USA : ਵਾਲਮਾਰਟ ''ਚ ਗੋਲੀਬਾਰੀ ਕਰਨ ਵਾਲੇ ਸ਼ਖਸ ਨੂੰ ਲੈ ਕੇ ਖੁਲਾਸਾ
Monday, Jun 29, 2020 - 10:44 AM (IST)

ਰੈੱਡ ਬਲਫ : ਉੱਤਰੀ ਕੈਰੋਲੀਨਾ ਵਿਚ ਵਾਲਮਾਰਟ ਡਿਸਟ੍ਰੀਬਿਊਸ਼ਨ ਸੈਂਟਰ ਵਿਚ ਗੋਲੀਬਾਰੀ ਕਰਨ ਵਾਲਾ ਹਮਲਾਵਰ ਇਸੇ ਕੰਪਨੀ ਵਿਚ ਕੰਮ ਕਰਦਾ ਸੀ ਅਤੇ ਉਸ ਨੂੰ ਪਿਛਲੇ ਸਾਲ ਕੰਪਨੀ ਨੇ ਨੌਕਰੀ ਤੋਂ ਕੱਢ ਦਿੱਤਾ ਸੀ। ਗੋਲੀਬਾਰੀ ਦੀ ਘਟਨਾ ਵਿਚ ਇਕ ਵਿਅਕਤੀ ਦੀ ਜਾਨ ਚਲੀ ਗਈ ਸੀ ਅਤੇ ਚਾਰ ਹੋਰ ਜ਼ਖਮੀ ਹੋਏ ਸਨ।
ਤੇਹਾਮਾ ਕਾਊਂਟੀ ਦੇ ਸਹਾਇਕ ਸ਼ੈਰਿਫ ਫਿਲ ਜੌਨਸਟਨ ਨੇ ਦੱਸਿਆ ਕਿ 31 ਸਾਲਾ ਲੂਇਸ ਵੈਸਲੀ ਲੇਨ ਨੂੰ ਫਰਵਰੀ 2019 ਵਿਚ ਨੌਕਰੀ 'ਤੇ ਨਾ ਆਉਣ ਦੀ ਵਜ੍ਹਾ ਨਾਲ ਡਿਸਟ੍ਰੀਬਿਊਸ਼ਨ ਸੈਂਟਰ ਤੋਂ ਕੱਢ ਦਿੱਤਾ ਗਿਆ ਸੀ।
ਗੋਲੀਬਾਰੀ ਦੀ ਘਟਨਾ ਸ਼ਨੀਵਾਰ ਦੁਪਹਿਰ ਦੀ ਹੈ, ਜਦੋਂ ਇਮਾਰਤ ਦੀ ਲਾਬੀ ਵਿਚ ਗੱਡੀ ਵਾੜਨ ਤੋਂ ਪਹਿਲਾਂ ਹਮਲਾਵਰ ਨੇ ਪਾਰਕਿੰਗ ਲਾਟ ਦੇ ਚਾਰ ਚੱਕਰ ਲਗਾਏ ਸਨ। ਲੇਨ ਨੇ ਇਮਾਰਤ ਵਿਚ ਦਾਖਲ ਹੁੰਦਿਆਂ ਹੀ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ। ਜਵਾਬੀ ਕਾਰਵਾਈ ਵਿਚ ਪੁਲਸ ਨੇ ਸ਼ੱਕੀ ਨੂੰ ਢੇਰ ਕਰ ਦਿੱਤਾ ਸੀ।
ਜੌਨਸਟਨ ਨੇ ਦੱਸਿਆ ਕਿ ਗੋਲੀਬਾਰੀ ਵਿਚ ਉੱਥੇ ਕੰਮ ਕਰਨ ਵਾਲੇ ਮਾਰਟਿਨ ਹਾਰੋ-ਲੋਜਾਨਾ ਦੀ ਮੌਤ ਹੋ ਗਈ। ਹਮਲਾਵਰ ਨਾਲ ਉਸ ਦਾ ਕੀ ਸੰਬੰਧ ਸੀ ਇਹ ਅਜੇ ਪਤਾ ਨਹੀਂ ਲੱਗ ਸਕਿਆ ਹੈ। ਉਨ੍ਹਾਂ ਦੱਸਿਆ ਕਿ ਗੋਲੀਬਾਰੀ ਵਿਚ ਜ਼ਖਮੀ ਹੋਏ ਲੋਕਾਂ ਨੂੰ ਸੇਂਟ ਐਲਿਜਾਬੇਥ ਕਮਿਊਨਿਟੀ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ ਅਤੇ ਸਾਰੇ ਖਤਰੇ ਵਿਚੋਂ ਬਾਹਰ ਹਨ। ਹਮਲਾਵਰ ਦੀ ਕਾਰ ਨਾਲ ਜ਼ਖਮੀ ਹੋਏ ਵਿਅਕਤੀ ਦਾ ਵੀ ਇਲਾਜ ਜਾਰੀ ਹੈ। ਜੌਨਸਟਨ ਨੇ ਕਿਹਾ ਕਿ ਹਮਲੇ ਦੇ ਕਾਰਨ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।