ਵਿਵੀਅਨ ਲੋਬੋ ਨੇ ਪੰਜਾਬੀ ਭਾਈਚਾਰੇ ਨੂੰ ਫੈਡਰਲ ਚੋਣਾਂ 'ਚ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਕੀਤੀ ਅਪੀਲ
Tuesday, May 03, 2022 - 11:06 AM (IST)

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ): ਆਸਟ੍ਰੇਲੀਆ ਦੀਆਂ ਫੈਡਰਲ ਚੋਣਾਂ ਜਿਉਂ ਜਿਉਂ ਨੇੜੇ ਆ ਰਹੀਆਂ ਹਨ, ਉਮੀਦਵਾਰ ਜਿੱਤਣ ਲਈ ਆਪੋ ਆਪਣੇ ਹਲਕੇ ਦੇ ਵੋਟਰਾਂ ਨਾਲ ਸੰਪਰਕ ਬਣਾ ਰਹੇ ਹਨ। ਇਸੇ ਹੀ ਮਾਹੌਲ ਤਹਿਤ ਕੁਈਨਜ਼ਲੈਂਡ ਦੇ ਹਲਕੇ ਲਿੱਲੀ ਤੋਂ ਫੈਡਰਲ ਮੈਂਬਰ ਪਾਰਲੀਮੈਂਟ ਦੀ ਚੋਣ ਲੜ ਰਹੇ ਭਾਰਤੀ ਪਿਛੋਕੜ ਦੇ ਲਿਬਰਲ-ਨੈਸ਼ਨਲ ਪਾਰਟੀ ਦੇ ਉਮੀਦਵਾਰ ਵਿਵੀਅਨ ਲੋਬੋ ਨੇ ਆਪਣੇ ਸਾਥੀਆਂ ਨਾਲ ਸਥਾਨਕ ਵਿਸਾਖੀ ਮੇਲੇ ਵਿਚ ਸ਼ਿਰਕਤ ਕੀਤੀ। ਉਹਨਾਂ ਦਾ ਇਸ ਮੌਕੇ ਮੇਲੇ ਦੇ ਪ੍ਰਮੁੱਖ ਆਯੋਜਕ ਪਾਲ ਰਾਊਕੇ ਅਤੇ ਗੁਰ ਰਾਊਕੇ ਸਮੇਤ ਸ਼ਹਿਰ ਦੇ ਪਤਵੰਤਿਆਂ ਨੇ ਬਹੁਤ ਨਿੱਘਾ ਸਵਾਗਤ ਕੀਤਾ।
ਰਾਊਕੇ ਭਰਾਵਾਂ ਵੱਲੋਂ ਵਿਦੇਸ਼ ਧਰਤ 'ਤੇ ਜੰਮੀ ਅਜੋਕੀ ਪੀੜ੍ਹੀ ਨੂੰ ਆਪਣੀ ਸ਼ਾਨਾਮੱਤੀ ਵਿਰਾਸਤ ਅਤੇ ਸੱਭਿਆਚਾਰ ਨਾਲ ਜੋੜਣ ਲਈ ਇਕ ਨਿਰਸਵਾਰਥ ਉਪਰਾਲਾ ਕੀਤਾ ਜਾਂਦਾ ਹੈ। ਵਿਵੀਅਨ ਲੋਬੋ ਜੋ ਕਿ ਭਾਰਤੀ ਭਾਈਚਾਰੇ ਵਿਚ ਬਹੁਤ ਹਰਮਨ ਪਿਆਰੇ ਹਨ, ਉਹਨਾਂ ਦੇ ਨਾਲ ਡਾ. ਬਰਨਾਰਡ ਮਲਿਕ ਡਾਇਰੈਕਟਰ ਅਮੈਰੀਕਨ ਕਾਲਜ, ਸਤਵਿੰਦਰ ਟੀਨੂੰ ਵਿਸ਼ੇਸ਼ ਤੌਰ 'ਤੇ ਪਹੁੰਚੇ ਸਨ। ਵਿਵੀਅਨ ਲੋਬੋ ਨੇ ਇਸ ਮੇਲੇ ਰਾਹੀਂ ਪੰਜਾਬੀ ਸੱਭਿਆਚਾਰ ਦੇ ਹੋ ਰਹੇ ਪਾਸਾਰ ਅਤੇ ਪ੍ਰਬੰਧਕਾਂ ਦੀ ਤਾਰੀਫ਼ ਕਰਦਿਆਂ ਕਿਹਾ ਪੰਜਾਬੀ ਭਾਈਚਾਰਾ ਇਸ ਦੇਸ਼ ਦੀ ਤਰੱਕੀ ਅਤੇ ਸਮਰੂਪਤਾ ਦੀ ਬੁਨਿਆਦ ਹੈ। ਉਹਨਾ ਪੰਜਾਬੀ ਭਾਈਚਾਰੇ ਨੂੰ ਫੈਡਰਲ ਚੋਣਾਂ 'ਚ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਵੀ ਕੀਤੀ।
ਪੜ੍ਹੋ ਇਹ ਅਹਿਮ ਖ਼ਬਰ- NRI ਦੇ ਮੁੱਦਿਆਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਨਾ ਮੇਰਾ ਪਹਿਲਾ ਕਰਤੱਵ: ਬਲਵਿੰਦਰ ਸਿੰਘ
ਇਸ ਮੌਕੇ ਜਗਜੀਤ ਖੋਸਾ ਅਤੇ ਸਰਬਜੀਤ ਸੋਹੀ ਨੇ ਵਿਵੀਅਨ ਲੋਬੋ ਦੇ ਹੱਕ ਵਿੱਚ ਵੱਧ ਤੋ ਵੱਧ ਵੋਟਰਾਂ ਦੀ ਹਮਾਇਤ ਦੀ ਪੰਜਾਬੀਆਂ ਨੂੰ ਪੁਰਜੋਰ ਅਪੀਲ ਕੀਤੀ। ਜਗਜੀਤ ਖੋਸਾ ਜੀ ਨੇ ਵਿਵੀਅਨ ਲੋਬੋ ਨੂੰ ਭਾਰਤੀ ਭਾਈਚਾਰੇ ਦੀ ਆਵਾਜ਼ ਦੱਸਿਆ ਅਤੇ ਸਰਬਜੀਤ ਸੋਹੀ ਨੇ ਵਿਵੀਅਨ ਲੋਬੋ ਦੀ ਅਤੀਤ ਵਿਚ ਭੂਮਿਕਾ ਨੂੰ ਦੁਹਰਾਉਂਦਿਆਂ ਕਿਹਾ ਕਿ ਸਾਡੇ ਭਾਈਚਾਰੇ ਨੂੰ ਵਿਵੀਅਨ ਦੀ ਤਨੋਂ ਮਨੋ ਮਦਦ ਕਰਨੀ ਚਾਹੀਦੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਰਜੀਤ ਸੰਧੂ, ਮੀਤ ਧਾਲੀਵਾਲ, ਸੁਖਮੰਦਰ ਸੰਧੂ, ਅਮਨਦੀਪ ਭੰਗੂ, ਸ਼ਮਸ਼ੇਰ ਸਿੰਘ ਸ਼ੇਰਾ, ਮਨਮੋਹਨ ਰੰਧਾਵਾ, ਦੀਪਇੰਦਰ ਸਿੰਘ, ਰਘਬੀਰ ਸਰਾਏ, ਗੁਰਵਿੰਦਰ ਖੱਟੜਾ, ਗੁਰਦੀਪ ਜਗੇੜਾ, ਗੁਰਜੀਤ ਬਾਰੀਆ, ਮੁਖ਼ਤਿਆਰ ਢਿੱਲੋਂ, ਜਰਨੈਲ ਬਾਸੀ, ਰਾਜਦੀਪ ਲਾਲੀ, ਹੈਪੀ ਚਾਹਲ, ਬਿਕਰਮਜੀਤ ਸਿੰਘ ਚੰਦੀ, ਰੁਪਿੰਦਰ ਸੋਜ਼ ਆਦਿ ਸ਼ਹਿਰ ਦੀਆਂ ਪ੍ਰਮੁੱਖ ਹਸਤੀਆਂ ਹਾਜ਼ਰ ਸਨ।