ਜ਼ਿਮਨੀ ਚੋਣਾਂ ਤੋਂ ਬਾਅਦ ਨਗਰ ਨਿਗਮਾਂ ਤੇ ਕੌਂਸਲ ਚੋਣਾਂ ਦੀ ਤਿਆਰੀ ’ਚ ਜੁਟੀਆਂ ਸਿਆਸੀ ਪਾਰਟੀਆਂ
Friday, Nov 22, 2024 - 11:43 AM (IST)
ਚੰਡੀਗੜ੍ਹ (ਅੰਕੁਰ)- ਚਾਰ ਵਿਧਾਨ ਸਭਾ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਤੋਂ ਤੁਰੰਤ ਬਾਅਦ ਸਾਰੀਆਂ ਸਿਆਸੀ ਪਾਰਟੀਆਂ ਨੇ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। 23 ਨਵੰਬਰ ਨੂੰ ਜ਼ਿਮਨੀ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਪੰਜਾਬ ਦੇ ਸੀਨੀਅਰ ਨੇਤਾਵਾਂ ਦੀ ਪੰਜਾਬ ਇੰਚਾਰਜ ਦਵਿੰਦਰ ਯਾਦਵ ਨਾਲ ਅਹਿਮ ਬੈਠਕ ਹੋਵੇਗੀ। ਇਸ ਬੈਠਕ ਦੌਰਾਨ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਸਬੰਧੀ ਰਣਨੀਤੀ ਤਿਆਰ ਕੀਤੀ ਜਾਵੇਗੀ। ਔਰਤਾਂ ਨੂੰ ਨਿਗਮ ਤੇ ਕੌਂਸਲ ਚੋਣਾਂ ’ਚ ਕਾਂਗਰਸ ਨੇ ਹਮੇਸ਼ਾ ਜ਼ਿਆਦਾ ਤਵੱਜੋ ਦਿੱਤੀ ਹੈ, ਇਸ ਲਈ ਇਸ ਵਾਰ ਵੀ ਚੋਣਾਂ ’ਚ ਉਨ੍ਹਾਂ ਦੀ ਅਹਿਮ ਹਿੱਸੇਦਾਰੀ ਰਹੇਗੀ। ਪਾਰਟੀ ਦੇ ਆਗੂਆਂ ਨੇ ਪਹਿਲਾਂ ਹੀ ਤੈਅ ਕਰ ਦਿੱਤਾ ਹੈ ਕਿ ਨਿਗਮ ਅਤੇ ਕੌਂਸਲ ਚੋਣਾਂ ’ਚ ਕਾਂਗਰਸ ਦਾ ਮੁੱਦਾ ਵਿਕਾਸ ਹੀ ਰਹੇਗਾ।
ਪਿਛਲੇ ਢਾਈ ਸਾਲਾਂ ’ਚ ਹੋਏ ਵਿਕਾਸ ਦਾ ਮੁਲਾਂਕਣ ਕਾਂਗਰਸ ਆਪਣੇ ਬੀਤੇ ਸਮੇਂ ਨਾਲ ਕਰਕੇ ਲੋਕਾਂ ਨੂੰ ਇਸ ਗੱਲ ਦੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰੇਗੀ ਕਿ ਵਿਕਾਸ ਕਾਂਗਰਸ ਦੇ ਸਮੇਂ ਦੌਰਾਨ ਹੀ ਹੋ ਸਕਦਾ ਹੈ। ਕਾਂਗਰਸ ਆਪਣੇ ਸਮੇਂ ਦੌਰਾਨ ਨਿਗਮਾਂ ਅਤੇ ਕੌਂਸਲਾਂ ਦੇ ਅਧਿਕਾਰ ਖੇਤਰਾਂ ’ਚ ਹੋਏ ਵਿਕਾਸ ਕਾਰਜਾਂ ਦੀਆਂ ਸੂਚੀਆਂ ਤਿਆਰ ਕਰੇਗੀ ਅਤੇ ਚੋਣ ਪ੍ਰਚਾਰ ਦੌਰਾਨ ਕਾਂਗਰਸੀ ਆਗੂ ਆਪਣੇ ਸਮੇਂ ਹੋਏ ਵਿਕਾਸ ਦਾ ਸਿਆਸੀ ਲਾਹਾ ਲੈਣ ਦੀ ਪੂਰੀ ਕੋਸ਼ਿਸ਼ ਕਰਨਗੇ। ਜਿਸ ਤਰ੍ਹਾਂ ਅਕਾਲੀ ਦਲ ਨੇ ਜ਼ਿਮਨੀ ਚੋਣਾਂ ਤੋਂ ਖ਼ੁਦ ਨੂੰ ਦੂਰ ਰੱਖਿਆ, ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ’ਚ ਇਸ ਤਰ੍ਹਾਂ ਨਹੀਂ ਹੋਵੇਗਾ। ਯਾਨੀ ਇਨ੍ਹਾਂ ਚੋਣਾਂ ’ਚ ਮੁਕਾਬਲਾ ਚਹੁੰਕੋਣਾ ਹੋਵੇਗਾ। ਕਾਂਗਰਸ ਤੋਂ ਇਲਾਵਾ ਚੋਣ ਮੈਦਾਨ ’ਚ ਆਮ ਆਦਮੀ ਪਾਰਟੀ, ਭਾਜਪਾ ਅਤੇ ਅਕਾਲੀ ਦਲ ਹੋਣਗੇ।
ਇਹ ਵੀ ਪੜ੍ਹੋ-ਸਾਵਧਾਨ! 325 ਦੇ ਖ਼ਤਰਨਾਕ ਪੱਧਰ ’ਤੇ ਪਹੁੰਚਿਆ ਪੰਜਾਬ ਦੇ ਇਸ ਜ਼ਿਲ੍ਹੇ ਦਾ AQI, ਸਖ਼ਤ ਹੁਕਮ ਜਾਰੀ
ਕੇਂਦਰ ਸਰਕਾਰ ਦੀਆਂ ਯੋਜਨਾਵਾਂ ਦਾ ਭਾਜਪਾ ਲਵੇਗੀ ਸਿਆਸੀ ਲਾਹਾ
ਪੰਜਾਬ ਦੇ ਚਾਰ ਵੱਡੇ ਸ਼ਹਿਰ ਅੰਮ੍ਰਿਤਸਰ, ਜਲੰਧਰ, ਲੁਧਿਆਣਾ ਅਤੇ ਪਟਿਆਲਾ ਲਈ ਕੇਂਦਰ ਸਰਕਾਰ ਵੱਲੋਂ ਆਈਆਂ ਪ੍ਰਮੁੱਖ ਯੋਜਨਾਵਾਂ ਨਾਲ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਣ ’ਚ ਭਾਜਪਾ ਇਸ ਵਾਰ ਕੋਈ ਕਮੀ ਨਹੀਂ ਰਹਿਣ ਦੇਵੇਗੀ। ਨਗਰ ਕੌਂਸਲ ਦੀ ਗੱਲ ਕਰੀਏ ਤਾਂ ਰਾਜਪੁਰਾ ਨੂੰ ਉਦਯੋਗਿਕ ਕੇਂਦਰ ਦੇ ਤੌਰ ’ਤੇ ਵਿਕਸਤ ਕਰਨ ਦਾ ਐਲਾਨ ਕਰ ਕੇ ਕੇਂਦਰ ਸਰਕਾਰ ਰਾਜਪੁਰਾ ਦਾ ਵੱਡਾ ਵੋਟ ਬੈਂਕ ਪਹਿਲਾਂ ਹੀ ਭਾਜਪਾ ਦੇ ਪੱਖ ’ਚ ਕਰ ਚੁੱਕੀ ਹੈ ਤੇ ਲੋੋਕ ਸਭਾ ਚੋਣਾਂ ’ਚ ਭਾਜਪਾ ਉਮੀਦਵਾਰ ਪਰਨੀਤ ਕੌਰ ਨੂੰ ਇੱਥੋਂ ਚੰਗੀ ਲੀਡ ਨਾਲ ਜਿੱਤ ਹਾਸਲ ਹੋਈ ਸੀ। ਦੂਜੇ ਪਾਸੇ ਪ੍ਰਧਾਨ ਮੰਤਰੀ ਈ-ਬੱਸ ਸੇਵਾ ਰਾਹੀਂ ਅੰਮ੍ਰਿਤਸਰ, ਜਲੰਧਰ ਤੇ ਲੁਧਿਆਣਾ ਨੂੰ 100-100 ਤੇ ਪਟਿਆਲਾ ਨੂੰ 50 ਬੱਸਾਂ ਦੇਣ ਦੀ ਪ੍ਰਕਿਰਿਆ ਤਕਰੀਬਨ ਪੂਰੀ ਹੋ ਚੁੱਕੀ ਹੈ। ਪਟਿਆਲਾ ਨੂੰ ਨਵਾਂ ਉੱਤਰੀ ਬਾਈਪਾਸ ਦੇ ਕੇ ਵੀ ਕੇਂਦਰ ਸਰਕਾਰ ਨੇ ਪਟਿਆਲਾ ਦੀਆਂ ਨਗਰ ਨਿਗਮ ਚੋਣਾਂ ’ਚ ਭਾਜਪਾ ਨੂੰ ਮਜ਼ਬੂਤ ਕਰਨ ਦਾ ਕੰਮ ਕੀਤਾ ਹੈ। ਨਾਲ ਹੀ ਪੰਜਾਬ ਨੂੰ ਐਕਸਪ੍ਰੈੱਸ ਹਾਈਵੇ ਦੀ ਸੌਗਾਤ ਦੇ ਕੇ ਵੀ ਭਾਜਪਾ ਨੇ ਆਪਣਾ ਵੋਟ ਬੈਂਕ ਮਜ਼ਬੂਤ ਕਰ ਕੇ ਭਵਿੱਖ ’ਚ ਪੰਜਾਬ ਦੇ ਕਾਰੋਬਾਰ ਨੂੰ ਪ੍ਰਫੁੱਲਿਤ ਕਰਨ ਦਾ ਰਸਤਾ ਸਾਫ਼ ਕਰ ਦਿੱਤਾ ਹੈ।
ਇਹ ਵੀ ਪੜ੍ਹੋ- ਪੰਜਾਬ ਦੇ ਨੈਸ਼ਨਲ ਹਾਈਵੇਅ 'ਤੇ ਵੱਡਾ ਹਾਦਸਾ, ਬੱਚੇ ਤੇ ਸਵਾਰੀਆਂ ਨਾਲ ਭਰੀ ਸਕੂਲ ਬੱਸ ਪਲਟੀ
ਟਿਕਟਾਂ ਲਈ ਭੱਜਦੌੜ ਸ਼ੁਰੂ
ਚੋਣ ਕਮਿਸ਼ਨ ਨੇ ਹਾਲੇ ਤੱਕ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਲਈ ਮਿਤੀ ਦਾ ਐਲਾਨ ਨਹੀਂ ਕੀਤਾ ਪਰ ਜਾਣਕਾਰਾਂ ਦਾ ਮੰਨਣਾ ਹੈ ਕਿ ਇਕ-ਦੋ ਦਿਨਾਂ ’ਚ ਕਿਸੇ ਵੀ ਸਮੇਂ ਚੋਣਾਂ ਦੀ ਮਿਤੀ ਐਲਾਨੀ ਜਾ ਸਕਦੀ ਹੈ। ਇਸੇ ਸੰਭਾਵਨਾ ਨੂੰ ਵੇਖਦਿਆਂ ਹਰੇਕ ਸਿਆਸੀ ਪਾਰਟੀ ਦੇ ਵਰਕਰ ਨੇ ਹੁਣੇ ਤੋਂ ਆਪਣੇ ਮਨਪਸੰਦ ਵਾਰਡ ਤੋਂ ਪਾਰਟੀ ਟਿਕਟ ਹਾਸਲ ਕਰਨ ਲਈ ਵੱਡੇ ਨੇਤਾਵਾਂ ਕੋਲ ਚੱਕਰ ਲਾਉਣੇ ਸ਼ੁਰੂ ਕਰ ਦਿੱਤੇ ਹਨ। ਜ਼ਿਮਨੀ ਚੋਣਾਂ ਦੇ ਨਤੀਜੇ 23 ਨਵੰਬਰ ਨੂੰ ਆਉਣਗੇ। ਇਨ੍ਹਾਂ ਨਤੀਜਿਆਂ ਦਾ ਵੱਡਾ ਅਸਰ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ’ਤੇ ਪੈਣਾ ਤੈਅ ਹੈ। ਇਹੋ ਕਾਰਨ ਹੈ ਕਿ 23 ਨਵੰਬਰ ਤੋਂ ਬਾਅਦ ਕਾਂਗਰਸ ਦੇ ਦਿੱਗਜ ਆਗੂਆਂ ਦੇ ਨਾਲ-ਨਾਲ ਕਾਂਗਰਸੀ ਵਰਕਰਾਂ ਦੀ ਚੰਗੀ ਖ਼ਾਸੀ ਭੀੜ ਚੰਡੀਗੜ੍ਹ ਦੇ ਕਾਂਗਰਸ ਭਵਨ ’ਚ ਦੇਖਣ ਨੂੰ ਮਿਲੇਗੀ। ਇਸੇ ਤਰ੍ਹਾਂ ਆਮ ਆਦਮੀ ਪਾਰਟੀ, ਅਕਾਲੀ ਦਲ ਤੇ ਭਾਜਪਾ ਦੇ ਪਾਰਟੀ ਹੈੱਡਕੁਆਰਟਰਾਂ ’ਤੇ ਵੀ ਚਹਿਲ-ਪਹਿਲ ਵਧਣ ਵਾਲੀ ਹੈ।
ਜ਼ਿਮਨੀ ਚੋਣਾਂ ’ਚ ਪਿੱਛੇ ਹਟਣ ਵਾਲਾ ਅਕਾਲੀ ਦਲ ਲੜ ਸਕਦੈ ਚੋਣਾਂ
ਸ਼੍ਰੋਮਣੀ ਅਕਾਲੀ ਦਲ ਦੇ ਹਾਲਾਤ ਪਿਛਲੇ ਕੁਝ ਸਮੇਂ ਤੋਂ ਠੀਕ ਨਹੀਂ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਤਨਖ਼ਾਹੀਆ ਕਰਾਰ ਦੇਣ ਤੋਂ ਬਾਅਦ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਤੋਂ ਅਸਤੀਫ਼ਾ ਦੇਣਾ ਪਿਆ। ਅਸਤੀਫ਼ੇ ’ਤੇ ਪਾਰਟੀ ਹਾਲੇ ਕੋਈ ਫ਼ੈਸਲਾ ਨਹੀਂ ਲੈ ਸਕੀ। ਕੁਝ ਦਿਨਾਂ ਬਾਅਦ ਇਸ ਬਾਰੇ ਫ਼ੈਸਲਾ ਲਿਆ ਜਾ ਸਕਦਾ ਹੈ। ਪਾਰਟੀ ਨੇ ਚਾਰ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਨਾ ਲੜਨ ਦਾ ਫ਼ੈਸਲਾ ਲਿਆ ਸੀ ਪਰ ਹੁਣ ਲੱਗਦਾ ਨਹੀਂ ਕਿ ਪਾਰਟੀ ਨਗਰ ਨਿਗਮ ਤੇ ਨਗਰ ਕੌਂਸਲ ਚੋਣਾਂ ਲੜਨ ਤੋਂ ਪਿਛਾਂਹ ਹਟੇਗੀ।
ਇਹ ਵੀ ਪੜ੍ਹੋ- ਹੋ ਜਾਓ ਸਾਵਧਾਨ! ਮਰਨ ਤੋਂ ਬਾਅਦ ਵੀ ਨਹੀਂ ਮਿੱਟਦੇ ਸਮੋਕਿੰਗ ਦੇ ਨਿਸ਼ਾਨ, ਹੈਰਾਨ ਕਰੇਗੀ ਪੂਰੀ ਰਿਪੋਰਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8