁਹਾਨ ਸ਼ਹਿਰ ਵਿਚ ਲੈਬਾਰਟਰੀਆਂ ਅਤੇ ਬਾਜ਼ਾਰਾਂ ਦਾ ਆਡਿਟ ਵੀ ਸ਼ਾਮਲ ਹੈ।
ਪੜ੍ਹੋ ਇਹ ਅਹਿਮ ਖਬਰ- ਨਿਊਜ਼ੀਲੈਂਡ ਯਾਤਰੀਆਂ ਨੂੰ 'ਹੋਮ ਆਈਸੋਲੇਸ਼ਨ' ਦੀ ਦੇਵੇਗਾ ਇਜਾਜ਼ਤ, ਆਸਟ੍ਰੇਲੀਆ ਖੋਲ੍ਹੇਗਾ ਕੌਮਾਂਤਰੀ ਸਰਹੱਦ
ਘੇਬਰੇਸਿਸ ਮੁਤਾਬਕ ਮਹਾਮਾਰੀ ਦੇ ਸਰੋਤ ਦੀ ਜਾਂਚ ਕਰਨ ਲਈ ਚੀਨ ਜਾਣ ਵਾਲੀ ਅੰਤਰਰਾਸ਼ਟਰੀ ਟੀਮ ਲਈ ਮਜ਼ਬੂਤ ਸਬੂਤ ਹੋਣ ਤੱਕ ਪਹੁੰਚ ਪ੍ਰਾਪਤ ਕਰਨਾ ਇਕ ਚੁਣੌਤੀ ਸੀ। ਗਲੋਬਲ ਸਿਹਤ ਬੌਡੀ ਦੇ ਵਿਗਿਆਨੀਆਂ ਮੁਤਾਬਕ ਇਹ ਨਿਰਧਾਰਤ ਕਰਨ ਲਈ ਹੌਲੀ-ਹੌਲੀ ਸਮਾਂ ਖ਼ਤਮ ਹੋ ਰਿਹਾ ਹੈ ਕਿ ਮਹਾਮਾਰੀ ਕਿਵੇਂ ਸ਼ੁਰੂ ਹੋਈ। ਉਹਨਾਂ ਨੇ ਕਿਹਾ ਕਿ ਖੂਨ ਦੇ ਨਮੂਨੇ ਸੁੱਟੇ ਜਾ ਰਹੇ ਹਨ ਅਤੇ ਕੋਵਿਡ-19 ਦੇ ਸ਼ੁਰੂਆਤੀ ਪੀੜਤਾਂ ਵਿਚ ਐਂਟੀਬੌਡੀ ਦਾ ਪੱਧਰ ਖ਼ਤਮ ਹੁੰਦਾ ਜਾ ਰਿਹਾ ਹੈ। ਭਾਵੇਂਕਿ ਚੀਨ ਨੇ ਡਬਲਊ.ਐੱਚ.ਓ. 'ਤੇ ਹੰਕਾਰ ਅਤੇ ਆਮ ਸਮਝ ਦੀ ਘਾਟ ਦਾ ਦੋਸ਼ ਲਗਾਉਂਦੇ ਹੋਏ ਜਾਂਚ ਨੂੰ ਖਾਰਿਜ ਕਰ ਦਿੱਤਾ ਹੈ।
ਚੀਨੀ ਵਿਗਿਆਨੀਆਂ ਨੇ ਡਬਲਊ.ਐੱਚ.ਓ. ਨੂੰ ਮੈਰੀਲੈਂਡ ਦੇ ਫੋਰਟ ਡੇਟ੍ਰਿਕ ਵਿਚ ਯੂ.ਐੱਸ. ਆਰਮੀ ਮੈਡੀਕਲ ਰਿਸਰਚ ਇੰਸਚੀਟਿਊਟ ਆਫ ਇੰਫੈਕਸ਼ੀਅਸ ਡਿਜੀਜ਼ (USAMRIID) ਸਮੇਤ ਹੋਰ ਦੇਸ਼ਾਂ ਵਿਚ ਕੋਵਿਡ-19 ਦੀ ਉਤਪੱਤੀ ਦੀ ਜਾਂਚ ਦਾ ਵਿਸਥਾਰ ਕਰਨ ਲਈ ਵੀ ਕਿਹਾ ਹੈ। ਇਸ ਹਫ਼ਤੇ ਦੇ ਅਖੀਰ ਤੱਕ ਚੁਣੀ ਜਾਣ ਵਾਲੀ ਨਵੀਂ ਟੀਮ ਨੂੰ ਚੀਨ ਦੇ ਸਖ਼ਤ ਵਿਰੋਧ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਡਬਲਊ.ਐੱਸ.ਜੇ. ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਡਬਲਊ.ਐੱਚ.ਓ. ਦੀ ਮੂਲ ਟੀਮ ਨੂੰ ਭੰਗ ਕਰ ਦਿੱਤਾ ਗਿਆ ਹੈ। ਚੀਨੀ ਸਰਕਾਰ ਨੇ ਇਹ ਸਪਸ਼ੱਟ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਕੀ ਉਹ ਦੇਸ਼ ਵਿਚ ਇਕ ਨਵੀਂ ਟੀਮ ਨੂੰ ਇਜਾਜ਼ਤ ਦੇਵੇਗੀ ਜਾਂ ਨਹੀਂ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਕਿ ਚੀਨ ਨੇ ਪਿਛਲੀ ਜਾਂਚ ਵਿਚ ਪੂਰਾ ਸਹਿਯੋਗ ਕੀਤਾ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਦੇਸ਼ ਡਬਲਊ.ਐੱਚ.ਓ. ਦੀ ਨਵੀਂ ਟੀਮ ਦੀ ਚੋਣ ਦੀ ਬਰੀਕੀ ਨਾਲ ਨਿਗਰਾਨੀ ਕਰੇਗਾ।