Nvidia ''ਤੇ ਮੰਡਰਾਇਆ ਖ਼ਤਰਾ: ਹੈਕਰਾਂ ਨੇ ਦਿੱਤੀ 10 ਦਿਨਾਂ ਦੀ ਮੋਹਲਤ, ਡਾਟਾ ਲੀਕ ਕਰਨ ਦੀ ਧਮਕੀ
Thursday, Nov 19, 2026 - 01:10 AM (IST)
ਨਵੀਂ ਦਿੱਲੀ : ਦੁਨੀਆ ਦੀ ਪ੍ਰਮੁੱਖ ਚਿੱਪ ਨਿਰਮਾਤਾ ਅਤੇ ਤਕਨੀਕੀ ਕੰਪਨੀ ਐਨਵੀਡੀਆ (Nvidia) ਰੈਨਸਮਵੇਅਰ ਗਰੁੱਪ 'ਦਿ ਜੈਂਟਲਮੈਨ' ਦੇ ਨਿਸ਼ਾਨੇ 'ਤੇ ਆ ਗਈ ਹੈ। ਇਸ ਸਾਈਬਰ ਅਪਰਾਧੀ ਗਿਰੋਹ ਨੇ ਕੰਪਨੀ ਦਾ ਗੁਪਤ ਡਾਟਾ ਚੋਰੀ ਕਰਨ ਦਾ ਦਾਅਵਾ ਕਰਦਿਆਂ ਇਸ ਨੂੰ 10 ਦਿਨਾਂ ਤੋਂ ਵੀ ਘੱਟ ਸਮੇਂ ਵਿੱਚ ਲੀਕ ਕਰਨ ਦੀ ਧਮਕੀ ਦਿੱਤੀ ਹੈ। ਹੈਕਰਾਂ ਨੇ ਐਨਵੀਡੀਆ ਦਾ ਨਾਮ ਆਪਣੇ ਡਾਰਕ ਵੈੱਬ ਲੀਕ ਪੋਰਟਲ 'ਤੇ ਸੂਚੀਬੱਧ ਕਰਦਿਆਂ ਇੱਕ ਉਲਟੀ ਗਿਣਤੀ ਵੀ ਸ਼ੁਰੂ ਕਰ ਦਿੱਤੀ ਹੈ।
ਹੈਕਰਾਂ ਦੀ ਵੈੱਬਸਾਈਟ 'ਤੇ ਦਿਖਾਈ ਦੇ ਰਹੀ ਉਲਟੀ ਗਿਣਤੀ ਵਿੱਚ ਕਰੀਬ 200 ਤੋਂ ਵੱਧ ਘੰਟੇ ਬਾਕੀ ਦੱਸੇ ਗਏ ਹਨ। ਮਾਹਿਰਾਂ ਅਨੁਸਾਰ, ਇਹ ਸੂਚੀ ਐਨਵੀਡੀਆ 'ਤੇ ਡਾਟਾ ਜਾਰੀ ਹੋਣ ਤੋਂ ਪਹਿਲਾਂ ਫਿਰੌਤੀ ਦੀ ਗੱਲਬਾਤ ਕਰਨ ਲਈ ਦਬਾਅ ਪਾਉਣ ਦੀ ਇੱਕ ਕੋਸ਼ਿਸ਼ ਜਾਪਦੀ ਹੈ।
ਹਾਲਾਂਕਿ, ਹੈਕਰਾਂ ਨੇ ਅਜੇ ਤੱਕ ਇਹ ਸਪੱਸ਼ਟ ਨਹੀਂ ਕੀਤਾ ਕਿ ਡਾਟਾ ਕਦੋਂ ਚੋਰੀ ਹੋਇਆ, ਕੰਪਨੀ ਦੇ ਕਿਸ ਵਿਭਾਗ ਨੂੰ ਨਿਸ਼ਾਨਾ ਬਣਾਇਆ ਗਿਆ ਜਾਂ ਉਨ੍ਹਾਂ ਕੋਲ ਕਿਸ ਤਰ੍ਹਾਂ ਦੀ ਜਾਣਕਾਰੀ ਮੌਜੂਦ ਹੈ। ਗਿਰੋਹ ਨੇ ਆਪਣੇ ਦਾਅਵੇ ਨੂੰ ਸਾਬਤ ਕਰਨ ਲਈ ਕੋਈ ਸੈਂਪਲ ਫਾਈਲ ਵੀ ਜਾਰੀ ਨਹੀਂ ਕੀਤੀ ਹੈ। ਦੂਜੇ ਪਾਸੇ, ਐਨਵੀਡੀਆ ਵੱਲੋਂ ਅਜੇ ਤੱਕ ਕਿਸੇ ਵੀ ਤਰ੍ਹਾਂ ਦੇ ਸਾਈਬਰ ਹਮਲੇ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ।
ਸਾਈਬਰ ਸੁਰੱਖਿਆ ਮਾਹਿਰਾਂ ਨੇ ਇਨ੍ਹਾਂ ਦਾਅਵਿਆਂ ਪ੍ਰਤੀ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ। ਰਿਪੋਰਟਾਂ ਮੁਤਾਬਕ, 'ਦਿ ਜੈਂਟਲਮੈਨ' ਗਰੁੱਪ ਪਹਿਲਾਂ ਵੀ ਗੁੰਮਰਾਹਕੁੰਨ ਦਾਅਵਿਆਂ ਅਤੇ ਪੁਰਾਣੇ ਡਾਟਾ ਲੀਕ ਦੀ ਜਾਣਕਾਰੀ ਵਰਤਣ ਲਈ ਜਾਣਿਆ ਜਾਂਦਾ ਹੈ। ਖੋਜਕਰਤਾਵਾਂ ਦਾ ਕਹਿਣਾ ਹੈ ਕਿ ਸੈਂਪਲ ਡਾਟਾ ਦੀ ਗੈਰ-ਮੌਜੂਦਗੀ ਕਾਰਨ ਇਸ ਧਮਕੀ ਦੀ ਭਰੋਸੇਯੋਗਤਾ ਦਾ ਅੰਦਾਜ਼ਾ ਲਗਾਉਣਾ ਮੁਸ਼ਕਲ ਹੈ।
ਇਹ ਗਿਰੋਹ ਜੁਲਾਈ 2025 ਦੇ ਆਸ-ਪਾਸ ਸਾਹਮਣੇ ਆਇਆ ਸੀ ਅਤੇ 'ਰੈਨਸਮਵੇਅਰ-ਐਜ਼-ਏ-ਸਰਵਿਸ' ਮਾਡਲ ਤਹਿਤ ਕੰਮ ਕਰਦਾ ਹੈ। ਰਿਪੋਰਟਾਂ ਅਨੁਸਾਰ ਇਹ ਗਰੁੱਪ ਹੁਣ ਤੱਕ 95 ਦੇਸ਼ਾਂ ਵਿੱਚ 1,100 ਤੋਂ ਵੱਧ ਸੰਸਥਾਵਾਂ ਨੂੰ ਨਿਸ਼ਾਨਾ ਬਣਾ ਚੁੱਕਾ ਹੈ, ਜਿਨ੍ਹਾਂ ਵਿੱਚ ਮਨੀਗ੍ਰਾਮ, ਗਲਾਸਡੋਰ ਅਤੇ ਐੱਲ.ਏ. ਮੈਟਰੋ ਵਰਗੇ ਵੱਡੇ ਨਾਮ ਸ਼ਾਮਲ ਹਨ।
