7ਵੀਂ ਵਾਰ ਫਟਿਆ ਜਵਾਲਾਮੁਖੀ, ਤਿੰਨ ਕਿਲੋਮੀਟਰ ਲੰਬੀ ਪੈ ਗਈ ਦਰਾਰ
Thursday, Nov 21, 2024 - 03:01 PM (IST)
ਗ੍ਰਿੰਡਾਵਿਕ (ਆਈਸਲੈਂਡ) (ਏ.ਪੀ.) : ਦੱਖਣ-ਪੱਛਮੀ ਆਈਸਲੈਂਡ ਦੇ ਰੇਕਜਾਨੇਸ ਪ੍ਰਾਇਦੀਪ 'ਤੇ ਬੁੱਧਵਾਰ ਦੇਰ ਸ਼ਾਮ ਇਕ ਜਵਾਲਾਮੁਖੀ ਫਟ ਗਿਆ ਅਤੇ ਇਸ ਵਿਚੋਂ ਵਿਸ਼ਾਲ ਲਾਵਾ ਨਿਕਲਿਆ। ਦਸੰਬਰ ਤੋਂ ਬਾਅਦ ਇਸ ਜਵਾਲਾਮੁਖੀ ਦਾ ਇਹ ਸੱਤਵਾਂ ਵਿਸਫੋਟ ਹੈ।
ਆਈਸਲੈਂਡ ਦੇ ਮੌਸਮ ਵਿਗਿਆਨ ਦਫਤਰ, ਜੋ ਕਿ ਭੂਚਾਲ ਦੀ ਗਤੀਵਿਧੀ 'ਤੇ ਨਜ਼ਰ ਰੱਖਦਾ ਹੈ, ਨੇ ਕਿਹਾ ਕਿ ਇਹ ਵਿਸਫੋਟ ਬੁੱਧਵਾਰ ਨੂੰ ਰਾਤ 11:14 ਵਜੇ ਹੋਇਆ, ਜਿਸ ਨਾਲ ਲਗਭਗ 3 ਕਿਲੋਮੀਟਰ (1.8 ਮੀਲ) ਲੰਬੀ ਦਰਾੜ ਬਣੀ, ਪਰ ਅੰਦਾਜ਼ਾ ਹੈ ਕਿ ਇਹ ਧਮਾਕਾ ਅਗਸਤ ਦੇ ਪਿਛਲੇ ਵਿਸਫੋਟ ਤੋਂ ਕਾਫੀ ਛੋਟਾ ਹੈ। ਜਵਾਲਾਮੁਖੀ ਵਿਚ ਧਮਾਕੇ ਨਾਲ ਹਵਾਬਾਜ਼ੀ ਗਤੀਵਿਧੀਆਂ ਨੂੰ ਕੋਈ ਖਤਰਾ ਨਹੀਂ ਹੈ ਪਰ ਅਧਿਕਾਰੀ ਗ੍ਰਿੰਡਾਵਿਕ ਦੇ ਨੇੜਲੇ ਸ਼ਹਿਰ ਸਮੇਤ ਟਾਪੂ ਦੇ ਕੁਝ ਹਿੱਸਿਆਂ ਵਿੱਚ ਗੈਸ ਦੀ ਚਿਤਾਵਨੀ ਦੇ ਰਹੇ ਹਨ। ਰਾਜਧਾਨੀ ਰੇਕਜਾਵਿਕ ਤੋਂ ਲਗਭਗ 50 ਕਿਲੋਮੀਟਰ (30 ਮੀਲ) ਦੱਖਣ-ਪੱਛਮ ਵਿੱਚ, 3,800 ਲੋਕਾਂ ਦੀ ਆਬਾਦੀ ਵਾਲੇ ਗ੍ਰਿੰਡਾਵਿਕ ਸ਼ਹਿਰ ਦੇ ਨੇੜੇ ਵਾਰ-ਵਾਰ ਜਵਾਲਾਮੁਖੀ ਫਟਣ ਨਾਲ ਬੁਨਿਆਦੀ ਢਾਂਚੇ ਅਤੇ ਸੰਪਤੀ ਨੂੰ ਨੁਕਸਾਨ ਪਹੁੰਚਿਆ ਹੈ ਅਤੇ ਬਹੁਤ ਸਾਰੇ ਨਿਵਾਸੀਆਂ ਨੂੰ ਆਪਣੀ ਸੁਰੱਖਿਆ ਲਈ ਤਬਦੀਲ ਕਰਨ ਲਈ ਮਜਬੂਰ ਹੋਣਾ ਪਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਤਾਜ਼ਾ ਧਮਾਕੇ ਨਾਲ ਸ਼ਹਿਰ ਨੂੰ ਕੋਈ ਹੋਰ ਖ਼ਤਰਾ ਨਹੀਂ ਹੈ।