ਆਸਟਰੀਆ ਦੇ ਵਿਆਨਾ 'ਚ 6 ਵੱਖ-ਵੱਖ ਥਾਵਾਂ 'ਤੇ ਗੋਲੀਬਾਰੀ, ਕਈਆਂ ਦੀ ਮੌਤ ਦਾ ਖਦਸ਼ਾ
Tuesday, Nov 03, 2020 - 01:40 PM (IST)
ਵਿਆਨਾ- ਆਸਟਰੀਆ ਦੀ ਰਾਜਧਾਨੀ ਵਿਆਨਾ ਵਿਚ ਕੁਝ ਹਥਿਆਰਬੰਦ ਬੰਦੂਕਧਾਰੀਆਂ ਨੇ 6 ਵੱਖ-ਵੱਖ ਥਾਵਾਂ 'ਤੇ ਗੋਲੀਬਾਰੀ ਕੀਤੀ, ਜਿਸ ਵਿਚ ਪੁਲਸ ਮੁਤਾਬਕ ਘੱਟ ਤੋਂ ਘੱਟ 3 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਤੇ ਕਈ ਹੋਰ ਜ਼ਖ਼ਮੀ ਹੋ ਗਏ। ਹਾਲਾਂਕਿ ਕੁਝ ਰਿਪੋਰਟਾਂ ਵਿਚ 7 ਤੋਂ ਵੱਧ ਲੋਕਾਂ ਦੀ ਮੌਤ ਹੋਣ ਦੀ ਖ਼ਬਰ ਵੀ ਸਾਂਝੀ ਕੀਤੀ ਜਾ ਰਹੀ ਹੈ। ਆਸਟਰੀਆ ਦੀ ਚਾਂਸਲਰ ਸੈਬੈਲਿਟੀਅਨ ਕਰੂਜ਼ ਨੇ ਇਸ ਨੂੰ ਇਕ ਅੱਤਵਾਦੀ ਹਮਲਾ ਕਰਾਰ ਦਿੱਤਾ ਹੈ ਤੇ ਕਿਹਾ ਕਿ ਇਕ ਹਮਲਾਵਰ ਮਾਰਿਆ ਗਿਆ ਹੈ।
ਇਹ ਵੀ ਪੜ੍ਹੋ- ਅਮਰੀਕਾ 'ਚ 23 ਸਾਲਾ ਪੰਜਾਬੀ ਟਰੱਕ ਡਰਾਈਵਰ ਦੀ ਹਾਦਸੇ 'ਚ ਮੌਤ
ਆਸਟਰੀਆ ਦੇ ਗ੍ਰਹਿ ਮੰਤਰੀ ਕਾਰਲ ਨੇਹਮਾ ਨੇ ਦੱਸਿਆ ਕਿ ਅਜੇ ਘੱਟ ਤੋਂ ਘੱਟ ਇਕ ਹੋਰ ਹਮਲਾਵਰ ਦੀ ਭਾਲ ਜਾਰੀ ਹੈ। ਗੋਲੀਬਾਰੀ ਵਿਆਨਾ ਦੇ ਸੈਂਟਰਲ ਸਿਨੇਗਾਗ (ਯਹੂਦੀਆਂ ਦੇ ਧਾਰਮਿਕ ਸਥਾਨ) ਕੋਲ ਵਾਪਰੀ ਪਰ ਅਜੇ ਇਹ ਸਪੱਸ਼ਟ ਨਹੀਂ ਹੋਇਆ ਕਿ ਇਸ ਨੂੰ ਹੀ ਨਿਸ਼ਾਨਾ ਬਣਾਇਆ ਗਿਆ ਜਾਂ ਨਹੀਂ।
ਇਹ ਹਮਲਾ ਰਾਤ ਦੇ 8 ਵਜੇ ਹੋਇਆ ਤੇ ਲੋਕਾਂ ਨੂੰ ਕਿਸੇ ਵੀ ਅਫਵਾਹ ਤੋਂ ਬਚਣ ਲਈ ਅਪੀਲ ਕੀਤੀ ਗਈ ਹੈ। ਲੋਕਾਂ ਨੂੰ ਘਰਾਂ ਅੰਦਰ ਹੀ ਰਹਿਣ ਲਈ ਕਿਹਾ ਗਿਆ ਹੈ ਤਾਂ ਕਿ ਪੁਲਸ ਆਪਣਾ ਕੰਮ ਚੰਗੀ ਤਰ੍ਹਾਂ ਕਰ ਸਕੇ।
ਦੱਸਿਆ ਜਾ ਰਿਹਾ ਹੈ ਕਿ ਹਮਲਾਵਰਾਂ ਕੋਲ ਆਧੁਨਿਕ ਹਥਿਆਰ ਸਨ, ਇਸ ਤੋਂ ਸਪੱਸ਼ਟ ਹੈ ਕਿ ਇਹ ਹਮਲਾਵਰ ਬਹੁਤ ਤਿਆਰੀ ਨਾਲ ਆਏ ਸਨ। ਜੇਕਰ ਪੁਲਸ ਸਮੇਂ ਸਿਰ ਕਾਰਵਾਈ ਨਾ ਕਰਦੀ ਤਾਂ ਸ਼ਾਇਦ ਲਾਸ਼ਾਂ ਦੇ ਢੇਰ ਲੱਗ ਜਾਂਦੇ ਪਰ ਪੁਲਸ ਨੇ ਸਮਾਂ ਰਹਿੰਦਿਆਂ ਕਾਰਵਾਈ ਕੀਤੀ। ਜ਼ਿਕਰਯੋਗ ਹੈ ਕਿ ਭਾਰਤ ਨੇ ਇਸ ਹਮਲੇ ਦੀ ਨਿੰਦਾ ਕੀਤੀ ਹੈ ਤੇ ਪੀ. ਐੱਮ. ਮੋਦੀ ਨੇ ਕਿਹਾ ਕਿ ਭਾਰਤ ਆਸਟਰੀਆ ਨਾਲ ਖੜ੍ਹਾ ਹੈ।