ਸ਼ੇਖ ਹਸੀਨਾ ਬਾਰੇ ਫੈਸਲਾ ਆਉਣ ਤੋਂ ਪਹਿਲਾਂ ਬੰਗਲਾਦੇਸ਼ ’ਚ ਭੜਕੀ ਹਿੰਸਾ
Saturday, Nov 15, 2025 - 01:11 AM (IST)
ਢਾਕਾ- ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਬਾਰੇ ਅਦਾਲਤ ਦਾ ਫੈਸਲਾ ਆਉਣ ਤੋਂ ਪਹਿਲਾਂ ਬੰਗਲਾਦੇਸ਼ ’ਚ ਸ਼ੁੱਕਰਵਾਰ ਹਿੰਸਾ ਭੜਕ ਗਈ। ਉਨ੍ਹਾਂ ਦੀ ਪਾਰਟੀ ਅਵਾਮੀ ਲੀਗ ਨੇ ਪੂਰੇ ਦੇਸ਼ ’ਚ ਲਾਕਡਾਊਨ ਦੀ ਮੰਗ ਕੀਤੀ ਹੈ।
ਇਸ ਦੇ ਜਵਾਬ ’ਚ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਤੇ ਬੰਗਲਾਦੇਸ਼ ਜਮਾਤ-ਏ-ਇਸਲਾਮੀ ਦੇ ਕਾਰਕੁਨ ਢਾਕਾ ਦੇ ਕਈ ਇਲਾਕਿਆਂ ਚ ਸੜਕਾਂ ’ਤੇ ਉਤਰ ਆਏ ਤੇ ਕੁਝ ਥਾਵਾਂ ਤੇ ਜਲੂਸ ਕੱਢੇ। ‘ਅਲ-ਜਜ਼ੀਰਾ’ ਅਨੁਸਾਰ 32 ਬੰਬ ਫਟੇ ਤੇ ਦਰਜਨਾਂ ਬੱਸਾਂ ਨੂੰ ਅੱਗ ਲਾ ਦਿੱਤੀ ਗਈ। ਵੀਰਵਾਰ ਰਾਤ ਢਾਕਾ ਹਵਾਈ ਅੱਡੇ ਨੇੜੇ 2 ਹੋਰ ਬੰਬ ਫਟੇ ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਢਾਕਾ ਤੇ ਪ੍ਰਮੁੱਖ ਸ਼ਹਿਰਾਂ ਦੇ ਸਕੂਲ ਅਾਨਲਾਈਨ ਕਰ ਦਿੱਤੇ ਗਏ।
ਇਸ ਦੌਰਾਨ ਬੰਗਲਾਦੇਸ਼ ਨੇ ਦੇਰ ਰਾਤ ਇਕ ਆਰਡੀਨੈਂਸ ਜਾਰੀ ਕੀਤਾ ਜੋ ਅੰਤ੍ਰਿਮ ਸਰਕਾਰ ਦੇ ਮੁਖੀ ਪ੍ਰੋਫੈਸਰ ਮੁਹੰਮਦ ਯੂਨਸ ਵੱਲੋਂ ਪ੍ਰਸਤਾਵਿਤ ਸਿਅਾਸੀ ਚਾਰਟਰ ’ਤੇ ਰਾਏਸ਼ੁਮਾਰੀ ਨਾਲ ਮੇਲ ਖਾਂਦਾ ਹੈ। ਸੰਵਿਧਾਨਕ ਮਾਹਿਰਾਂ ਨੇ ਤੁਰੰਤ ਇਸ ਕਦਮ ’ਤੇ ਪ੍ਰਤੀਕਿਰਿਆ ਦਿੱਤੀ ਤੇ ਇਸ ਨੂੰ ਗੈਰ ਸੰਵਿਧਾਨਕ ਕਿਹਾ।
ਬੰਗਲਾਦੇਸ਼ ਦੇ ਰਾਸ਼ਟਰਪਤੀ ਮੁਹੰਮਦ ਸ਼ਹਾਬੁਦੀਨ ਨੇ ਜੁਲਾਈ ਦੇ ਚਾਰਟਰ ਨੂੰ ਲਾਗੂ ਕਰਨ ਦੇ ਹੁਕਮ ’ਤੇ ਦਸਤਖਤ ਕੀਤੇ, ਜੋ ਯੂਨਸ ਦੀ ਅਗਵਾਈ ਵਾਲੇ ਰਾਸ਼ਟਰੀ ਸਹਿਮਤੀ ਕਮਿਸ਼ਨ ਵੱਲੋਂ ਤਿਆਰ ਕੀਤਾ ਗਿਆ ਸੀ। ਇਹ ਖਰੜਾ ਕਈ ਸਿਆਸੀ ਪਾਰਟੀਆਂ ਨਾਲ ਵਿਆਪਕ ਸਲਾਹ-ਮਸ਼ਵਰੇ ਤੋਂ ਬਾਅਦ ਤਿਆਰ ਕੀਤਾ ਗਿਆ ਸੀ ਪਰ ਸੱਤਾ ਤੋਂ ਬਾਹਰ ਕੀਤੀ ਗਈ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਅਵਾਮੀ ਲੀਗ ਨੂੰ ਇਸ ਤੋਂ ਬਾਹਰ ਰੱਖਿਆ ਗਿਆ ਸੀ। ਇਸ ਨੂੰ ਹੁਣ ਭੰਗ ਕਰ ਦਿੱਤਾ ਗਿਆ ਹੈ ।
