ਬਦਲ ਗਿਆ ਜੰਗ ਦਾ ਰੂਪ ! ਅਰਬਾਂ ਦੇ ਹਥਿਆਰਾਂ ''ਤੇ ਭਾਰੀ ਪੈ ਰਹੇ ''ਸਸਤੇ'' ਡਰੋਨ

Monday, Jul 06, 2026 - 02:29 PM (IST)

ਬਦਲ ਗਿਆ ਜੰਗ ਦਾ ਰੂਪ ! ਅਰਬਾਂ ਦੇ ਹਥਿਆਰਾਂ ''ਤੇ ਭਾਰੀ ਪੈ ਰਹੇ ''ਸਸਤੇ'' ਡਰੋਨ

ਇੰਟਰਨੈਸ਼ਨਲ ਡੈਸਕ- ਜੰਗ ਦੇ ਮੈਦਾਨ 'ਚ ਹੁਣ ਅਰਬਾਂ ਡਾਲਰਾਂ ਦੇ ਲੜਾਕੂ ਜਹਾਜ਼ ਅਤੇ ਜੰਗੀ ਬੇੜੇ ਹੀ ਜਿੱਤ ਦੀ ਗਾਰੰਟੀ ਨਹੀਂ ਰਹੇ। ਯੂਕ੍ਰੇਨ ਨੇ ਘੱਟ ਲਾਗਤ ਵਾਲੇ ਡਰੋਨਾਂ ਦੇ ਸਹਾਰੇ ਰੂਸ ਵਰਗੀ ਵੱਡੀ ਫੌਜੀ ਸ਼ਕਤੀ ਨੂੰ ਲਗਾਤਾਰ ਚੁਣੌਤੀ ਦੇ ਕੇ ਸਾਬਿਤ ਕਰ ਦਿੱਤਾ ਹੈ ਕਿ ਆਧੁਨਿਕ ਜੰਗ ਦੇ ਸਮੀਕਰਨ ਬਦਲ ਚੁੱਕੇ ਹਨ। ਇਹੀ ਕਾਰਨ ਹੈ ਕਿ ਅਮਰੀਕਾ ਸਮੇਤ ਦੁਨੀਆ ਦੀਆਂ ਵੱਡੀਆਂ ਫੌਜਾਂ ਹੁਣ ਆਪਣੀ ਰੱਖਿਆ ਰਣਨੀਤੀ ’ਤੇ ਨਵੇਂ ਸਿਰੇ ਤੋਂ ਵਿਚਾਰ ਕਰਨ ਲਈ ਮਜਬੂਰ ਹਨ। ਦੂਜੇ ਪਾਸੇ, ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਆਧੁਨਿਕ ਜੰਗ ਦਾ ਸਭ ਤੋਂ ਵੱਡਾ ਪਰਿਵਰਤਨਕਾਰੀ ਕਾਰਕ ਬਣ ਕੇ ਉੱਭਰਿਆ ਹੈ। ਅਮਰੀਕਾ, ਚੀਨ ਅਤੇ ਰੂਸ ਤੇਜ਼ੀ ਨਾਲ ਫੌਜੀ ਉਦੇਸ਼ਾਂ ਲਈ ਏ.ਆਈ. ਆਧਾਰਿਤ ਤਕਨੀਕ ਵਿਕਸਿਤ ਕਰ ਰਹੇ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਜੋ ਦੇਸ਼ ਇਸ ਦੌੜ ’ਚ ਪਿੱਛੇ ਰਹਿ ਜਾਵੇਗਾ, ਉਸ ਦੀ ਫੌਜੀ ਸਮਰੱਥਾ ਵੀ ਕਮਜ਼ੋਰ ਪੈ ਸਕਦੀ ਹੈ।

ਯੂਕ੍ਰੇਨ ਦੀ ਡਰੋਨ ਸਮਰੱਥਾ ਹੈਰਾਨ ਕਰਨ ਵਾਲੀ
ਅਮਰੀਕੀ ਫੌਜ ਫਿਲਹਾਲ ਹਰ ਸਾਲ ਲੱਗਭਗ 50 ਹਜ਼ਾਰ ਡਰੋਨ ਖਰੀਦਦੀ ਹੈ ਅਤੇ 2027 ਤੱਕ ਇਸ ਗਿਣਤੀ ਨੂੰ ਕਰੀਬ 3.4 ਲੱਖ ਤੱਕ ਲੈ ਕੇ ਜਾਣ ਦੀ ਯੋਜਨਾ ਹੈ। ਇਸ ਦੇ ਉਲਟ, ਜੰਗ ਦੀ ਮਾਰ ਝੱਲ ਰਿਹਾ ਯੂਕ੍ਰੇਨ ਇਕ ਸਾਲ ਵਿਚ ਲੱਗਭਗ 40 ਲੱਖ ਡਰੋਨ ਤਿਆਰ ਕਰ ਕੇ ਉਨ੍ਹਾਂ ਨੂੰ ਜੰਗ ਵਿਚ ਇਸਤੇਮਾਲ ਕਰ ਰਿਹਾ ਹੈ। ਇਹ ਅੰਤਰ ਦੱਸਦਾ ਹੈ ਕਿ ਭਵਿੱਖ ਦੀਆਂ ਲੜਾਈਆਂ ਵਿਚ ਉਤਪਾਦਨ ਸਮਰੱਥਾ ਅਤੇ ਘੱਟ ਲਾਗਤ ਵਾਲੇ ਹਥਿਆਰ ਫੈਸਲਾਕੁੰਨ ਭੂਮਿਕਾ ਨਿਭਾਅ ਸਕਦੇ ਹਨ।

ਮਹਿੰਗੇ ਫੌਜੀ ਪਲੇਟਫਾਰਮ ਵੀ ਨਹੀਂ ਰਹੇ ਸੁਰੱਖਿਅਤ
ਹਾਲੀਆ ਜੰਗਾਂ ਨੇ ਇਹ ਵੀ ਦਿਖਾਇਆ ਹੈ ਕਿ ਅਤਿ-ਆਧੁਨਿਕ ਅਤੇ ਮਹਿੰਗੇ ਫੌਜੀ ਸਰੋਤ ਹੁਣ ਪਹਿਲਾਂ ਜਿੰਨੇ ਸੁਰੱਖਿਅਤ ਨਹੀਂ ਰਹੇ। ਈਰਾਨੀ ਮਿਜ਼ਾਈਲ ਹਮਲੇ ਵਿਚ ਖਾੜੀ ਖੇਤਰ ਦੇ ਇਕ ਏਅਰਬੇਸ ’ਤੇ ਲੱਗਭਗ 30 ਕਰੋੜ ਡਾਲਰ ਦੀ ਕੀਮਤ ਦਾ ਈ-3 ਸੈਂਟਰੀ ਏਅਰਬੋਰਨ ਅਰਲੀ ਵਾਰਨਿੰਗ ਜਹਾਜ਼ ਤਬਾਹ ਹੋ ਗਿਆ। ਇਹ ਅਮਰੀਕੀ ਬੇੜੇ ਦੇ ਸੀਮਤ ਜਹਾਜ਼ਾਂ ’ਚੋਂ ਇਕ ਸੀ। ਇਸ ਤੋਂ ਸਪੱਸ਼ਟ ਸੰਕੇਤ ਮਿਲਦਾ ਹੈ ਕਿ ਮਹਿੰਗੇ ਪਲੇਟਫਾਰਮ ਵੀ ਹੁਣ ਸਸਤੇ ਹਥਿਆਰਾਂ ਦੀ ਮਾਰ ਹੇਠ ਹਨ।

ਸਮੁੰਦਰ ’ਚ ਡਰੋਨ ਕਿਸ਼ਤੀਆਂ ਦਾ ਵਧਦਾ ਪ੍ਰਭਾਵ
ਯੂਕ੍ਰੇਨ ਨੇ ਬਲੈਕ ਸੀ ਵਿਚ ਘੱਟ ਲਾਗਤ ਵਾਲੀਆਂ ਆਤਮਘਾਤੀ ਡਰੋਨ ਕਿਸ਼ਤੀਆਂ ਦਾ ਪ੍ਰਭਾਵਸ਼ਾਲੀ ਇਸਤੇਮਾਲ ਕੀਤਾ ਹੈ। ਕਰੀਬ ਤਿੰਨ ਲੱਖ ਡਾਲਰ ਦੀ ਕੀਮਤ ਵਾਲੀਆਂ ਇਨ੍ਹਾਂ ਕਿਸ਼ਤੀਆਂ ਨੇ ਕਰੋੜਾਂ ਡਾਲਰਾਂ ਦੇ ਰੂਸੀ ਜੰਗੀ ਬੇੜਿਆਂ ਨੂੰ ਨਿਸ਼ਾਨਾ ਬਣਾਇਆ। ਕਈ ਜੰਗੀ ਬੇੜੇ ਡੁੱਬ ਗਏ ਅਤੇ ਕਈ ਗੰਭੀਰ ਰੂਪ ਵਿਚ ਨੁਕਸਾਨੇ ਗਏ। ਇਸ ਨਾਲ ਸਮੁੰਦਰੀ ਜੰਗ ਦੀਆਂ ਰਿਵਾਇਤੀ ਧਾਰਨਾਵਾਂ ’ਤੇ ਵੀ ਸਵਾਲ ਉੱਠਣ ਲੱਗੇ ਹਨ।

ਇਹ ਵੀ ਪੜ੍ਹੋ- ਇਕ ਹਾਰ ਤੇ ਸਭ ਖ਼ਤਮ ! ਦੁਨੀਆ ਦੇ ਸਭ ਤੋਂ ਦਿੱਗਜ ਫੁੱਟਬਾਲਰਾਂ 'ਚੋਂ ਇਕ ਨੇ ਕਰ'ਤਾ ਸੰਨਿਆਸ ਦਾ ਐਲਾਨ

ਡਰੋਨ ਬਣ ਰਹੇ ਜੰਗ ਦਾ ਸਭ ਤੋਂ ਘਾਤਕ ਹਥਿਆਰ
ਮਾਹਿਰਾਂ ਦਾ ਮੰਨਣਾ ਹੈ ਕਿ ਯੂਕ੍ਰੇਨ-ਰੂਸ ਜੰਗ ਵਿਚ ਰੂਸ ਨੂੰ ਹੋਣ ਵਾਲੇ ਜ਼ਿਆਦਾਤਰ ਫੌਜੀ ਨੁਕਸਾਨ ਦੇ ਪਿੱਛੇ ਡਰੋਨ ਸਭ ਤੋਂ ਵੱਡਾ ਕਾਰਨ ਹਨ। ਅਨੁਮਾਨ ਹੈ ਕਿ ਹਰ ਮਹੀਨੇ ਹਜ਼ਾਰਾਂ ਰੂਸੀ ਫੌਜੀ ਡਰੋਨ ਹਮਲਿਆਂ ਦਾ ਸ਼ਿਕਾਰ ਹੋ ਰਹੇ ਹਨ। ਹਾਲਾਂਕਿ ਇਸ ਦਾ ਮਤਲਬ ਇਹ ਨਹੀਂ ਕਿ ਲੜਾਕੂ ਜਹਾਜ਼ ਅਤੇ ਮਿਜ਼ਾਈਲਾਂ ਦੀ ਭੂਮਿਕਾ ਘਟ ਗਈ ਹੈ ਪਰ ਜੰਗ ਵਿਚ ਡਰੋਨਾਂ ਦੀ ਵਰਤੋਂ ਲਗਾਤਾਰ ਵਧਦੀ ਜਾ ਰਹੀ ਹੈ।

ਮਹਿੰਗੀਆਂ ਮਿਜ਼ਾਈਲਾਂ ਨਾਲ ਸਸਤੇ ਡਰੋਨ ਰੋਕਣਾ ਵੱਡੀ ਚੁਣੌਤੀ
ਆਧੁਨਿਕ ਜੰਗ ਦਾ ਸਭ ਤੋਂ ਵੱਡਾ ਆਰਥਿਕ ਸੰਕਟ ਇਹ ਹੈ ਕਿ ਬੇਹੱਦ ਸਸਤੇ ਡਰੋਨਾਂ ਨੂੰ ਰੋਕਣ ਲਈ ਅਤਿ-ਮਹਿੰਗੀਆਂ ਇੰਟਰਸੈਪਟਰ ਮਿਜ਼ਾਈਲਾਂ ਦੀ ਵਰਤੋਂ ਕਰਨੀ ਪੈਂਦੀ ਹੈ। ਉਦਾਹਰਨ ਦੇ ਤੌਰ ’ਤੇ ਇਕ ਪੈਟ੍ਰੀਅਟ ਮਿਜ਼ਾਈਲ ਦੀ ਲਾਗਤ ਲੱਗਭਗ 40 ਲੱਖ ਡਾਲਰ ਦੱਸੀ ਜਾਂਦੀ ਹੈ, ਜਦਕਿ ਈਰਾਨ ਦੇ ਸ਼ਾਹੇਦ ਡਰੋਨ ਦੀ ਕੀਮਤ ਕੁਝ ਹਜ਼ਾਰ ਡਾਲਰ ਤੋਂ ਲੈ ਕੇ ਲੱਗਭਗ 35 ਹਜ਼ਾਰ ਡਾਲਰ ਤੱਕ ਹੁੰਦੀ ਹੈ। ਅਜਿਹੇ ਵਿਚ ਲੰਬੀ ਜੰਗ ਦੌਰਾਨ ਵਸੀਲਿਆਂ ’ਤੇ ਭਾਰੀ ਦਬਾਅ ਪੈਣਾ ਸੁਭਾਵਿਕ ਹੈ।

ਤਾਈਵਾਨ ਵਰਗੇ ਸੰਭਾਵੀ ਮੋਰਚਿਆਂ ’ਤੇ ਵਧੀ ਚਿੰਤਾ
ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਪੱਛਮੀ ਏਸ਼ੀਆ ਵਿਚ ਵੱਡੇ ਪੱਧਰ ’ਤੇ ਹਥਿਆਰਾਂ ਦੇ ਇਸਤੇਮਾਲ ਨਾਲ ਅਮਰੀਕਾ ਦੇ ਮਿਜ਼ਾਈਲ ਭੰਡਾਰ ’ਤੇ ਅਸਰ ਪਿਆ ਹੈ। ਜੇ ਭਵਿੱਖ ਵਿਚ ਚੀਨ ਤਾਈਵਾਨ ਖਿਲਾਫ਼ ਕੋਈ ਵੱਡੀ ਫੌਜੀ ਮੁਹਿੰਮ ਸ਼ੁਰੂ ਕਰਦਾ ਹੈ, ਤਾਂ ਅਮਰੀਕਾ ਨੂੰ ਆਪਣੇ ਰੱਖਿਆ ਸਰੋਤਾਂ ਦੇ ਪ੍ਰਬੰਧਨ ਵਿਚ ਔਖੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਤਕਨੀਕ ਦੀ ਨਕਲ ਨਾਲ ਵਧੀ ਮੁਕਾਬਲੇਬਾਜ਼ੀ
ਅਮਰੀਕੀ ਏ.ਆਈ. ਕੰਪਨੀਆਂ ਦੀਆਂ ਤਕਨੀਕਾਂ ਦਾ ਅਧਿਐਨ ਕਰ ਕੇ ਚੀਨੀ ਕੰਪਨੀਆਂ ਘੱਟ ਲਾਗਤ ਵਿਚ ਆਪਣੇ ਮਾਡਲ ਵਿਕਸਿਤ ਕਰ ਰਹੀਆਂ ਹਨ। ਇਸ ਨਾਲ ਤਕਨੀਕੀ ਮੁਕਾਬਲੇਬਾਜ਼ੀ ਹੋਰ ਤੇਜ਼ ਹੋ ਗਈ ਹੈ। ਅੰਤਰਰਾਸ਼ਟਰੀ ਪੱਧਰ ’ਤੇ ਏ.ਆਈ. ਦੇ ਫੌਜੀ ਇਸਤੇਮਾਲ ਨੂੰ ਕੰਟਰੋਲ ਕਰਨ ਦੇ ਯਤਨ ਹੁਣ ਤੱਕ ਪ੍ਰਭਾਵਸ਼ਾਲੀ ਸਾਬਿਤ ਨਹੀਂ ਹੋਏ ਹਨ।

ਇਹ ਵੀ ਪੜ੍ਹੋ- ਭੱਖ਼ਦੀ ਗਰਮੀ 'ਚ ਰਜਾਈਆਂ-ਕੰਬਲ ਲੈ ਕੇ ਫ਼ਿਰਦੈ ਇਹ ਬੰਦਾ ! ਹੱਡ ਚੀਰਵੀਂ ਠੰਡ 'ਚ ਖਾਂਦੈ ਬਰਫ਼

ਏ.ਆਈ. ਦੇ ਫੌਜੀ ਇਸਤੇਮਾਲ ’ਤੇ ਨੈਤਿਕ ਬਹਿਸ
ਅਮਰੀਕਾ ਵਿਚ ਕਈ ਤਕਨੀਕੀ ਮਾਹਿਰ ਫੌਜੀ ਉਦੇਸ਼ਾਂ ਲਈ ਏ.ਆਈ. ਦੀ ਵਰਤੋਂ ਨੂੰ ਲੈ ਕੇ ਚਿੰਤਾ ਪ੍ਰਗਟਾ ਰਹੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਜੇ ਫੈਸਲਾ ਲੈਣ ਦੀ ਪ੍ਰਕਿਰਿਆ ਵਿਚ ਏ.ਆਈ. ਨੂੰ ਬਹੁਤ ਜ਼ਿਆਦਾ ਅਧਿਕਾਰ ਦਿੱਤੇ ਗਏ, ਤਾਂ ਨਾਗਰਿਕਾਂ ਲਈ ਗੰਭੀਰ ਖਤਰੇ ਪੈਦਾ ਹੋ ਸਕਦੇ ਹਨ। ਦੂਜੇ ਪਾਸੇ, ਰੱਖਿਆ ਮਾਹਿਰਾਂ ਦਾ ਤਰਕ ਹੈ ਕਿ ਜੇ ਲੋਕਤੰਤਰਿਕ ਦੇਸ਼ ਪਿੱਛੇ ਹਟੇ, ਤਾਂ ਵਿਰੋਧੀ ਦੇਸ਼ ਤਕਨੀਕੀ ਲੀਡ ਹਾਸਲ ਕਰ ਲੈਣਗੇ।

ਯੂਰਪ ਸਾਹਮਣੇ ਔਖੇ ਰੱਖਿਆ ਬਦਲ
ਅਮਰੀਕਾ, ਚੀਨ ਅਤੇ ਰੂਸ ਵਰਗੇ ਦੇਸ਼ਾਂ ਦੇ ਉਲਟ ਜ਼ਿਆਦਾਤਰ ਯੂਰਪੀ ਦੇਸ਼ਾਂ ਦੇ ਸਰੋਤ ਸੀਮਤ ਹਨ। ਅਜਿਹੇ ਵਿਚ ਉਨ੍ਹਾਂ ਨੂੰ ਤੈਅ ਕਰਨਾ ਹੋਵੇਗਾ ਕਿ ਉਹ ਰਵਾਇਤੀ ਜੰਗੀ ਬੇੜਿਆਂ ਅਤੇ ਲੜਾਕੂ ਜਹਾਜ਼ਾਂ ’ਤੇ ਖ਼ਰਚ ਵਧਾਉਣ ਜਾਂ ਡਰੋਨ, ਸਾਈਬਰ ਸੁਰੱਖਿਆ ਅਤੇ ਏ.ਆਈ. ਵਰਗੀਆਂ ਨਵੀਆਂ ਤਕਨੀਕਾਂ ਵਿਚ ਨਿਵੇਸ਼ ਕਰਨ। ਬ੍ਰਿਟੇਨ ਸਮੇਤ ਕਈ ਦੇਸ਼ਾਂ ਵਿਚ ਇਸ ਵਿਸ਼ੇ ’ਤੇ ਗੰਭੀਰ ਬਹਿਸ ਚੱਲ ਰਹੀ ਹੈ।

ਸਮੁੰਦਰੀ ਢਾਂਚੇ ਅਤੇ ਸਾਈਬਰ ਸੁਰੱਖਿਆ ’ਤੇ ਵਧਿਆ ਖ਼ਤਰਾ
ਮਾਹਿਰਾਂ ਦਾ ਮੰਨਣਾ ਹੈ ਕਿ ਭਵਿੱਖ ਵਿਚ ਪਾਈਪਲਾਈਨ, ਸਮੁੰਦਰੀ ਸੰਚਾਰ ਕੇਬਲ ਅਤੇ ਊਰਜਾ ਢਾਂਚੇ ਸਭ ਤੋਂ ਸੰਵੇਦਨਸ਼ੀਲ ਨਿਸ਼ਾਨੇ ਬਣ ਸਕਦੇ ਹਨ। ਰੂਸ ਅਤੇ ਹੋਰ ਦੇਸ਼ਾਂ ਦੀਆਂ ਗਤੀਵਿਧੀਆਂ ਨੇ ਇਹ ਸੰਕੇਤ ਦਿੱਤਾ ਹੈ ਕਿ ਘੱਟ ਲਾਗਤ ਵਾਲੇ ਹਮਲਿਆਂ ਨਾਲ ਵੀ ਮਹੱਤਵਪੂਰਨ ਬੁਨਿਆਦੀ ਢਾਂਚੇ ਨੂੰ ਭਾਰੀ ਨੁਕਸਾਨ ਪਹੁੰਚਾਇਆ ਜਾ ਸਕਦਾ ਹੈ। ਸਾਈਬਰ ਹਮਲਿਆਂ ਅਤੇ ਸਮੁੰਦਰੀ ਘਟਨਾਵਾਂ ਵੀ ਆਉਣ ਵਾਲੇ ਸਮੇਂ ਵਿਚ ਵੱਧ ਸਕਦੀਆਂ ਹਨ।

ਪ੍ਰਮਾਣੂ ਹਥਿਆਰ ਅਤੇ ਏ.ਆਈ. ਦਾ ਮੇਲ ਸਭ ਤੋਂ ਵੱਡਾ ਖ਼ਤਰਾ
ਰੱਖਿਆ ਮਾਹਿਰਾਂ ਦਾ ਮੰਨਣਾ ਹੈ ਕਿ ਜੇ ਭਵਿੱਖ ਵਿਚ ਪ੍ਰਮਾਣੂ ਹਥਿਆਰਾਂ ਦੀ ਕਮਾਨ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਜੁੜ ਗਈ, ਤਾਂ ਆਲਮੀ ਸੁਰੱਖਿਆ ਲਈ ਇਕ ਬੇਮਿਸਾਲ ਖ਼ਤਰਾ ਪੈਦਾ ਹੋ ਸਕਦਾ ਹੈ। ਪਿਛਲੇ ਅੱਠ ਦਹਾਕਿਆਂ ਵਿਚ ਦੁਨੀਆ ਪ੍ਰਮਾਣੂ ਜੰਗ ਦੇ ਬਾਵਜੂਦ ਵੱਡੀ ਆਲਮੀ ਤਬਾਹੀ ਤੋਂ ਬਚੀ ਰਹੀ ਹੈ, ਪਰ ਏ.ਆਈ. ਅਤੇ ਪ੍ਰਮਾਣੂ ਤਕਨੀਕ ਦਾ ਇਹ ਸੁਮੇਲ ਮਨੁੱਖੀ ਸੱਭਿਅਤਾ ਲਈ ਨਵੀਂ ਅਤੇ ਗੰਭੀਰ ਚੁਣੌਤੀ ਬਣ ਸਕਦਾ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News