ਪਾਦਰੀ ਨੇ ਰਚੀ ਹੈਤੀ ਦੇ ਰਾਸ਼ਟਰਪਤੀ ਦੇ ਕਤਲ ਦੀ ਸਾਜ਼ਿਸ਼ ! ਦੋਸ਼ ਤੈਅ, ਹੋ ਸਕਦੀ ਹੈ ਉਮਰਕੈਦ

Thursday, Nov 19, 2026 - 10:33 AM (IST)

ਪਾਦਰੀ ਨੇ ਰਚੀ ਹੈਤੀ ਦੇ ਰਾਸ਼ਟਰਪਤੀ ਦੇ ਕਤਲ ਦੀ ਸਾਜ਼ਿਸ਼ ! ਦੋਸ਼ ਤੈਅ, ਹੋ ਸਕਦੀ ਹੈ ਉਮਰਕੈਦ

ਇੰਟਰਨੈਸ਼ਨਲ ਡੈਸਕ- ਹੈਤੀ ਤੇ ਅਮਰੀਕਾ ਦੀ ਦੋਹਰੀ ਨਾਗਰਿਕਤਾ ਰੱਖਣ ਵਾਲੇ ਫਲੋਰੀਡਾ ਦੇ ਇੱਕ ਪਾਦਰੀ ਕ੍ਰਿਸ਼ਚੀਅਨ ਇਮੈਨੁਅਲ ਸੈਨਨ ਨੂੰ 2021 'ਚ ਹੈਤੀ ਦੇ ਰਾਸ਼ਟਰਪਤੀ ਜੋਵੇਨੇਲ ਮੋਇਸ ਦੇ ਕਤਲ ਨਾਲ ਸਬੰਧਤ ਅਮਰੀਕੀ ਦੋਸ਼ਾਂ ਤਹਿਤ ਬੁੱਧਵਾਰ ਨੂੰ ਦੋਸ਼ੀ ਠਹਿਰਾ ਦਿੱਤਾ ਗਿਆ ਹੈ। ਮਿਆਮੀ ਦੀ ਇੱਕ ਫੈਡਰਲ ਅਦਾਲਤ 'ਚ ਲਗਭਗ 8 ਹਫ਼ਤੇ ਤੱਕ ਚੱਲੀ ਸੁਣਵਾਈ ਤੋਂ ਬਾਅਦ ਉਸ ਨੂੰ ਅਮਰੀਕਾ ਤੋਂ ਬਾਹਰ ਕਿਸੇ ਵਿਅਕਤੀ ਨੂੰ ਅਗਵਾ ਕਰਨ ਜਾਂ ਮਾਰਨ ਦੀ ਸਾਜ਼ਿਸ਼ ਰਚਣ ਸਣੇ 8 ਦੋਸ਼ਾਂ 'ਚ ਦੋਸ਼ੀ ਪਾਇਆ ਗਿਆ, ਜਿਸ ਤਹਿਤ ਉਸ ਨੂੰ ਉਮਰ ਕੈਦ ਤੱਕ ਦੀ ਸਜ਼ਾ ਹੋ ਸਕਦੀ ਹੈ।

ਫੈਡਰਲ ਵਕੀਲਾਂ ਅਨੁਸਾਰ, ਦੱਖਣੀ ਫਲੋਰੀਡਾ ਮੋਇਸ ਨੂੰ ਸੱਤਾ ਤੋਂ ਲਾਂਭੇ ਕਰਨ ਅਤੇ ਆਪਣੀ ਪਸੰਦ ਦਾ ਰਾਸ਼ਟਰਪਤੀ ਬਿਠਾਉਣ ਦੀ ਸਾਜ਼ਿਸ਼ ਰਚਣ ਤੇ ਫੰਡ ਜੁਟਾਉਣ ਦਾ ਕੇਂਦਰ ਸੀ। ਸ਼ੁਰੂਆਤ 'ਚ ਸਾਜ਼ਿਸ਼ਘਾੜਿਆਂ ਨੇ ਸੈਨਨ ਨੂੰ ਹੀ ਰਾਸ਼ਟਰਪਤੀ ਬਣਾਉਣ ਦੀ ਯੋਜਨਾ ਬਣਾਈ ਸੀ। ਅਪ੍ਰੈਲ 2021 'ਚ ਸੈਨਨ ਨੇ ਦੱਖਣੀ ਫਲੋਰੀਡਾ 'ਚ ਇੱਕ ਸਾਬਕਾ ਹੈਤੀ ਦੇ ਸੈਨੇਟਰ ਅਤੇ ਅਮਰੀਕੀ ਕਾਰੋਬਾਰੀਆਂ ਨਾਲ ਮੀਟਿੰਗ ਕਰ ਕੇ ਸਮਝੌਤਾ ਕੀਤਾ ਸੀ ਕਿ ਸੱਤਾ 'ਚ ਆਉਣ 'ਤੇ ਉਹ ਫਲੋਰੀਡਾ ਦੀਆਂ 2 ਸੁਰੱਖਿਆ ਕੰਪਨੀਆਂ ਨੂੰ ਬੁਨਿਆਦੀ ਢਾਂਚੇ ਅਤੇ ਫ਼ੌਜੀ ਸਾਜ਼ੋ-ਸਾਮਾਨ ਦੇ ਕਾਂਟਰੈਕਟ ਦਿਵਾਏਗਾ। ਸੈਨਨ ਨੇ ਸਾਜ਼ਿਸ਼ ਲਈ ਪੈਸਾ ਇਕੱਠਾ ਕਰਨ ਅਤੇ ਹੈਤੀ 'ਚ ਯਾਤਰਾ ਤੇ ਠਹਿਰਨ ਦੇ ਪ੍ਰਬੰਧ ਕਰਨ 'ਚ ਵੀ ਮਦਦ ਕੀਤੀ ਸੀ।

ਇਹ ਵੀ ਪੜ੍ਹੋ- ਆਮ ਵਰਕਰਾਂ ਤੋਂ ਵੀ ਘੱਟ ਕਮਾ ਰਹੇ ਜ਼ਿਆਦਾ ਟੈਲੇਂਟਿਡ ਲੋਕ ! ਨੀਤੀਆਂ 'ਚ ਬਦਲਾਅ ਦੀ ਤਿਆਰੀ 'ਚ ਕਈ ਦੇਸ਼

ਅਦਾਲਤ ਦੇ ਰਿਕਾਰਡਾਂ ਅਨੁਸਾਰ, 7 ਜੁਲਾਈ, 2021 ਦੀ ਰਾਤ ਨੂੰ ਜ਼ਿਆਦਾਤਰ ਰਿਟਾਇਰਡ ਕੋਲੰਬੀਆਈ ਸੈਨਿਕਾਂ ਦੀ ਇੱਕ ਟੁਕੜੀ ਨੇ ਮੋਇਸ ਦੇ ਘਰ 'ਤੇ ਹਮਲਾ ਕਰ ਕੇ ਉਨ੍ਹਾਂ ਦਾ ਕਤਲ ਕਰ ਦਿੱਤਾ ਸੀ ਤੇ ਉਨ੍ਹਾਂ ਦੀ ਪਤਨੀ ਨੂੰ ਜ਼ਖ਼ਮੀ ਕਰ ਦਿੱਤਾ ਸੀ। ਲਗਭਗ 2 ਦਰਜਨ ਵਿਦੇਸ਼ੀ ਕਿਰਾਏ ਦੇ ਸੈਨਿਕਾਂ ਨੂੰ ਭੁਗਤਾਨ ਕਰਨ ਲਈ ਕੋਵਿਡ ਮਹਾਂਮਾਰੀ ਦੌਰਾਨ ਕਾਰੋਬਾਰਾਂ ਦੀ ਮਦਦ ਵਾਸਤੇ ਬਣਾਏ ਗਏ ਅਮਰੀਕੀ ਸਰਕਾਰੀ ਪ੍ਰੋਗਰਾਮਾਂ ਤੋਂ ਹਾਸਲ ਕੀਤੇ ਫੰਡਾਂ ਦੀ ਵਰਤੋਂ ਕੀਤੀ ਗਈ ਸੀ।

ਸੈਨਨ ਨੇ ਗਵਾਹੀ ਦੌਰਾਨ ਮੰਨਿਆ ਕਿ ਉਹ ਮੋਇਸ ਨੂੰ ਬਦਲਣ ਦੀ ਕੋਸ਼ਿਸ਼ ਕਰਨ ਵਾਲੇ ਲੋਕਾਂ ਦੇ ਸੰਪਰਕ ਵਿੱਚ ਸੀ, ਪਰ ਉਸ ਨੇ ਦਾਅਵਾ ਕੀਤਾ ਕਿ ਉਸ ਨੂੰ ਮੋਇਸ ਦੇ ਕਤਲ ਦੀ ਯੋਜਨਾ ਬਾਰੇ ਕੋਈ ਜਾਣਕਾਰੀ ਨਹੀਂ ਸੀ ਅਤੇ ਜੂਨ 2021 'ਚ ਹੀ ਸਾਜ਼ਿਸ਼ਘਾੜਿਆਂ ਨੇ ਉਸ ਦੀ ਥਾਂ ਹੈਤੀ ਦੀ ਸੁਪਰੀਮ ਕੋਰਟ ਦੀ ਸਾਬਕਾ ਜੱਜ ਵੈਂਡੇਲ ਕੋਕ ਥੇਲੋਟ ਦਾ ਸਮਰਥਨ ਕਰਨਾ ਸ਼ੁਰੂ ਕਰ ਦਿੱਤਾ ਸੀ। 

ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿੱਚ ਅਮਰੀਕੀ ਵਕੀਲਾਂ ਨੇ 40 ਤੋਂ ਵੱਧ ਲੋਕਾਂ ਖ਼ਿਲਾਫ਼ ਦੋਸ਼ ਆਇਦ ਕੀਤੇ ਹਨ ਅਤੇ ਹੁਣ ਤੱਕ ਇੱਕ ਦਰਜਨ ਲੋਕਾਂ ਨੂੰ ਦੋਸ਼ੀ ਠਹਿਰਾਇਆ ਜਾ ਚੁੱਕਾ ਹੈ, ਜਿਨ੍ਹਾਂ 'ਚੋਂ 5 ਉਮਰ ਕੈਦ ਕੱਟ ਰਹੇ ਹਨ। ਹੈਤੀ 'ਚ ਇਸ ਕਤਲਕਾਂਡ ਤੋਂ ਬਾਅਦ ਕੋਈ ਰਾਸ਼ਟਰਪਤੀ ਨਹੀਂ ਬਣਿਆ ਹੈ ਅਤੇ ਇੱਥੇ ਹੁਣ ਅਗਲੇ ਸਾਲ ਚੋਣਾਂ ਹੋਣੀਆਂ ਤੈਅ ਹਨ, ਜਿਨ੍ਹਾਂ 'ਚ ਹੈਤੀ ਨੂੰ ਕਰੀਬ 6 ਸਾਲਾਂ ਬਾਅਦ ਰਾਸ਼ਟਰਪਤੀ ਮਿਲੇਗਾ।

ਇਹ ਵੀ ਪੜ੍ਹੋ- ਮਿਡਲ ਈਸਟ 'ਚ ਮੁੜ ਭੜਕੀ ਜੰਗ ! ਇਰਾਨ ਨੇ ਕੁਵੈਤ ਤੇ ਬਹਿਰੀਨ 'ਚ ਅਮਰੀਕੀ ਏਅਰਬੇਸਾਂ ਨੂੰ ਬਣਾਇਆ ਨਿਸ਼ਾਨਾ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News