ਵ੍ਹਾਈਟ ਹਾਊਸ ਨੇੜੇ ਫਾਇਰਿੰਗ ਕਰਨ ਵਾਲੇ ਮੁਲਜ਼ਮ ਦੀ ਹੋਈ ਪਛਾਣ ! ਟਰੰਪ ਨੇ ਵਧਾ''ਤੀ ਇਲਾਕੇ ਦੀ ਸੁਰੱਖਿਆ
Thursday, Nov 27, 2025 - 01:02 PM (IST)
ਇੰਟਰਨੈਸ਼ਨਲ ਡੈਸਕ- ਵ੍ਹਾਈਟ ਹਾਊਸ ਨੇੜੇ ਹੋਏ ਫਾਇਰਿੰਗ ਮਗਰੋਂ ਅਮਰੀਕਾ 'ਚ ਸਨਸਨੀ ਫੈਲੀ ਹੋਈ ਹੈ। ਇਸ ਮਾਮਲੇ 'ਚ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਗੋਲੀਬਾਰੀ ਦੀ ਘਟਨਾ ਵਿੱਚ ਨੈਸ਼ਨਲ ਗਾਰਡ ਦੇ ਦੋ ਮੈਂਬਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਹਨ। ਇਹ ਵੀ ਜਾਣਕਾਰੀ ਮਿਲੀ ਹੈ ਕਿ ਸ਼ੱਕੀ ਹਮਲਾਵਰ ਦੀ ਪਛਾਣ ਰਹਿਮਾਨੁੱਲਾ ਲਾਕਨਵਾਲ ਵਜੋਂ ਹੋਈ ਹੈ, ਜੋ ਕਿ ਇੱਕ 29 ਸਾਲਾ ਅਫ਼ਗਾਨ ਨਾਗਰਿਕ ਹੈ। ਲਾਕਨਵਾਲ 2021 ਵਿੱਚ ਬਾਈਡਨ ਪ੍ਰਸ਼ਾਸਨ ਦੇ 'Operation Allies Welcome' ਮੁੜ ਵਸੇਬਾ ਪ੍ਰੋਗਰਾਮ ਦੌਰਾਨ ਅਮਰੀਕਾ ਵਿੱਚ ਦਾਖਲ ਹੋਇਆ ਸੀ।
ਰਾਜਧਾਨੀ ਦੇ ਉੱਚ-ਸੁਰੱਖਿਆ ਵਾਲੇ ਖੇਤਰ ਵਿੱਚ ਹੋਏ ਇਸ ਹਮਲੇ ਦੇ ਹਾਲਾਤਾਂ ਦੀ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਤੇ ਹਮਲੇ ਦਾ ਕਾਰਨ ਵੀ ਹਾਲੇ ਸਾਫ਼ ਨਹੀਂ ਹੋ ਸਕਿਆ ਹੈ, ਜਿਸ ਦੀ ਜਾਂਚ ਜਾਰੀ ਹੈ। ਇਹ ਗੋਲੀਬਾਰੀ ਬੁੱਧਵਾਰ ਦੁਪਹਿਰ ਨੂੰ 17ਵੀਂ ਸਟ੍ਰੀਟ ਅਤੇ ਆਈ ਸਟ੍ਰੀਟ NW ਨੇੜੇ ਹੋਈ, ਜਦੋਂ ਨੈਸ਼ਨਲ ਗਾਰਡ ਕਰਮਚਾਰੀ "high-visibility patrol" ਕਰ ਰਹੇ ਸਨ।
ਅਧਿਕਾਰੀਆਂ ਅਨੁਸਾਰ, ਬੰਦੂਕਧਾਰੀ ਇੱਕ ਕੋਨੇ ਤੋਂ ਬਾਹਰ ਆਇਆ, ਉਸ ਨੇ ਇੱਕ ਹੈਂਡਗਨ ਕੱਢੀ ਅਤੇ ਦੋ ਸੈਨਿਕਾਂ ਨੂੰ ਗੋਲ਼ੀ ਮਾਰ ਦਿੱਤੀ। ਇਸ ਮਗਰੋਂ ਆਸ-ਪਾਸ ਤਾਇਨਾਤ ਹੋਰ ਗਾਰਡ ਮੈਂਬਰਾਂ ਨੇ ਤੁਰੰਤ ਜਵਾਬੀ ਕਾਰਵਾਈ ਕੀਤੀ ਅਤੇ ਫਾਇਰਿੰਗ ਕੀਤੀ। ਇਸ ਗੋਲੀਬਾਰੀ ਦੇ ਜਵਾਬ ਵਿੱਚ ਵ੍ਹਾਈਟ ਹਾਊਸ ਅਤੇ ਆਲੇ-ਦੁਆਲੇ ਦੇ ਸਰਕਾਰੀ ਦਫ਼ਤਰਾਂ ਨੂੰ ਸਾਵਧਾਨੀ ਦੇ ਤੌਰ 'ਤੇ ਬੰਦ ਰੱਖਿਆ ਗਿਆ ਸੀ।
ਮੇਅਰ ਮੂਰੀਅਲ ਬਾਉਜ਼ਰ ਅਤੇ ਐੱਫ.ਬੀ.ਆਈ. ਦੇ ਡਾਇਰੈਕਟਰ ਕਾਸ਼ ਪਟੇਲ ਨੇ ਦੱਸਿਆ ਕਿ ਜ਼ਖਮੀ ਗਾਰਡਮੈਨ ਅਜੇ ਵੀ ਡੀ.ਸੀ. ਦੇ ਹਸਪਤਾਲ ਵਿੱਚ ਨਾਜ਼ੁਕ ਹਾਲਤ ਵਿੱਚ ਹਨ। ਡਾਕਟਰ ਉਨ੍ਹਾਂ ਨੂੰ ਸਥਿਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬਾਅਦ ਵਿੱਚ ਪੁਸ਼ਟੀ ਕੀਤੀ ਕਿ ਮੁਕਾਬਲੇ ਦੌਰਾਨ ਸ਼ੱਕੀ ਵੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਸੀ।
ਐੱਫ.ਬੀ.ਆਈ. ਇਸ ਘਟਨਾ ਦੀ ਸੰਭਾਵੀ ਅੱਤਵਾਦ ਦੀ ਕਾਰਵਾਈ ਵਜੋਂ ਜਾਂਚ ਕਰ ਰਹੀ ਹੈ, ਅਤੇ ਇਸ ਨੂੰ ਫੈਡਰਲ ਅਧਿਕਾਰੀਆਂ 'ਤੇ ਹਮਲਾ ਕਰਾਰ ਦਿੱਤਾ ਗਿਆ ਹੈ। ਇਸ ਦੌਰਾਨ ਵੈਸਟ ਵਰਜੀਨੀਆ ਦੇ ਗਵਰਨਰ ਪੈਟਰਿਕ ਮੌਰੀਸੀ ਨੇ ਸ਼ੁਰੂ ਵਿੱਚ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ ਸੀ ਕਿ ਦੋਵੇਂ ਜ਼ਖ਼ਮੀ ਨੈਸ਼ਨਲ ਗਾਰਡਾਂ ਦੀ ਮੌਤ ਹੋ ਚੁੱਕੀ ਹੈ, ਪਰ ਬਾਅਦ ਵਿੱਚ ਉਨ੍ਹਾਂ ਨੇ ਆਪਣਾ ਬਿਆਨ ਵਾਪਸ ਲੈ ਲਿਆ ਸੀ, ਜਦੋਂ ਉਨ੍ਹਾਂ ਨੂੰ ਪਤਾ ਲੱਗਾ ਸੀ ਕਿ ਦੋਵੇਂ ਗਾਰਡ ਗੰਭੀਰ ਰੂਪ 'ਚ ਜ਼ਖ਼ਮੀ ਹਨ। ਹਮਲੇ ਦੇ ਜਵਾਬ ਵਿੱਚ, ਟਰੰਪ ਪ੍ਰਸ਼ਾਸਨ ਨੇ ਰਾਜਧਾਨੀ ਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਵਾਧੂ 500 ਨੈਸ਼ਨਲ ਗਾਰਡ ਕਰਮਚਾਰੀ ਤਾਇਨਾਤ ਕਰਨ ਦਾ ਆਦੇਸ਼ ਦਿੱਤਾ ਹੈ।
