600 ਸਾਲ ਬਾਅਦ ਫਟਿਆ ਜਵਾਲਾਮੁਖੀ 6 ਕਿਲੋਮੀਟਰ ਉੱਚਾਈ ਤੱਕ ਫੈਲਿਆ ਸੁਆਹ ਦਾ ਗੁਬਾਰ
Sunday, Aug 03, 2025 - 11:39 PM (IST)

ਮਾਸਕੋ,(ਇੰਟ.)- ਰੂਸ ਦੇ ਕਾਮਚਟਕਾ ’ਚ 600 ਸਾਲ ਬਾਅਦ ਕ੍ਰਸ਼ੇਨਿਨੀਕੋਵ ਜਵਾਲਾਮੁਖੀ ’ਚ ਪਹਿਲੀ ਵਾਰ ਧਮਾਕਾ ਹੋਇਆ । ਕਾਮਚਟਕਾ ਦੇ ਐਮਰਜੈਂਸੀ ਮੰਤਰਾਲਾ ਨੇ ਐਤਵਾਰ ਨੂੰ ਦੱਸਿਆ ਕਿ 2 ਅਗਸਤ ਨੂੰ ਇਸ ਜਵਾਲਾਮੁਖੀ ’ਚ ਧਮਾਕਾ ਹੋਇਆ । ਮੰਤਰਾਲਾ ਨੇ ਕਿਹਾ 1856 ਮੀਟਰ ਉੱਚੇ ਕ੍ਰਸ਼ੇਨਿਨੀਕੋਵ ਜਵਾਲਾਮੁਖੀ ’ਚ ਧਮਾਕੇ ਤੋਂ ਬਾਅਦ 6 ਹਜ਼ਾਰ ਮੀਟਰ ਦੀ ਉੱਚਾਈ ਤੱਕ ਸੁਆਹ ਦਾ ਗੁਬਾਰ ਫੈਲ ਗਿਆ, ਜਿਸ ਕਾਰਨ ਇਸ ਇਲਾਕੇ ਦਾ ਏਅਰ ਸਪੇਸ ਬੰਦ ਕਰ ਦਿੱਤਾ ਗਿਆ।
ਵਿਗਿਆਨੀਆਂ ਦਾ ਮੰਨਣਾ ਹੈ ਕਿ ਇਸ ਧਮਾਕੇ ਦਾ ਸਬੰਧ 4 ਦਿਨ ਪਹਿਲਾਂ ਰੂਸ ਦੇ ਕਾਮਚਟਕਾ ਆਈਲੈਂਡ ’ਚ ਆਏ 8.8 ਤੀਬਰਤਾ ਵਾਲੇ ਭੂਚਾਲ ਨਾਲ ਹੋ ਸਕਦਾ ਹੈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਕਾਮਚਟਕਾ ਪ੍ਰਾਇਦੀਪ ’ਤੇ ਸਥਿਤ ਕਲਿਊਚੇਵਸਕਾਇਆ ਸੋਪਕਾ ਜਵਾਲਾਮੁਖੀ ’ਚ ਵੀ ਧਮਾਕਾ ਹੋਇਆ ਸੀ। ਸੋਪਕਾ ਜਵਾਲਾਮੁਖੀ ਯੂਰਪ ਅਤੇ ਏਸ਼ੀਆ ਦਾ ਸਭ ਤੋਂ ਐਕਟਿਵ ਜਵਾਲਾਮੁਖੀ ਹੈ।