ਐਪਲ ਦੀਆਂ ਕਈ ਪ੍ਰਮੁੱਖ ਸੇਵਾਵਾਂ ਠੱਪ: iCloud ਤੇ App Store ਡਾਊਨ ਹੋਣ ਕਾਰਨ ਹਜ਼ਾਰਾਂ ਯੂਜ਼ਰਸ ਪਰੇਸ਼ਾਨ
Wednesday, Nov 18, 2026 - 02:35 AM (IST)
ਵਾਸ਼ਿੰਗਟਨ : ਦਿੱਗਜ ਟੈੱਕ ਕੰਪਨੀ ਐਪਲ (Apple) ਦੀਆਂ ਕਈ ਅਹਿਮ ਸੇਵਾਵਾਂ ਅਚਾਨਕ ਠੱਪ ਹੋ ਜਾਣ ਕਾਰਨ ਪੂਰੇ ਅਮਰੀਕਾ ਵਿੱਚ ਹੜਕੰਪ ਮਚ ਗਿਆ ਹੈ। ਆਊਟੇਜ ਟਰੈਕਿੰਗ ਪਲੇਟਫਾਰਮ 'ਡਾਊਨਡਿਟੈਕਟਰ' ਅਨੁਸਾਰ, ਮੰਗਲਵਾਰ ਨੂੰ ਐਪਲ ਦੇ ਐਪ ਸਟੋਰ, ਆਈਕਲਾਊਡ ਅਤੇ ਐਪਲ ਪੇ ਸਮੇਤ ਕਈ ਹੋਰ ਸੇਵਾਵਾਂ ਅਚਾਨਕ ਬੰਦ ਹੋ ਗਈਆਂ, ਜਿਸ ਕਾਰਨ ਹਜ਼ਾਰਾਂ ਯੂਜ਼ਰਸ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।
ਇਸ ਤਕਨੀਕੀ ਖਰਾਬੀ ਕਾਰਨ ਕਈ ਐਪਲ ਯੂਜ਼ਰਸ ਨੇ ਸ਼ਿਕਾਇਤ ਕੀਤੀ ਕਿ ਉਨ੍ਹਾਂ ਦੇ ਡਿਵਾਈਸਾਂ ਤੋਂ ਆਈਕਲਾਊਡ ਖਾਤੇ ਅਚਾਨਕ ਆਪਣੇ-ਆਪ ਸਾਈਨ-ਆਊਟ ਹੋ ਗਏ। ਜਦੋਂ ਯੂਜ਼ਰਸ ਨੇ ਮੁੜ ਲੌਗਇਨ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਉਨ੍ਹਾਂ ਨੂੰ 'ਵੈਰੀਫਿਕੇਸ਼ਨ ਫੇਲ੍ਹ' ਹੋਣ ਦੀ ਸਮੱਸਿਆ ਆਈ। ਹੈਰਾਨੀ ਦੀ ਗੱਲ ਇਹ ਰਹੀ ਕਿ ਗਾਹਕਾਂ ਦੀਆਂ ਲਗਾਤਾਰ ਸ਼ਿਕਾਇਤਾਂ ਦੇ ਬਾਵਜੂਦ ਐਪਲ ਦੇ ਅਧਿਕਾਰਤ 'ਸਿਸਟਮ ਸਟੇਟਸ' ਪੇਜ 'ਤੇ ਸਾਰੀਆਂ ਸੇਵਾਵਾਂ ਨੂੰ ਆਮ ਵਾਂਗ ਚਾਲੂ ਦਿਖਾਇਆ ਜਾਂਦਾ ਰਿਹਾ। ਕੰਪਨੀ ਵੱਲੋਂ ਇਸ ਗੜਬੜੀ ਸਬੰਧੀ ਅਜੇ ਤੱਕ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ।
ਐਪਲ ਦੀਆਂ ਸੇਵਾਵਾਂ ਵਿੱਚ ਇਹ ਖਰਾਬੀ ਉਸ ਸਮੇਂ ਆਈ ਹੈ, ਜਦੋਂ ਕੁਝ ਹੀ ਘੰਟੇ ਪਹਿਲਾਂ ਬੀ.ਬੀ.ਸੀ., ਐੱਚ.ਐੱਸ.ਬੀ.ਸੀ. ਯੂ.ਏ.ਈ., ਏਅਰ ਫਰਾਂਸ ਅਤੇ ਆਈਕੀਆ (IKEA) ਸਮੇਤ ਦੁਨੀਆ ਦੀਆਂ ਕਰੀਬ 200 ਪ੍ਰਮੁੱਖ ਵੈੱਬਸਾਈਟਾਂ 'ਤੇ ਸਾਈਬਰ ਹਮਲਾ ਹੋਣ ਦੀ ਰਿਪੋਰਟ ਸਾਹਮਣੇ ਆਈ ਸੀ। ਇਸ ਹਮਲੇ ਦਾ ਮਕਸਦ ਵਿੱਤੀ ਜਾਣਕਾਰੀ ਚੋਰੀ ਕਰਨਾ ਅਤੇ ਐਪਲ ਡਿਵਾਈਸਾਂ ਨੂੰ ਨਿਸ਼ਾਨਾ ਬਣਾਉਣਾ ਸੀ। ਸੁਰੱਖਿਆ ਖੋਜਕਰਤਾਵਾਂ ਅਨੁਸਾਰ, ਹੈਕਰਾਂ ਨੇ ਡਿਜੀਟਲ ਪਲੇਟਫਾਰਮ 'ਆਪਟੀਮਾਈਜ਼ਲੀ' ਰਾਹੀਂ ਜ਼ੂਮ, ਸੀ.ਐੱਨ.ਐੱਨ. ਅਤੇ ਸੇਲਜ਼ਫੋਰਸ ਵਰਗੀਆਂ ਨਾਮੀ ਸਾਈਟਾਂ ਦੇ ਟੂਲਸ ਵਿੱਚ ਖ਼ਤਰਨਾਕ ਕੋਡ ਪਾ ਦਿੱਤਾ ਸੀ।
ਜ਼ਿਕਰਯੋਗ ਹੈ ਕਿ ਇਸ ਤੋਂ ਠੀਕ ਇੱਕ ਦਿਨ ਪਹਿਲਾਂ ਅਮਰੀਕਾ ਦੇ ਕਈ ਵੱਡੇ ਬੈਂਕਾਂ—ਬੈਂਕ ਆਫ਼ ਅਮਰੀਕਾ, ਚੇਜ਼ (Chase), ਯੂ.ਐੱਸ. ਬੈਂਕ ਅਤੇ ਵੈੱਲਜ਼ ਫਾਰਗੋ ਦੀਆਂ ਆਨਲਾਈਨ ਸੇਵਾਵਾਂ ਵੀ ਠੱਪ ਹੋ ਗਈਆਂ ਸਨ, ਜਿਸ ਕਾਰਨ ਗਾਹਕਾਂ ਨੂੰ ਲੈਣ-ਦੇਣ ਵਿੱਚ ਕਾਫ਼ੀ ਪਰੇਸ਼ਾਨੀ ਝੱਲਣੀ ਪਈ ਸੀ।
