ਬ੍ਰਿਟੇਨ ''ਚ ਕਤਲ ਮਾਮਲੇ ''ਚ 25 ਸਾਲ ਜੇਲ੍ਹ ਕੱਟ ਰਹੇ ਵਿਕਰਮ ਡਿਗਵਾ ਨੇ ਸਜ਼ਾ ਖ਼ਿਲਾਫ਼ ਅਪੀਲ ਦੀ ਮੰਗੀ ਇਜਾਜ਼ਤ

Wednesday, Nov 18, 2026 - 11:39 AM (IST)

ਬ੍ਰਿਟੇਨ ''ਚ ਕਤਲ ਮਾਮਲੇ ''ਚ 25 ਸਾਲ ਜੇਲ੍ਹ ਕੱਟ ਰਹੇ ਵਿਕਰਮ ਡਿਗਵਾ ਨੇ ਸਜ਼ਾ ਖ਼ਿਲਾਫ਼ ਅਪੀਲ ਦੀ ਮੰਗੀ ਇਜਾਜ਼ਤ

ਇੰਟਰਨੈਸ਼ਨਲ ਡੈਸਕ- ਬ੍ਰਿਟੇਨ 'ਚ ਇੱਕ ਯੂਨੀਵਰਸਿਟੀ ਵਿਦਿਆਰਥੀ ਦੇ ਕਤਲ ਦੇ ਮਾਮਲੇ 'ਚ ਘੱਟੋ-ਘੱਟ 25 ਸਾਲ ਦੀ ਕੈਦ ਕੱਟ ਰਹੇ 23 ਸਾਲਾ ਬ੍ਰਿਟਿਸ਼ ਸਿੱਖ ਨੌਜਵਾਨ ਵਿਕਰਮ ਸਿੰਘ ਡਿਗਵਾ ਨੇ ਆਪਣੇ ਖ਼ਿਲਾਫ਼ ਤੈਅ ਦੋਸ਼ਾਂ ਖ਼ਿਲਾਫ਼ ਅਪੀਲ ਕਰਨ ਦੀ ਇਜਾਜ਼ਤ ਲਈ ਅਦਾਲਤ 'ਚ ਅਰਜ਼ੀ ਦਾਇਰ ਕੀਤੀ ਹੈ। ਇਸ ਤੋਂ ਇਲਾਵਾ ਉਸ ਦੀ ਕਾਨੂੰਨੀ ਟੀਮ ਨੇ ਸਜ਼ਾ ਦੀ ਮਿਆਦ ਵਧਾਉਣ ਦੇ ਫ਼ੈਸਲੇ ਨੂੰ ਬ੍ਰਿਟੇਨ ਦੀ ਸੁਪਰੀਮ ਕੋਰਟ 'ਚ ਚੁਣੌਤੀ ਦੇਣ ਦੀ ਇਜਾਜ਼ਤ ਵੀ ਮੰਗੀ ਹੈ।

ਅਸਲ 'ਚ ਇਹ ਮਾਮਲਾ ਪਿਛਲੇ ਸਾਲ ਦਸੰਬਰ ਦਾ ਹੈ, ਜਦੋਂ ਦੱਖਣ-ਪੂਰਬੀ ਇੰਗਲੈਂਡ ਦੇ ਪੋਰਟਸਵੁੱਡ ਇਲਾਕੇ 'ਚ ਸਾਊਥੈਂਪਟਨ ਯੂਨੀਵਰਸਿਟੀ ਦੇ 18 ਸਾਲਾ ਬ੍ਰਿਟਿਸ਼ ਵਿਦਿਆਰਥੀ ਹੈਨਰੀ ਨੋਵਾਕ ਦਾ ਰਾਤ ਵੇਲੇ ਘਰ ਪਰਤਦਿਆਂ 21 ਸੈਂਟੀਮੀਟਰ ਲੰਬੀ ਕਿਰਪਾਨ ਨਾਲ ਕਤਲ ਕਰ ਦਿੱਤਾ ਗਿਆ ਸੀ। ਅਦਾਲਤ ਨੇ ਡਿਗਵਾ ਦੀ ਇਸ ਦਲੀਲ ਨੂੰ ਖਾਰਜ ਕਰ ਦਿੱਤਾ ਸੀ ਕਿ ਉਸ ਨੇ ਸਵੈ-ਰੱਖਿਆ ਲਈ ਕਿਰਪਾਨ ਦੀ ਵਰਤੋਂ ਕੀਤੀ ਸੀ। ਇਸੇ ਮਹੀਨੇ ਬ੍ਰਿਟੇਨ ਦੀ ਅਪੀਲ ਅਦਾਲਤ ਨੇ ਅਪਰਾਧ ਦੀ ਗੰਭੀਰਤਾ ਨੂੰ ਦੇਖਦਿਆਂ ਪੈਰੋਲ ਲਈ ਯੋਗ ਹੋਣ ਤੋਂ ਪਹਿਲਾਂ ਜੇਲ੍ਹ 'ਚ ਬਿਤਾਈ ਜਾਣ ਵਾਲੀ ਘੱਟੋ-ਘੱਟ ਮਿਆਦ ਨੂੰ 21 ਸਾਲ ਤੋਂ ਵਧਾ ਕੇ 25 ਸਾਲ ਕਰ ਦਿੱਤਾ ਸੀ।

ਇਹ ਵੀ ਪੜ੍ਹੋ- ਟਰੰਪ ਨੂੰ ਮਾਰਨ ਅਮਰੀਕਾ ਪਹੁੰਚ ਗਿਆ ਪਾਕਿਸਤਾਨੀ ਨਾਗਰਿਕ ! ਅਦਾਲਤ ਨੇ ਸੁਣਾਈ ਮਿਸਾਲੀ ਸਜ਼ਾ

ਡਿਗਵਾ ਦੀ ਕਾਨੂੰਨੀ ਫਰਮ 'ਆਈ.ਕੇ.ਪੀ.' ਨੇ ਦੱਸਿਆ ਕਿ ਦੋਸ਼-ਸਿੱਧੀ ਦੀ ਯੋਗਤਾ ਨੂੰ ਚੁਣੌਤੀ ਦੇਣ ਦੇ ਨਾਲ-ਨਾਲ ਸਜ਼ਾ ਵਧਾਉਣ ਖ਼ਿਲਾਫ਼ ਸੁਪਰੀਮ ਕੋਰਟ ਜਾਣ ਲਈ ਵੱਖਰੀ ਅਰਜ਼ੀ ਦਿੱਤੀ ਗਈ ਹੈ। ਵਕੀਲਾਂ ਦਾ ਕਹਿਣਾ ਹੈ ਕਿ ਅਦਾਲਤ ਨੇ ਇਹ ਮੰਨਿਆ ਸੀ ਕਿ ਡਿਗਵਾ ਕਿਰਪਾਨ ਨੂੰ ਅਪਰਾਧ ਕਰਨ ਜਾਂ ਹਥਿਆਰ ਵਜੋਂ ਵਰਤਣ ਦੇ ਇਰਾਦੇ ਨਾਲ ਘਟਨਾ ਸਥਾਨ 'ਤੇ ਨਹੀਂ ਲਿਆਇਆ ਸੀ, ਪਰ ਇਸ ਦੇ ਬਾਵਜੂਦ ਘੱਟੋ-ਘੱਟ ਸਜ਼ਾ ਵਧਾ ਕੇ 25 ਸਾਲ ਕਰ ਦਿੱਤੀ ਗਈ। ਹਾਲਾਂਕਿ, ਇੰਗਲੈਂਡ ਅਤੇ ਵੇਲਜ਼ ਦੀ ਚੀਫ਼ ਜਸਟਿਸ ਬੈਰੋਨੈੱਸ ਸੂ ਕੈਰ ਨੇ ਆਪਣੇ ਫ਼ੈਸਲੇ 'ਚ ਸਪੱਸ਼ਟ ਕੀਤਾ ਸੀ ਕਿ ਸ਼ੁਰੂਆਤ 'ਚ ਕਾਨੂੰਨੀ ਤੌਰ 'ਤੇ ਹਥਿਆਰ ਰੱਖਣਾ ਬਾਅਦ 'ਚ ਉਸ ਦੀ ਗੈਰ-ਕਾਨੂੰਨੀ ਵਰਤੋਂ ਦੀ ਗੰਭੀਰਤਾ ਨੂੰ ਘੱਟ ਨਹੀਂ ਕਰਦਾ।

ਇਸ ਮਾਮਲੇ 'ਚ ਧਾਰਮਿਕ ਸਵੈ-ਰੱਖਿਆ ਦੀ ਦਲੀਲ ਦਿੱਤੇ ਜਾਣ ਤੋਂ ਬਾਅਦ ਬ੍ਰਿਟੇਨ ਦੀਆਂ ਸਿੱਖ ਜਥੇਬੰਦੀਆਂ, ਆਗੂਆਂ ਅਤੇ ਸੰਸਦ ਮੈਂਬਰਾਂ ਨੇ ਭਾਈਚਾਰੇ ਖ਼ਿਲਾਫ਼ ਨਫ਼ਰਤੀ ਅਪਰਾਧ ਵਧਣ ਦਾ ਖ਼ਦਸ਼ਾ ਪ੍ਰਗਟਾਉਂਦਿਆਂ ਸਪੱਸ਼ਟ ਕੀਤਾ ਸੀ ਕਿ ਕਿਰਪਾਨ ਧਾਰਮਿਕ ਆਸਥਾ ਦਾ ਪ੍ਰਤੀਕ ਹੈ, ਪਰ ਅਜਿਹੇ ਅਪਰਾਧਿਕ ਮਾਮਲੇ 'ਚ ਕੋਈ ਧਾਰਮਿਕ ਛੋਟ ਲਾਗੂ ਨਹੀਂ ਹੁੰਦੀ। ਇਸੇ ਸਾਲ ਜੁਲਾਈ 'ਚ ਡਿਗਵਾ ਦੀ 53 ਸਾਲਾ ਮਾਂ ਕਿਰਨ ਕੌਰ ਨੂੰ ਕਤਲ 'ਚ ਵਰਤਿਆ ਹਥਿਆਰ ਲੁਕਾਉਣ ਅਤੇ ਜਾਂਚ 'ਚ ਅੜਿੱਕਾ ਪਾਉਣ ਦੇ ਜੁਰਮ ਹੇਠ 3 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਸੀ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News