ਬੰਗਲਾਦੇਸ਼ ''ਚ ਐਤਵਾਰ ਨੂੰ ਆਮ ਚੋਣਾਂ ਲਈ ਹੋਵੇਗੀ ਵੋਟਿੰਗ, ਹਸੀਨਾ ਦੀ ਸੱਤਾ ''ਚ ਵਾਪਸੀ ਲਗਭਗ ਤੈਅ
Saturday, Jan 06, 2024 - 05:25 PM (IST)
ਢਾਕਾ (ਭਾਸ਼ਾ)- ਬੰਗਲਾਦੇਸ਼ ਵਿਚ ਐਤਵਾਰ ਨੂੰ ਵੋਟਿੰਗ ਹੋਵੇਗੀ, ਜਿਸ ਵਿਚ ਮੁੱਖ ਵਿਰੋਧੀ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀ.ਐੱਨ.ਪੀ.) ਦੀ ਗੈਰਹਾਜ਼ਰੀ ਕਾਰਨ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਲਗਾਤਾਰ ਚੌਥੀ ਵਾਰ ਜਿੱਤਣ ਦੀ ਉਮੀਦ ਹੈ। ਵਿਰੋਧੀ ਧਿਰ ਬੀ.ਐੱਨ.ਪੀ. ਨੇ ਚੋਣਾਂ ਦਾ ਬਾਈਕਾਟ ਕੀਤਾ ਹੈ ਅਤੇ "ਗੈਰ-ਕਾਨੂੰਨੀ ਸਰਕਾਰ" ਵਿਰੁੱਧ 48 ਘੰਟਿਆਂ ਦੀ ਦੇਸ਼ ਵਿਆਪੀ ਹੜਤਾਲ ਦਾ ਸੱਦਾ ਦਿੱਤਾ ਹੈ। ਦੇਸ਼ ਦੇ ਚੋਣ ਕਮਿਸ਼ਨ ਮੁਤਾਬਕ ਐਤਵਾਰ ਨੂੰ 42,000 ਤੋਂ ਵੱਧ ਪੋਲਿੰਗ ਸਟੇਸ਼ਨਾਂ 'ਤੇ ਹੋਣ ਵਾਲੀ ਵੋਟਿੰਗ 'ਚ ਕੁੱਲ 11.96 ਕਰੋੜ ਰਜਿਸਟਰਡ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ।
ਇਹ ਵੀ ਪੜ੍ਹੋ: ਕੈਨੇਡਾ ਨੇ ਇਸ ਦੇਸ਼ ਲਈ ਜਾਰੀ ਕੀਤੀ ਨਵੀਂ ਟਰੈਵਲ ਐਡਵਾਈਜ਼ਰੀ, ਨਾਗਰਿਕ ਬੇਲੋੜੀ ਯਾਤਰਾ ਤੋਂ ਬਚਣ
27 ਸਿਆਸੀ ਪਾਰਟੀਆਂ ਦੇ 1500 ਤੋਂ ਵੱਧ ਉਮੀਦਵਾਰ ਚੋਣ ਲੜ ਰਹੇ ਹਨ ਅਤੇ ਇਨ੍ਹਾਂ ਤੋਂ ਇਲਾਵਾ 436 ਆਜ਼ਾਦ ਉਮੀਦਵਾਰ ਵੀ ਹਨ। ਭਾਰਤ ਦੇ ਤਿੰਨ ਆਬਜ਼ਰਵਰਾਂ ਸਮੇਤ 100 ਤੋਂ ਵੱਧ ਵਿਦੇਸ਼ੀ ਆਬਜ਼ਰਵਰ 12ਵੀਆਂ ਆਮ ਚੋਣਾਂ ਦੀ ਨਿਗਰਾਨੀ ਕਰਨਗੇ। ਇਹ ਚੋਣ ਸਖ਼ਤ ਸੁਰੱਖਿਆ ਵਿਚਕਾਰ ਕਰਵਾਈ ਜਾ ਰਹੀ ਹੈ। ਚੋਣ ਕਮਿਸ਼ਨ ਨੇ ਕਿਹਾ ਕਿ ਉਸ ਨੂੰ 8 ਜਨਵਰੀ ਦੀ ਸਵੇਰ ਤੋਂ ਨਤੀਜਿਆਂ ਦੀ ਉਮੀਦ ਹੈ। ਪ੍ਰਧਾਨ ਮੰਤਰੀ ਹਸੀਨਾ ਦੀ ਸੱਤਾਧਾਰੀ ਅਵਾਮੀ ਲੀਗ ਨੂੰ ਲਗਾਤਾਰ ਚੌਥੀ ਵਾਰ ਜਿੱਤ ਦੀ ਉਮੀਦ ਹੈ, ਕਿਉਂਕਿ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ਿਆ (78) ਦੀ ਪਾਰਟੀ ਨੇ ਚੋਣਾਂ ਦਾ ਬਾਈਕਾਟ ਕੀਤਾ ਸੀ। ਭ੍ਰਿਸ਼ਟਾਚਾਰ ਦੇ ਦੋਸ਼ਾਂ 'ਚ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਖਾਲਿਦਾ ਘਰ 'ਚ ਨਜ਼ਰਬੰਦ ਹੈ।
ਹਸੀਨਾ (76) ਨੇ ਇਸ ਹਫ਼ਤੇ ਇੱਕ ਰਾਸ਼ਟਰੀ ਟੈਲੀਵਿਜ਼ਨ ਸੰਬੋਧਨ ਵਿੱਚ ਲੋਕਤੰਤਰ ਪੱਖੀ ਅਤੇ ਕਾਨੂੰਨ ਦੀ ਪਾਲਣਾ ਕਰਨ ਵਾਲੀਆਂ ਪਾਰਟੀਆਂ ਨੂੰ ਅਪੀਲ ਕੀਤੀ ਸੀ ਕਿ ਉਹ ਅਜਿਹੇ ਵਿਚਾਰਾਂ ਨੂੰ ਹਵਾ ਨਾ ਦੇਣ ਜੋ ਦੇਸ਼ ਦੀ ਸੰਵਿਧਾਨਕ ਪ੍ਰਕਿਰਿਆ ਵਿੱਚ "ਰੁਕਾਵਟ" ਪਾਉਂਦੇ ਹੋਣ। ਬੀ.ਐੱਨ.ਪੀ. ਨੇ ਸ਼ਨੀਵਾਰ ਤੋਂ 48 ਘੰਟੇ ਦੀ ਦੇਸ਼ ਵਿਆਪੀ ਹੜਤਾਲ ਦਾ ਸੱਦਾ ਦਿੱਤਾ ਹੈ। ਚੋਣਾਂ ਲੜ ਰਹੀਆਂ 27 ਸਿਆਸੀ ਪਾਰਟੀਆਂ ਵਿੱਚ ਵਿਰੋਧੀ ਧਿਰ ਜਾਤੀ ਪਾਰਟੀ ਵੀ ਸ਼ਾਮਲ ਹੈ। ਬਾਕੀ ਸੱਤਾਧਾਰੀ ਅਵਾਮੀ ਲੀਗ ਦੀ ਅਗਵਾਈ ਵਾਲੇ ਗੱਠਜੋੜ ਦੇ ਮੈਂਬਰ ਹਨ, ਜਿਨ੍ਹਾਂ ਨੂੰ ਮਾਹਰਾਂ ਨੇ "ਚੋਣ ਸਮੂਹ" ਦੇ ਹਿੱਸੇ ਵਜੋਂ ਦਰਸਾਇਆ ਹੈ। ਬੀ.ਐੱਨ.ਪੀ. ਨੇ ਚੋਣਾਂ ਦਾ ਬਾਈਕਾਟ ਕਰਦਿਆਂ 6 ਜਨਵਰੀ ਨੂੰ ਸਵੇਰੇ 6 ਵਜੇ ਤੋਂ 8 ਜਨਵਰੀ ਨੂੰ ਸਵੇਰੇ 6 ਵਜੇ ਤੱਕ 48 ਘੰਟੇ ਦੀ ਦੇਸ਼ ਵਿਆਪੀ ਆਮ ਹੜਤਾਲ ਦਾ ਸੱਦਾ ਦਿੱਤਾ ਹੈ।
ਇਹ ਵੀ ਪੜ੍ਹੋ: ਨਿਊਜ਼ੀਲੈਂਡ ਦੀ 21 ਸਾਲਾ ਸਾਂਸਦ ਨੇ ਨੱਚ ਕੇ ਦਿੱਤਾ ਭਾਸ਼ਣ, ਅਜਿਹਾ ਗਰਜੀ ਕਿ ਹਿੱਲ ਗਈ ਸੰਸਦ (ਵੀਡੀਓ)
ਪਾਰਟੀ ਦਾ ਦਾਅਵਾ ਹੈ ਕਿ ਮੌਜੂਦਾ ਸਰਕਾਰ ਅਧੀਨ ਕੋਈ ਵੀ ਚੋਣ ਨਿਰਪੱਖ ਅਤੇ ਭਰੋਸੇਯੋਗ ਨਹੀਂ ਹੋਵੇਗੀ। ਚੋਣਾਂ ਤੋਂ ਪਹਿਲਾਂ ਹਸੀਨਾ ਦੀ ਸਰਕਾਰ ਨੇ ਹਜ਼ਾਰਾਂ ਵਿਰੋਧੀ ਨੇਤਾਵਾਂ ਅਤੇ ਸਮਰਥਕਾਂ ਨੂੰ ਗ੍ਰਿਫਤਾਰ ਕੀਤਾ ਹੈ। ਪ੍ਰਧਾਨ ਮੰਤਰੀ ਹਸੀਨਾ ਨੇ ਕਿਹਾ ਕਿ ਅਵਾਮੀ ਲੀਗ ਜੇਕਰ ਸੱਤਾ 'ਚ ਆਉਂਦੀ ਹੈ ਤਾਂ ਦੇਸ਼ ਦੇ ਲੋਕਾਂ ਦੇ ਆਰਥਿਕ ਅਤੇ ਸਮਾਜਿਕ ਵਿਕਾਸ ਨੂੰ ਯਕੀਨੀ ਬਣਾਏਗੀ। ਹਸੀਨਾ 2009 ਤੋਂ ਸੱਤਾ ਵਿੱਚ ਹੈ ਅਤੇ ਦਸੰਬਰ 2019 ਵਿੱਚ ਪਿਛਲੀ ਚੋਣ ਜਿੱਤੀ ਸੀ, ਜਿਸ ਵਿਚ ਜਾਨਲੇਵਾ ਹਿੰਸਾ ਹੋਈ ਸੀ ਅਤੇ ਚੋਣਾਂ ਵਿਚ ਧਾਂਦਲੀ ਦੇ ਦੋਸ਼ ਲੱਗੇ ਸਨ। ਬੀ.ਐੱਨ.ਪੀ. ਨੇ 2014 ਵਿੱਚ ਵੀ ਚੋਣਾਂ ਦਾ ਬਾਈਕਾਟ ਕੀਤਾ ਸੀ ਪਰ 2019 ਦੀਆਂ ਚੋਣਾਂ ਵਿੱਚ ਹਿੱਸਾ ਲਿਆ ਸੀ, ਜਿਸ ਨੂੰ ਪਾਰਟੀ ਆਗੂਆਂ ਨੇ ਇੱਕ ਗਲਤੀ ਕਰਾਰ ਦਿੱਤਾ ਸੀ ਅਤੇ ਚੋਣਾਂ ਵਿੱਚ ਵੱਡੇ ਪੱਧਰ ’ਤੇ ਧਾਂਦਲੀ ਦਾ ਦੋਸ਼ ਲਾਇਆ ਸੀ।
ਇਹ ਵੀ ਪੜ੍ਹੋ: ਨਿਊਯਾਰਕ ਦੇ ਸ਼ਹਿਰ ਬ੍ਰਾਈਟਨ ਨੇ ਰਚਿਆ ਇਤਿਹਾਸ, ਵਿਕਰਮ ਵਿਲਖੂ ਬਣੇ ਪਹਿਲੇ ਭਾਰਤੀ-ਅਮਰੀਕੀ ਜੱਜ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।