ਡਾਕਟਰ ਤੋਂ ਆਪਣੇ ਮਰਨ ਦੀ ਘੋਸ਼ਣਾ ਵੀ ਸੁਣਦਾ ਹੈ ਇਨਸਾਨ : ਅਧਿਐਨ

Saturday, Oct 21, 2017 - 03:21 PM (IST)

ਡਾਕਟਰ ਤੋਂ ਆਪਣੇ ਮਰਨ ਦੀ ਘੋਸ਼ਣਾ ਵੀ ਸੁਣਦਾ ਹੈ ਇਨਸਾਨ : ਅਧਿਐਨ

ਵਾਸ਼ਿੰਗਟਨ/ ਲੰਡਨ,(ਬਿਊਰੋ)— ਤੁਹਾਨੂੰ ਜਾਣ ਕੇ ਸ਼ਾਇਦ ਅਜੀਬ ਲੱਗੇਗਾ ਕਿ ਇਨਸਾਨ ਦੀ ਜਦੋਂ ਮੌਤ ਹੁੰਦੀ ਹੈ ਤਾਂ ਉਸ ਨੂੰ ਇਸ ਗੱਲ ਦਾ ਅਹਿਸਾਸ ਹੁੰਦਾ ਹੈ ਕਿ ਉਹ ਮਰ ਚੁੱਕਾ ਹੈ । ਵਿਗਿਆਨੀਆਂ ਦਾ ਦਾਅਵਾ ਹੈ ਕਿ ਜਦੋਂ ਸਰੀਰ ਵਿਚ ਕੋਈ ਹਲਚਲ ਨਹੀਂ ਰਹਿ ਜਾਂਦੀ ਤਦ ਵੀ ਇਨਸਾਨ ਦਾ ਦਿਮਾਗ ਕੰਮ ਕਰਦਾ ਰਹਿੰਦਾ ਹੈ । ਇੰਨਾ ਹੀ ਨਹੀਂ, ਡਾਕਟਰ ਵਲੋਂ ਆਪਣੀ ਮੌਤ ਦੀ ਘੋਸ਼ਣਾ ਨੂੰ ਵੀ ਇਨਸਾਨ ਸੁਣਦਾ ਹੈ । ਅੰਤਿਮ ਸਮੇਂ ਦੇ ਹਾਲਾਤ ਨੂੰ ਲੈ ਕੇ ਪਹਿਲਾਂ ਵੀ ਇਸ ਤਰ੍ਹਾਂ ਦਾ ਅਧਿਐਨ ਹੋ ਚੁੱਕਾ ਹੈ ਅਤੇ ਮੌਤ ਦੇ ਅਨੁਭਵ ਦੀ ਅਸਲੀਅਤ ਦਾ ਮੁੱਦਾ ਹਮੇਸ਼ਾ ਬਹਿਸ ਦਾ ਵਿਸ਼ਾ ਰਿਹਾ ਹੈ ਕਿਉਂਕਿ ਕੋਈ ਵੀ ਇਸ 'ਤੇ ਯਕੀਨੀ ਤੌਰ 'ਤੇ ਕੁੱਝ ਨਹੀਂ ਕਹਿ ਸਕਦਾ।  ਹੁਣ ਨਵੀਂ ਜਾਂਚ 'ਚ ਇਹ ਬੇਹੱਦ ਰੌਚਕ ਜਾਣਕਾਰੀ ਸਾਹਮਣੇ ਆਈ ਹੈ । ਰਿਪੋਰਟ ਮੁਤਾਬਕ ਵਿਗਿਆਨੀਆਂ ਨੇ ਪਤਾ ਲਗਾਇਆ ਹੈ ਕਿ ਸਰੀਰ 'ਚ ਜੀਵਨ ਦੇ ਸੰਕੇਤ ਮਿਲਣੇ ਬੰਦ ਹੋਣ ਦੇ ਬਾਅਦ ਵੀ ਵਿਅਕਤੀ ਦੀ ਚੇਤਨਾ ਸ਼ਕਤੀ ਜਾਗਰੂਕ ਰਹਿੰਦੀ ਹੈ । ਉਸ ਨੂੰ ਆਪਣੀ ਮੌਤ ਦਾ ਪੂਰਾ ਅਹਿਸਾਸ ਹੁੰਦਾ ਰਹਿੰਦਾ ਹੈ । ਵਿਗਿਆਨੀਆਂ ਨੇ ਕਿਹਾ ਹੈ ਕਿ ਇਸ ਗੱਲ ਦੇ ਸਬੂਤ ਮਿਲੇ ਹਨ ਕਿ ਮਰਨ ਵਾਲਾ ਵਿਅਕਤੀ ਡਾਕਟਰਾਂ ਵਲੋਂ ਆਪਣੀ ਮੌਤ ਦੀ ਘੋਸ਼ਣਾ ਕੀਤੇ ਜਾਣ ਦੀ ਪੂਰੀ ਗੱਲ ਵੀ ਸੁਣਦਾ ਹੈ ।  
ਨਿਊਯਾਰਕ ਯੂਨੀਵਰਸਿਟੀ 'ਲੈਂਗੋਨੀ ਸਕੂਲ ਆਫ ਮੈਡੀਸਿਨ' ਦੀ ਟੀਮ ਨੇ ਵੀ ਯੂਰੋਪ ਅਤੇ ਅਮਰੀਕਾ 'ਚ ਦੋ ਅਧਿਐਨਾਂ ਰਾਹੀਂ ਇਸ ਸਵਾਲ ਦਾ ਜਵਾਬ ਲੱਭਣ ਦੀ ਕੋਸ਼ਿਸ਼ ਕੀਤੀ ਹੈ । ਜਿਨ੍ਹਾਂ ਲੋਕਾਂ ਉੱਤੇ ਇਹ ਪ੍ਰਯੋਗ ਕੀਤਾ ਗਿਆ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਸੀ ਅਤੇ ਬਾਅਦ ਵਿਚ ਉਹ ਜ਼ਿੰਦਾ ਬਚ ਗਏ । ਇਹ ਆਪਣੀ ਤਰ੍ਹਾਂ ਦਾ ਸਭ ਤੋਂ ਵੱਡਾ ਅਧਿਐਨ ਹੈ । ਅਧਿਐਨ ਦੇ ਲੇਖਕ ਡਾ. ਸੈਮ ਪਰਨਿਆ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਗੱਲ ਨੂੰ ਮੈਡੀਕਲ ਅਤੇ ਨਰਸਿੰਗ ਸਟਾਫ ਵਲੋਂ ਤਸਦੀਕ ਕਰਵਾਇਆ ਹੈ। 
ਜ਼ਿਕਰਯੋਗ ਹੈ ਕਿ ਮੈਡੀਕਲ ਦੇ ਹਿਸਾਬ ਤੋਂ ਡਾਕਟਰ ਮਰੀਜ਼ ਨੂੰ ਤਦ ਮਰਿਆ ਘੋਸ਼ਿਤ ਕਰਦੇ ਹਨ ਜਦੋਂ ਦਿਲ ਧੜਕਣਾ ਬੰਦ ਕਰ ਦਿੰਦਾ ਹੈ । ਇਸ ਨਾਲ ਦਿਮਾਗ 'ਚ ਖੂਨ ਦੀ ਸਪਲਾਈ ਬੰਦ ਹੋ ਜਾਂਦੀ ਹੈ । ਇਸ ਉੱਤੇ ਡਾ. ਸੈਮ ਕਹਿੰਦੇ ਹਨ ਕਿ ਤਕਨੀਕੀ ਰੂਪ ਤੋਂ ਵਿਅਕਤੀ ਨੂੰ ਮੌਤ ਲਈ ਕਿੰਨਾ ਸਮਾਂ ਲੱਗਦਾ ਹੈ, ਇਹ ਉਨ੍ਹਾਂ ਪਲਾਂ ਉੱਤੇ ਨਿਰਭਰ ਕਰਦਾ ਹੈ ਜਦੋਂ ਦਿਲ ਧੜਕਣਾ ਬੰਦ ਕਰ ਦਿੰਦਾ ਹੈ । ਇਸ ਨਾਲ ਦਿਮਾਗ 'ਚ ਖੂਨ ਦੀ ਸਪਲਾਈ ਰੁਕ ਜਾਂਦੀ ਹੈ । ਇਸ ਤੋਂ ਬਾਅਦ ਸੋਚਣ ਅਤੇ ਸੂਚਨਾ ਨੂੰ ਸਮਝਾਉਣ ਲਈ ਜ਼ਰੂਰੀ ਸੈਂਸ ਸੈੱਲ ਡੈੱਡ ਹੋ ਜਾਂਦੇ ਹਨ । ਇਸ ਦਾ ਮਤਲਬ 2 ਤੋਂ 20 ਸਕਿੰਟਾਂ ਤਕ ਇਲੈਕਟ੍ਰਿਕ ਮੀਟਰ ਉੱਤੇ ਕੋਈ ਵੀ ਬਰੇਨਵੇਵਸ ਡਿਟੈਕਟ ਨਹੀਂ ਹੁੰਦੀ । ਅਜਿਹੇ 'ਚ ਬਰੇਨ ਸੈਲਸ ਮਰਨ ਲੱਗ ਜਾਂਦੇ ਹਨ ਹਾਲਾਂਕਿ ਦਿਲ ਦੇ ਰੁਕਣ ਮਗਰੋਂ ਵੀ ਇਸ ਵਿਚ ਘੰਟਿਆਂ ਦਾ ਸਮਾਂ ਲੱਗ ਸਕਦਾ ਹੈ ।
ਇਸੇ ਤਰ੍ਹਾਂ ਦੀ ਕਹਾਣੀ ਉੱਤੇ 90 ਦੇ ਦਹਾਕੇ ਦੀ ਇੱਕ ਹਾਲੀਵੁੱਡ ਫਿਲਮ ਦੀ ਰੀ-ਮੇਕ ਫਿਲਮ 'ਫਲੈਟੀਨਰਜ਼' ਇਸ ਸਾਲ ਆਈ ਹੈ । ਫਿਲਮ 'ਚ ਡਾਕਟਰਾਂ ਦਾ ਸਮੂਹ ਇੱਕ ਖਤਰਨਾਕ ਪ੍ਰਯੋਗ ਕਰਦਾ ਹੈ,  ਜਿਸ ਵਿਚ ਰਸਾਇਣਕ ਰੂਪ ਨਾਲ ਹਾਰਟ ਨੂੰ ਰੋਕਿਆ ਜਾਂਦਾ ਹੈ ਅਤੇ ਮੌਤ ਮਗਰੋਂ ਕੀ ਹੁੰਦਾ ਹੈ ,ਇਹ ਜਾਨਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ।


Related News