ਕੁਈਨਜ਼ਲੈਂਡ ’ਚ ਐਂਬੂਲੈਂਸ ਦੀ ਉਡੀਕ ਦੌਰਾਨ ਚਾਰ ਮਰੀਜ਼ਾਂ ਦੀ ਮੌਤ

Wednesday, Nov 18, 2026 - 10:21 AM (IST)

ਕੁਈਨਜ਼ਲੈਂਡ ’ਚ ਐਂਬੂਲੈਂਸ ਦੀ ਉਡੀਕ ਦੌਰਾਨ ਚਾਰ ਮਰੀਜ਼ਾਂ ਦੀ ਮੌਤ

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ)- ਕੁਈਨਜ਼ਲੈਂਡ ਵਿੱਚ ਐਂਬੂਲੈਂਸ ਸੇਵਾਵਾਂ ਦੀ ਮਾੜੀ ਕਾਰਗੁਜ਼ਾਰੀ ਅਤੇ ਮਰੀਜ਼ਾਂ ਨੂੰ ਸਮੇਂ ਸਿਰ ਡਾਕਟਰੀ ਸਹਾਇਤਾ ਨਾ ਮਿਲਣ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਪਿਛਲੇ ਦੋ ਹਫ਼ਤਿਆਂ ਦੌਰਾਨ ਐਂਬੂਲੈਂਸ ਦੀ ਉਡੀਕ ਕਰਦਿਆਂ ਚਾਰ ਮਰੀਜ਼ਾਂ ਦੀ ਮੌਤ ਹੋ ਗਈ। ਇਨ੍ਹਾਂ ਮਾਮਲਿਆਂ ਨੇ ਸੂਬੇ ਦੀ ਸਿਹਤ ਪ੍ਰਣਾਲੀ ਅਤੇ ਐਮਰਜੈਂਸੀ ਸੇਵਾਵਾਂ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।

ਇਨ੍ਹਾਂ ਵਿੱਚ ਥੌਰਨਲੈਂਡਜ਼ ਦੇ 70 ਸਾਲਾ ਵਿਅਕਤੀ ਦੀ ਮੌਤ ਦਾ ਮਾਮਲਾ ਖ਼ਾਸ ਤੌਰ ’ਤੇ ਚਰਚਾ ਵਿੱਚ ਹੈ, ਜਿਸ ਨੇ ਰਾਇਲ ਆਸਟ੍ਰੇਲੀਅਨ ਨੇਵੀ ਵਿੱਚ 20 ਸਾਲ ਸੇਵਾ ਨਿਭਾਈ ਸੀ। ਉਸ ਦੀ ਪਤਨੀ ਵੱਲੋਂ ਸ਼ੁੱਕਰਵਾਰ ਦੁਪਹਿਰ ਐਮਰਜੈਂਸੀ ਨੰਬਰ 000 ’ਤੇ ਫ਼ੋਨ ਕਰਕੇ ਮਦਦ ਮੰਗੀ ਗਈ ਸੀ, ਪਰ ਐਂਬੂਲੈਂਸ ਪਹੁੰਚਣ ਵਿੱਚ 18 ਘੰਟਿਆਂ ਤੋਂ ਵੱਧ ਸਮਾਂ ਲੱਗ ਗਿਆ। ਪਰਿਵਾਰ ਅਨੁਸਾਰ, ਪਤਨੀ ਨੇ ਰਾਤ ਭਰ ਕਈ ਵਾਰ ਐਮਰਜੈਂਸੀ ਸੇਵਾਵਾਂ ਨਾਲ ਸੰਪਰਕ ਕੀਤਾ, ਪਰ ਕੋਈ ਮਦਦ ਨਹੀਂ ਪਹੁੰਚੀ। ਸ਼ਨੀਵਾਰ ਸਵੇਰੇ ਜਦੋਂ ਉਸ ਨੇ ਪਤੀ ਦੇ ਸਾਹ ਨਾ ਲੈਣ ਦੀ ਸੂਚਨਾ ਦਿੱਤੀ ਤਾਂ ਐਂਬੂਲੈਂਸ ਸਿਰਫ਼ ਛੇ ਮਿੰਟਾਂ ਵਿੱਚ ਪਹੁੰਚ ਗਈ, ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਪਰਿਵਾਰ ਵੱਲੋਂ ਮਾਮਲੇ ਦੀ ਜਾਂਚ ਅਤੇ ਜਵਾਬਦੇਹੀ ਤੈਅ ਕਰਨ ਦੀ ਮੰਗ ਕੀਤੀ ਜਾ ਰਹੀ ਹੈ।

ਪੜ੍ਹੋ ਇਹ ਅਹਿਮ ਖ਼ਬਰ-  ਇਜ਼ਰਾਈਲ ਦੀ ਸੰਸਦ ਨੇ ਨੇਤਨਯਾਹੂ ਦੇ ਵਿਰੋਧੀਆਂ ਦੇ ਸਮਰਥਨ ਨਾਲ ਚੁਣਿਆ ਨਵਾਂ ਸਪੀਕਰ 

ਇਸ ਤੋਂ ਇਲਾਵਾ ਲੋਗਨ ਇਲਾਕੇ ਵਿੱਚ 50 ਸਾਲਾ ਵਿਅਕਤੀ ਦੀ ਐਂਬੂਲੈਂਸ ਲਈ ਸਾਢੇ ਪੰਜ ਘੰਟੇ ਉਡੀਕ ਕਰਨ ਮਗਰੋਂ ਮੌਤ ਹੋ ਗਈ। ਬ੍ਰਿਸਬੇਨ ਦੇ ਦੱਖਣੀ ਇਲਾਕੇ ਵਿੱਚ 80 ਸਾਲਾ ਵਿਅਕਤੀ ਨੇ ਵੀ ਕਰੀਬ ਚਾਰ ਘੰਟੇ ਐਂਬੂਲੈਂਸ ਦੀ ਉਡੀਕ ਕਰਦਿਆਂ ਦਮ ਤੋੜ ਦਿੱਤਾ। ਇਸੇ ਮਹੀਨੇ ਟਾਊਨਜ਼ਵਿਲ ਵਿੱਚ ਵੀ 80 ਸਾਲਾ ਵਿਅਕਤੀ ਦੀ ਐਂਬੂਲੈਂਸ ਦੀ ਉਡੀਕ ਦੌਰਾਨ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ। ਕੁਈਨਜ਼ਲੈਂਡ ਦੇ ਸਿਹਤ ਮੰਤਰੀ ਟਿਮ ਨਿਕੋਲਸ ਨੇ ਇਨ੍ਹਾਂ ਮੌਤਾਂ ਨੂੰ ਟਾਲਣਯੋਗ ਕਰਾਰ ਦਿੰਦਿਆਂ ਕਿਹਾ ਕਿ ਸਾਰੇ ਮਾਮਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਅਜਿਹੀ ਮੌਤ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ ਅਤੇ ਸਿਹਤ ਵਿਭਾਗ ਵੱਲੋਂ ਮਾਮਲਿਆਂ ਦੀ ਗੰਭੀਰਤਾ ਨਾਲ ਸਮੀਖਿਆ ਕੀਤੀ ਜਾਵੇਗੀ।

ਆਸਟ੍ਰੇਲੀਅਨ ਮੈਡੀਕਲ ਐਸੋਸੀਏਸ਼ਨ ਦੀ ਕੁਈਨਜ਼ਲੈਂਡ ਪ੍ਰਧਾਨ ਐਸੋਸੀਏਟ ਪ੍ਰੋਫੈਸਰ ਏਰਿਕਾ ਗੈਨਨ ਅਨੁਸਾਰ, ਹਸਪਤਾਲਾਂ ਦੇ ਐਮਰਜੈਂਸੀ ਵਿਭਾਗਾਂ ਵਿੱਚ ਬੈੱਡਾਂ ਦੀ ਘਾਟ ਅਤੇ ਮਰੀਜ਼ਾਂ ਦੀ ਵਧਦੀ ਗਿਣਤੀ ਕਾਰਨ ਐਂਬੂਲੈਂਸ ਸੇਵਾਵਾਂ ’ਤੇ ਭਾਰੀ ਦਬਾਅ ਪੈ ਰਿਹਾ ਹੈ। ਹਸਪਤਾਲਾਂ ਵਿੱਚ ਮਰੀਜ਼ਾਂ ਨੂੰ ਦਾਖ਼ਲ ਕਰਵਾਉਣ ਵਿੱਚ ਦੇਰੀ ਹੋਣ ਕਾਰਨ ਐਂਬੂਲੈਂਸਾਂ ਲੰਮਾ ਸਮਾਂ ਉੱਥੇ ਹੀ ਰੁਕੀਆਂ ਰਹਿੰਦੀਆਂ ਹਨ, ਜਿਸ ਨਾਲ ਨਵੇਂ ਐਮਰਜੈਂਸੀ ਮਾਮਲਿਆਂ ਲਈ ਉਨ੍ਹਾਂ ਦੀ ਉਪਲਬਧਤਾ ਪ੍ਰਭਾਵਿਤ ਹੁੰਦੀ ਹੈ। ਕੁਈਨਜ਼ਲੈਂਡ ਐਂਬੂਲੈਂਸ ਸੇਵਾ ਨੇ ਵੀ ਮੰਨਿਆ ਹੈ ਕਿ ਮਰੀਜ਼ਾਂ ਨੂੰ ਸਮੇਂ ਸਿਰ ਸਹਾਇਤਾ ਨਾ ਮਿਲਣਾ ਚਿੰਤਾਜਨਕ ਹੈ। ਵਿਭਾਗ ਵੱਲੋਂ ਹਸਪਤਾਲਾਂ ਨਾਲ ਤਾਲਮੇਲ ਕਰਕੇ ਮਰੀਜ਼ਾਂ ਨੂੰ ਜਲਦੀ ਐਮਰਜੈਂਸੀ ਵਿਭਾਗਾਂ ਵਿੱਚ ਦਾਖ਼ਲ ਕਰਵਾਉਣ ਅਤੇ ਐਂਬੂਲੈਂਸਾਂ ਨੂੰ ਮੁੜ ਸੇਵਾ ਲਈ ਉਪਲਬਧ ਕਰਵਾਉਣ ਦੇ ਯਤਨ ਕੀਤੇ ਜਾ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


 


author

Vandana

Content Editor

Related News