ਅਮਰੀਕਾ ’ਚ ਹਿੰਸਕ ਹਮਲਾ: ਰੇਲ ਅਤੇ ਬੱਸਾਂ ’ਚ ਬੰਦੂਕ ਵਗੈਰਾ ਲਿਜਾਣ 'ਤੇ ਪਾਬੰਦੀ ਦੀ ਉੱਠਣ ਲੱਗੀ ਮੰਗ

Thursday, Apr 14, 2022 - 10:19 AM (IST)

ਅਮਰੀਕਾ ’ਚ ਹਿੰਸਕ ਹਮਲਾ: ਰੇਲ ਅਤੇ ਬੱਸਾਂ ’ਚ ਬੰਦੂਕ ਵਗੈਰਾ ਲਿਜਾਣ 'ਤੇ ਪਾਬੰਦੀ ਦੀ ਉੱਠਣ ਲੱਗੀ ਮੰਗ

ਨਿਊਯਾਰਕ ਦੇ ਬਰੂਕਲਿਨ ਨਾਂ ਦੇ ਇਲਾਕੇ ’ਚ ਹੋਈ ਗੋਲੀਬਾਰੀ ਨੇ ਪੂਰੇ ਅਮਰੀਕਾ ਨੂੰ ਹਿਲਾ ਕੇ ਰੱਖ ਦਿੱਤਾ ਹੈ। ਲਗਭਗ 3 ਦਰਜਨ ਵਿਅਕਤੀ ਜ਼ਖਮੀ ਹੋਏ ਹਨ ਪਰ ਗਨੀਮਤ ਹੈ ਕਿ ਅਜੇ ਤੱਕ ਕਿਸੇ ਦੇ ਮਰਨ ਦੀ ਖਬਰ ਨਹੀਂ ਹੈ।ਇਸ ਇਲਾਕੇ ’ਚ ਸਾਡੇ ਦੱਖਣੀ ਏਸ਼ੀਆਈ ਲੋਕ ਕਾਫੀ ਗਿਣਤੀ ’ਚ ਰਹਿੰਦੇ ਹਨ। ਇਹ ਹਮਲਾ ਬਰੂਕਲਿਨ ਦੇ ਰੇਲਵੇ ਸਟੇਸ਼ਨ ’ਤੇ ਸਵੇਰੇ-ਸਵੇਰੇ ਹੋਇਆ। ਅਜੇ ਤੱਕ ਇਹ ਨਹੀਂ ਪਤਾ ਲੱਗਾ ਕਿ ਹਮਲਾ ਅੱਤਵਾਦੀਆਂ ਨੇ ਕੀਤਾ ਹੈ ਜਾਂ ਕਿਸੇ ਸਿਰਫਿਰੇ ਅਪਰਾਧੀ ਦੀ ਕਰਤੂਤ ਹੈ। ਹਮਲਾਵਰ ਨੇ ਪਹਿਲਾਂ ਗੈਸ ਦੇ ਗੋਲੇ ਛੱਡੇ ਤਾਂ ਕਿ ਸਾਰੇ ਵਾਤਾਵਰਣ ’ਚ ਧੁੰਦਲਾਪਨ ਫੈਲ ਜਾਵੇ ਅਤੇ ਫਿਰ ਉਸ ਨੇ ਗੋਲੀਆਂ ਚਲਾ ਦਿੱਤੀਆਂ। ਜਦੋਂ ਬਹੁਤ ਰੌਲਾ ਪਿਆ ਤਾਂ ਉਹ ਹਮਲਾਵਰ ਭੱਜ ਨਿਕਲਿਆ ਪਰ ਉਸ ਦਾ ਸਾਮਾਨ ਅਤੇ ਵਾਹਨ ਪੁਲਸ ਦੇ ਹੱਥ ਲੱਗ ਚੁੱਕਾ ਹੈ। ਉਸ ਦੇ ਕ੍ਰੈਡਿਟ ਕਾਰਡ ਤੋਂ ਉਸ ਦੇ ਨਾਂ ਦਾ ਵੀ ਪਤਾ ਲੱਗ ਗਿਆ ਹੈ। ਉਸ ਦੀ ਫੋਟੋ ਵੀ ਪੁਲਸ ਨੇ ਜਾਰੀ ਕਰ ਦਿੱਤੀ ਹੈ। ਉਸ ਦੀ ਗ੍ਰਿਫ਼ਤਾਰੀ ’ਤੇ 50 ਹਜ਼ਾਰ ਡਾਲਰ ਦਾ ਇਨਾਮ ਵੀ ਐਲਾਨ ਦਿੱਤਾ ਹੈ। ਅੰਦਾਜ਼ਾ ਹੈ ਕਿ ਉਹ ਜਲਦੀ ਹੀ ਫੜਿਆ ਜਾਵੇਗਾ।

ਜੇਕਰ ਉਹ ਫੜਿਆ ਵੀ ਗਿਆ ਅਤੇ ਉਸ ਨੇ ਆਪਣਾ ਜੁਰਮ ਵੀ ਕਬੂਲ ਕਰ ਲਿਆ ਤਾਂ ਵੀ ਕੀ ਹੋਵੇਗਾ? ਉਸ ਨੂੰ ਫਾਂਸੀ ’ਤੇ ਲਟਕਾ ਦਿੱਤਾ ਗਿਆ ਤਾਂ ਵੀ ਕੀ ਹੋਵੇਗਾ? ਕੀ ਇਸ ਤਰ੍ਹਾਂ ਦੇ ਜਾਨਲੇਵਾ ਅਪਰਾਧਾਂ ਦੀ ਗਿਣਤੀ ਅਮਰੀਕਾ ’ਚ ਕਦੀ ਘਟੇਗੀ? ਕਦੀ ਨਹੀਂ। ਅਮਰੀਕਾ ’ਚ ਜਿੰਨੀਆਂ ਹੱਤਿਆਵਾਂ ਹਰ ਸਾਲ ਹੁੰਦੀਆਂ ਹਨ, ਭਾਰਤ ’ਚ ਉਸ ਤੋਂ ਅੱਧੀਆਂ ਵੀ ਨਹੀਂ ਹੁੰਦੀਆਂ। ਦੁਨੀਆ ਦਾ ਉਹ ਸਭ ਤੋਂ ਮਾਲਦਾਰ ਅਤੇ ਪੜ੍ਹੇ-ਲਿਖੇ ਨਾਗਰਿਕਾਂ ਦਾ ਰਾਸ਼ਟਰ ਹੈ ਪਰ ਉੱਥੇ ਹੱਤਿਆ ਸਮੇਤ ਹੋਰ ਅਪਰਾਧਾਂ ਦੀ ਗਿਣਤੀ ਏਸ਼ੀਆ ਅਤੇ ਅਫਰੀਕਾ ਦੇ ਕਈ ਗਰੀਬ ਰਾਸ਼ਟਰਾਂ ਨਾਲੋਂ ਵੱਧ ਹੈ।ਜਦੋਂ ਤੱਕ ਅਮਰੀਕਾ ਦੇ ਹਾਕਮ ਅਤੇ ਵਿਸ਼ਲੇਸ਼ਕ ਇਸ ਪ੍ਰਪੰਚ ਦੇ ਮੂਲ ਕਾਰਨਾਂ ਨੂੰ ਨਹੀਂ ਲੱਭਣਗੇ, ਅਮਰੀਕਾ ਦੀ ਦਸ਼ਾ ਵਿਗੜਦੀ ਹੀ ਚਲੀ ਜਾਵੇਗੀ। ਬਰੂਕਲਿਨ ਦੇ ਹਮਲੇ ਦੇ ਬਾਅਦ ‘ਨਿਊਯਾਰਕ ਟਾਈਮਜ਼’ ਨੂੰ ਦਰਜਨਾਂ ਲੋਕਾਂ ਨੇ ਕਿਹਾ ਕਿ ਨਿਊਯਾਰਕ ਸ਼ਹਿਰ ਸਾਡੇ ਰਹਿਣ ਯੋਗ ਨਹੀਂ ਹੈ। ਹੁਣ ਤੋਂ 50-55 ਸਾਲ ਪਹਿਲਾਂ ਜਦੋਂ ਮੈਂ ਨਿਊਯਾਰਕ ’ਚ ਰਹਿੰਦਾ ਹੁੰਦਾ ਸੀ ਮੇਰੀ ਅਮਰੀਕੀ ਮਾਸੀ ਮੈਨੂੰ ਘਰੋਂ ਨਿਕਲਦੇ ਸਮੇਂ ਹਮੇਸ਼ਾ ਮੁਜਰਮਾਂ ਤੋਂ ਸਾਵਧਾਨ ਰਹਿਣ ਲਈ ਕਹਿੰਦੀ ਸੀ।

ਪੜ੍ਹੋ ਇਹ ਅਹਿਮ ਖ਼ਬਰ -ਅਮਰੀਕਾ ਨੇ ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਨੂੰ ਦਿੱਤੀ ਵਧਾਈ, ਨਾਲ ਕੰਮ ਕਰਨ ਦੀ ਜਤਾਈ ਇੱਛਾ

ਅਮਰੀਕਾ ਦੇ ਵੱਡੇ ਸ਼ਹਿਰਾਂ ’ਚ ਅਜੇ ਵੀ ਉਹੀ ਹਾਲਤ ਹੈ। 200 ਸਾਲ ਪਹਿਲਾਂ ਅਮਰੀਕਾ ’ਚ ਜੋ ਨਾਗਰਿਕ ਅਸੁਰੱਖਿਆ ਦੀ ਹਾਲਤ ਸੀ, ਉਹ ਅੱਜ ਵੀ ਬਣੀ ਹੋਈ ਹੈ। ਯੂਰਪ ਦੇ ਗੋਰੇ ਲੋਕ ਅਮਰੀਕੀ ਧਰਤੀ ’ਤੇ ਹਥਿਆਰਬੰਦ ਹੋਏ ਬਿਨਾਂ ਪੈਰ ਹੀ ਨਹੀਂ ਰੱਖਦੇ ਸਨ। ਅੱਜ ਵੀ ਅਮਰੀਕਾ ਦੇ ਹਰ ਘਰ ’ਚ ਬੰਦੂਕ ਅਤੇ ਤਮਾਚੇ ਰੱਖੇ ਹੁੰਦੇ ਹਨ।ਹੁਣ ਮੰਗ ਕੀਤੀ ਜਾ ਰਹੀ ਹੈ ਕਿ ਜਿਵੇਂ ਹਵਾਈ ਜਹਾਜ਼ ’ਚ ਮੁਸਾਫਰ ਲੋਕ ਬੰਦੂਕ ਵਗੈਰਾ ਨਹੀਂ ਲਿਜਾ ਸਕਦੇ, ਉਹੋ ਜਿਹੀ ਹੀ ਪਾਬੰਦੀ ਰੇਲ ਅਤੇ ਬੱਸਾਂ ’ਚ ਵੀ ਲਾ ਦਿੱਤੀ ਜਾਵੇ ਅਤੇ ਸਟੇਸ਼ਨਾਂ ’ਤੇ ਸੁਰੱਖਿਆ ਵਧਾ ਦਿੱਤੀ ਜਾਵੇ। ਇਹ ਸਭ ਸੁਝਾਅ ਚੰਗੇ ਹਨ ਪਰ ਇਨ੍ਹਾਂ ਨਾਲ ਹਿੰਸਾ ਪ੍ਰੇਮੀ ਅਮਰੀਕੀ ਸਮਾਜ ਦਾ ਸੁਭਾਅ ਨਹੀਂ ਬਦਲਿਆ ਜਾ ਸਕਦਾ। ਅਮਰੀਕਾ ਦੇ ਖਪਤਕਾਰ ਸਮਾਜ ’ਚ ਜਦੋਂ ਤੱਕ ਡੂੰਘੀ ਆਰਥਿਕ ਹੋਂਦ ਅਤੇ ਨਸਲੀ ਵਿਤਕਰੇ ਦਾ ਗਲਬਾ ਬਣਿਆ ਰਹੇਗਾ, ਇਸ ਤਰ੍ਹਾਂ ਦੀਆਂ ਹਿੰਸਕ ਘਟਨਾਵਾਂ ਹੁੰਦੀਆਂ ਰਹਿਣਗੀਆਂ। ਇਸ ਤਰ੍ਹਾਂ ਦੀਆਂ ਘਟਨਾਵਾਂ ਲਈ ਮਾਨਸਿਕ ਬੀਮਾਰੀਆਂ ਵੀ ਜ਼ਿੰਮੇਵਾਰ ਹੁੰਦੀਆਂ ਹਨ ਜੋ ਪੂੰਜੀਵਾਦੀ ਅਤੇ ਖਪਤਕਾਰਵਾਦੀ ਸਮਾਜਾਂ ’ਚ ਆਸਾਨੀ ਨਾਲ ਪੈਦਾ ਹੋ ਜਾਂਦੀਆਂ ਹਨ।

ਡਾ. ਵੇਦਪ੍ਰਤਾਪ ਵੈਦਿਕ


author

Vandana

Content Editor

Related News