ਓਂਟਾਰੀਓ ''ਚ ਵੱਧ ਰਹੇ ਕੋਰੋਨਾ ਦੇ ਮਾਮਲੇ ਚਿੰਤਾਜਨਕ : ਮੁੱਖ ਮੰਤਰੀ ਡੱਗ ਫੋਰਡ
Saturday, Jan 09, 2021 - 12:44 PM (IST)
ਟੋਰਾਂਟੋ- ਓਂਟਾਰੀਓ ਦੇ ਮੁੱਖ ਮੰਤਰੀ ਡੱਗ ਫੋਰਡ ਨੇ ਕਿਹਾ ਕਿ ਸੂਬੇ ਵਿਚ ਕੋਰੋਨਾ ਵਾਇਰਸ ਕਾਰਨ ਹਾਲਾਤ ਵਿਗੜ ਗਏ ਹਨ ਕਿਉਂਕਿ ਸੂਬੇ ਵਿਚ 24 ਘੰਟਿਆਂ ਦੌਰਾਨ 4,200 ਤੋਂ ਵੱਧ ਮਾਮਲੇ ਦਰਜ ਹੋਏ ਹਨ। ਸੂਬੇ ਵਿਚ ਕੋਰੋਨਾ ਦੇ ਰਿਕਾਰਡ ਤੋੜ ਮਾਮਲੇ ਦਰਜ ਹੋਏ ਹਨ।
ਸ਼ੁੱਕਰਵਾਰ ਨੂੰ ਕੁਈਨਜ਼ ਪਾਰਕ ਵਿਚ ਪ੍ਰੈੱਸ ਬ੍ਰੀਫਿੰਗ ਦੌਰਾਨ ਫੋਰਡ ਨੇ ਕਿਹਾ ਕਿ ਸੂਬੇ ਦੇ ਹਾਲਾਤ ਲਗਾਤਾਰ ਵਿਗੜ ਰਹੇ ਹਨ। ਇਹ ਬਹੁਤ ਚਿੰਤਾ ਦਾ ਮਾਮਲਾ ਹੈ। ਤਾਲਾਬੰਦੀ ਅਤੇ ਸਖ਼ਤ ਪਾਬੰਦੀਆਂ ਦੇ ਬਾਵਜੂਦ ਸੂਬਾ ਅਜਿਹੀ ਬੁਰੀ ਸਥਿਤੀ ਵਿਚੋਂ ਲੰਘ ਰਿਹਾ ਹੈ। ਓਂਟਾਰੀਓ ਵਿਚ 24 ਘੰਟਿਆਂ ਦੌਰਾਨ ਕੋਰੋਨਾ ਦੇ 4,249 ਦੇ ਨਵੇਂ ਮਾਮਲੇ ਦਰਜ ਹੋਏ ਹਨ।
ਲਾਂਗ ਟਰਮ ਕੇਅਰ ਹੋਮ ਦੇ 231 ਵਸਨੀਕ ਇਸ ਸਮੇਂ ਕੋਰੋਨਾ ਵਾਇਰਸ ਦੀ ਲਪੇਟ ਵਿਚ ਹਨ। ਸੂਬੇ ਵਿਚ ਸਭ ਤੋਂ ਵੱਧ ਮੌਤਾਂ ਲਾਂਗ ਟਰਮ ਕੇਅਰ ਹੋਮ ਵਿਚ ਹੀ ਹੋਈਆਂ ਹਨ। ਇਸੇ ਲਈ ਕੇਅਰ ਹੋਮਜ਼ ਨੂੰ ਜਲਦੀ ਹੀ ਕੋਰੋਨਾ ਵੈਕਸੀਨ ਮਿਲਣਗੇ ਅਤੇ 21 ਜਨਵਰੀ ਤੱਕ ਇੱਥੋਂ ਦੇ ਵਸਨੀਕਾਂ ਤੇ ਸਟਾਫ਼ ਨੂੰ ਕੋਰੋਨਾ ਵੈਕਸੀਨ ਲਾਏ ਜਾਣਗੇ। ਦੱਸ ਦਈਏ ਕਿ ਕੋਰੋਨਾ ਦੇ ਵੱਧ ਮਾਮਲਿਆਂ ਕਾਰਨ ਸੂਬੇ ਦੇ ਐਲੀਮੈਂਟਰੀ ਸਕੂਲ 25 ਜਨਵਰੀ ਤੋਂ ਬਾਅਦ ਖੁੱਲ੍ਹਣਗੇ। ਵਿਦਿਆਰਥੀਆਂ ਤੇ ਸਟਾਫ਼ ਦੀ ਸੁਰੱਖਿਆ ਲਈ ਸਫ਼ਾਈ ਦੇ ਪ੍ਰਬੰਧ ਹੋਰ ਚੰਗੀ ਤਰੀਕੇ ਨਾਲ ਕਰਵਾਏ ਜਾਣਗੇ।