ਟੈਕਸਾਸ ਸਕੂਲ 'ਚ ਗੋਲੀਬਾਰੀ ਨਾਲ ਦਹਿਲਿਆ ਅਮਰੀਕਾ, ਰਾਸ਼ਟਰਪਤੀ ਬਾਈਡੇਨ ਨੇ ਦਿੱਤਾ ਵੱਡਾ ਬਿਆਨ
Wednesday, May 25, 2022 - 10:27 AM (IST)
ਵਾਸ਼ਿੰਗਟਨ (ਏਜੰਸੀ)- ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਟੈਕਸਾਸ ਦੇ ਇਕ ਐਲੀਮੈਂਟਰੀ ਸਕੂਲ ਵਿਚ ਗੋਲੀਬਾਰੀ ਦੀ ਘਟਨਾ ਦੇ ਬਾਅਦ ਕਿਹਾ ਕਿ ਦੇਸ਼ ਵਿਚ ਹਥਿਆਰਾਂ ਦੀ ਵਿਕਰੀ 'ਤੇ ਨਵੀਂਆਂ ਪਾਬੰਦੀਆਂ ਲਗਾਉਣ ਲਈ ਹੁਣ ਕਦਮ ਚੁੱਕਣ ਹੀ ਪਵੇਗਾ। ਬਾਈਡੇਨ ਨੇ ਏਸ਼ੀਆ ਦੀ 5 ਦਿਨਾਂ ਯਾਤਰਾ ਤੋਂ ਪਰਤਣ ਦੇ ਕੁੱਝ ਹੀ ਦੇਰ ਬਾਅਦ ਵ੍ਹਾਈਟ ਹਾਊਸ ਵਿਚ ਕਿਹਾ, 'ਅਸੀਂ ਬੰਦੂਕਾਂ ਦੀ ਵਿਕਰੀ ਦਾ ਸਮਰਥਨ ਕਰਨ ਵਾਲਿਆਂ ਖ਼ਿਲਾਫ਼ ਆਖ਼ਰ ਕਦੋਂ ਖੜ੍ਹੇ ਹੋਵਾਂਗੇ?'
ਇਹ ਵੀ ਪੜ੍ਹੋ: ਦੁਖ਼ਦਾਈ ਖ਼ਬਰ: ਬ੍ਰਿਸਬੇਨ 'ਚ 6 ਸਾਲਾ ਪੰਜਾਬੀ ਬੱਚੇ ਦੀ ਮੌਤ, ਪਰਿਵਾਰ ਨੇ ਹਸਪਤਾਲ 'ਤੇ ਚੁੱਕੇ ਸਵਾਲ
ਜੋਅ ਬਾਈਡੇਨ ਨੇ ਰੂਸਵੇਲਸ ਰੂਮ ਵਿਚ ਪ੍ਰਥਮ ਮਹਿਲਾ ਜਿਲ ਬਾਈਡੇਨ ਦੀ ਮੌਜੂਦਗੀ ਵਿਚ ਕਿਹਾ, 'ਮੈਂ ਥੱਕ ਗਿਆ ਹਾਂ। ਸਾਨੂੰ ਕਦਮ ਚੁੱਕਣਾ ਹੀ ਪਵੇਗਾ।' ਅਮਰੀਕਾ ਦੇ ਟੈਕਸਾਸ ਸੂਬੇ ਦੇ ਇਕ ਐਲੀਮੈਂਟਰੀ ਸਕੂਲ ਵਿਚ 18 ਸਾਲਾ ਇਕ ਬੰਦੂਕਧਾਰੀ ਨੇ ਅੰਨ੍ਹੇਵਾਹ ਗੋਲੀਬਾਰੀ ਕਰਕੇ 18 ਬੱਚਿਆਂ ਸਮੇਤ 21 ਲੋਕਾਂ ਦਾ ਕਤਲ ਕਰ ਦਿੱਤਾ ਅਤੇ ਕਈ ਹੋਰ ਲੋਕਾਂ ਨੂੰ ਜ਼ਖ਼ਮੀ ਕਰ ਦਿੱਤਾ। ਇਸ ਤੋਂ ਬਾਅਦ ਪੁਲਸ ਕਾਰਵਾਈ ਵਿਚ ਹਮਲਾਵਰ ਮਾਰਿਆ ਗਿਆ। ਬਾਈਡੇਨ ਦੇ ਏਸ਼ੀਆ ਰਵਾਨਾ ਹੋਣ ਤੋਂ ਪਹਿਲਾਂ ਨਿਊਯਾਰਕ ਦੇ ਬੁਫੈਲੋ ਵਿਚ ਕਰਿਆਨੇ ਦੀ ਇਕ ਦੁਕਾਨ ਵਿਚ ਗੋਲੀਬਾਰੀ ਦੀ ਘਟਨਾ ਵਿਚ 10 ਗੈਰ ਗੋਰੇ ਲੋਕਾਂ ਦੀ ਮੌਤ ਹੋ ਗਈ ਸੀ।
ਇਹ ਵੀ ਪੜ੍ਹੋ: ਇਸ ਕਾਰਨ ਯੂਰਪ 'ਚ ਫੈਲਿਆ ਮੰਕੀਪੌਕਸ, ਰੇਵ ਪਾਰਟੀ ਨੂੰ ਲੈ ਕੇ ਮਾਹਿਰਾਂ ਨੇ ਪ੍ਰਗਟਾਇਆ ਅਜਿਹਾ ਖ਼ਦਸ਼ਾ
ਇਕ ਦੇ ਬਾਅਦ ਇਕ ਹੋਣ ਵਾਲੀਆਂ ਇਹ ਘਟਨਾਵਾਂ ਅਮਰੀਕਾ ਵਿਚ ਬੰਦੂਕ ਹਿੰਸਾ ਦੀ ਭਿਆਨਕਤਾ ਦੀ ਕਹਾਣੀ ਬਿਆਨ ਕਰਦੀਆਂ ਹਨ। ਬਾਈਡੇਨ ਨੇ ਕਿਹਾ, 'ਇਸ ਤਰ੍ਹਾਂ ਦੀਆਂ ਸਮੂਹਕ ਗੋਲੀਬਾਰੀ ਦੀਆਂ ਘਟਨਾਵਾਂ ਦੁਨੀਆ ਵਿਚ ਹੋਰ ਕਿਤੇ ਕਦੇ-ਕਦੇ ਹੀ ਵਾਪਰਦੀਆਂ ਹਨ। ਕਿਉਂ? ਉਨ੍ਹਾਂ ਨੇ ਟੈਕਸਾਸ ਵਿਚ ਪੀੜਤਾਂ ਦੇ ਸਨਮਾਨ ਵਿਚ ਸ਼ਨੀਵਾਰ ਨੂੰ ਸੂਰਜ ਡੁੱਬਣ ਤੱਕ ਅਮਰੀਕੀ ਝੰਡਾ ਅੱਧਾ ਝੁਕਾਈ ਰੱਖਣ ਦਾ ਹੁਕਮ ਦਿੱਤਾ। ਇਸ ਤੋਂ ਪਹਿਲਾਂ ਅਮਰੀਕਾ ਦੀ ਉਪ-ਰਾਸ਼ਟਰਪਤੀ ਕਮਲਾ ਹੈਰਿਸ ਨੇ ਕਿਹਾ ਕਿ ਅਜਿਹੇ ਸਮੇਂ ਵਿਚ ਅਕਸਰ ਲੋਕ ਕਹਿੰਦੇ ਹਨ, 'ਸਾਨੂੰ ਬਹੁਤ ਦੁੱਖ ਹੋਇਆ, ਪਰ ਸਾਡਾ ਦੁੱਖ ਉਨ੍ਹਾਂ ਪਰਿਵਾਰਾਂ ਦੀ ਤੁਲਨਾ ਵਿਚ ਕੁੱਝ ਨਹੀਂ ਹੈ, ਜਿਨ੍ਹਾਂ ਨੇ ਆਪਣਿਆਂ ਨੂੰ ਗੁਆਇਆ ਹੈ।' ਉਨ੍ਹਾਂ ਕਿਹਾ, 'ਸਾਨੂੰ ਕਦਮ ਚੁੱਕਣ ਦੀ ਹਿੰਮਤ ਦਿਖਾਉਣੀ ਹੋਵੇਗੀ... ਤਾਂ ਕਿ ਇਹ ਯਕੀਨੀ ਕੀਤਾ ਜਾ ਸਕੇ ਕਿ ਇਸ ਤਰ੍ਹਾਂ ਦੀ ਘਟਨਾ ਫਿਰ ਤੋਂ ਨਾ ਵਾਪਰੇ।'
ਨੋਟ: ਅਮਰੀਕਾ ਵਿਚ ਲਗਾਤਾਰ ਵਾਪਰ ਰਹੀਆਂ ਗੋਲੀਬਾਰੀ ਦੀਆਂ ਘਟਨਾਵਾਂ ਸਬੰਧੀ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।