ਧਰਤੀ ਤੋਂ 25.9 ਅਰਬ ਕਿਲੋਮੀਟਰ ਦੂਰ ਪਹੁੰਚ NASA ਦੇ ''ਵੋਏਜਰ-1'' ਨੇ ਰਚਿਆ ਇਤਿਹਾਸ

Wednesday, Nov 18, 2026 - 08:31 PM (IST)

ਧਰਤੀ ਤੋਂ 25.9 ਅਰਬ ਕਿਲੋਮੀਟਰ ਦੂਰ ਪਹੁੰਚ NASA ਦੇ ''ਵੋਏਜਰ-1'' ਨੇ ਰਚਿਆ ਇਤਿਹਾਸ

ਵਾਸ਼ਿੰਗਟਨ : ਅਮਰੀਕੀ ਪੁਲਾੜ ਏਜੰਸੀ ਨਾਸਾ (NASA) ਦੇ ਪੁਲਾੜ ਯਾਨ 'ਵੋਏਜਰ-1' ਨੇ ਧਰਤੀ ਤੋਂ '1 ਲਾਈਟ ਡੇ' (ਇੱਕ ਪ੍ਰਕਾਸ਼ ਦਿਨ) ਯਾਨੀ ਕਰੀਬ 25.9 ਅਰਬ ਕਿਲੋਮੀਟਰ ਦੀ ਦੂਰੀ ਤੈਅ ਕਰਕੇ ਵਿਗਿਆਨ ਦੀ ਦੁਨੀਆ ਵਿੱਚ ਨਵਾਂ ਇਤਿਹਾਸ ਰਚ ਦਿੱਤਾ ਹੈ। ਲਗਭਗ 5 ਦਹਾਕੇ ਪਹਿਲਾਂ ਲਾਂਚ ਕੀਤਾ ਗਿਆ ਇਹ ਪੁਲਾੜ ਯਾਨ ਪੁਲਾੜ ਵਿੱਚ ਇੰਨੀ ਜ਼ਿਆਦਾ ਦੂਰੀ ਤੈਅ ਕਰਨ ਵਾਲਾ ਦੁਨੀਆ ਦਾ ਪਹਿਲਾ ਮਨੁੱਖ ਨਿਰਮਿਤ ਯਾਨ ਬਣ ਗਿਆ ਹੈ। 18 ਨਵੰਬਰ 2026 ਨੂੰ ਭਾਰਤੀ ਸਮੇਂ ਅਨੁਸਾਰ ਸ਼ਾਮ 3:46 ਵਜੇ 'ਵੋਏਜਰ-1' ਨੇ ਇਹ ਇਤਿਹਾਸਕ ਮੀਲ ਪੱਥਰ ਹਾਸਲ ਕੀਤਾ।

ਨਾਸਾ ਨੇ 'ਵੋਏਜਰ-1' ਨੂੰ 5 ਸਤੰਬਰ 1977 ਨੂੰ 'ਟਾਈਟਨ IIIE-ਸੈਂਟੌਰ' ਰਾਕੇਟ ਰਾਹੀਂ ਸਿਰਫ਼ 5 ਸਾਲਾਂ ਦੇ ਮਿਸ਼ਨ ਲਈ ਲਾਂਚ ਕੀਤਾ ਸੀ, ਪਰ ਇਹ 49 ਸਾਲਾਂ ਬਾਅਦ ਵੀ ਲਗਾਤਾਰ ਕੰਮ ਕਰ ਰਿਹਾ ਹੈ। ਆਪਣੇ ਇਸ ਲੰਬੇ ਸਫ਼ਰ ਦੌਰਾਨ ਇਹ ਯਾਨ 5 ਮਾਰਚ 1979 ਨੂੰ ਬ੍ਰਹਿਸਪਤੀ ਅਤੇ 12 ਨਵੰਬਰ 1980 ਨੂੰ ਸ਼ਨੀ ਗ੍ਰਹਿ ਦੇ ਪੰਧ ਵਿੱਚ ਦਾਖ਼ਲ ਹੋਇਆ ਸੀ। 25 ਅਗਸਤ 2012 ਨੂੰ ਇਸ ਨੇ 18.2 ਅਰਬ ਕਿਲੋਮੀਟਰ ਦੀ ਦੂਰੀ ਤੈਅ ਕਰਕੇ ਸੂਰਜ ਦੇ ਪ੍ਰਭਾਵ ਖੇਤਰ ਨੂੰ ਪਾਰ ਕੀਤਾ ਸੀ ਅਤੇ ਹੁਣ ਇਹ ਤਾਰਿਆਂ ਵਿਚਕਾਰਲੇ ਪੁਲਾੜ ਵਿੱਚ ਸਫ਼ਰ ਕਰ ਰਿਹਾ ਹੈ।

'ਵੋਏਜਰ-1' ਨੇ ਬ੍ਰਹਿਸਪਤੀ ਅਤੇ ਸ਼ਨੀ ਗ੍ਰਹਿਆਂ ਸਮੇਤ ਉਨ੍ਹਾਂ ਦੇ ਚੰਦਰਮਾਵਾਂ ਦੀਆਂ ਅਹਿਮ ਤਸਵੀਰਾਂ ਅਤੇ ਅੰਕੜੇ ਧਰਤੀ 'ਤੇ ਭੇਜੇ ਹਨ। ਇਸੇ ਯਾਨ ਦੀ ਮਦਦ ਨਾਲ ਨਾਸਾ ਨੂੰ ਸ਼ਨੀ ਗ੍ਰਹਿ ਦੇ ਚੰਦਰਮਾ 'ਟਾਈਟਨ' ਦੇ ਵਾਯੂਮੰਡਲ ਵਿੱਚ 90 ਫ਼ੀਸਦੀ ਨਾਈਟ੍ਰੋਜਨ ਗੈਸ ਹੋਣ ਦਾ ਪਤਾ ਲੱਗਾ ਸੀ। ਕਰੀਬ 721.9 ਕਿਲੋਗ੍ਰਾਮ ਵਜ਼ਨ ਵਾਲੇ ਇਸ ਯਾਨ ਵਿੱਚ ਲੱਗੇ ਵਿਸ਼ੇਸ਼ ਪਰਮਾਣੂ ਜਨਰੇਟਰਾਂ (RTGs) ਰਾਹੀਂ ਇਸ ਨੂੰ ਲਗਾਤਾਰ ਬਿਜਲੀ ਮਿਲ ਰਹੀ ਹੈ, ਜਿਸ ਸਦਕਾ ਇਹ ਅਜੇ ਵੀ ਪੁਲਾੜ ਤੋਂ ਕੀਮਤੀ ਡਾਟਾ ਭੇਜ ਰਿਹਾ ਹੈ।


author

Inder Prajapati

Content Editor

Related News