ਕ੍ਰਿਸਮਸ ਤੋਂ ਪਹਿਲਾਂ ਅੱਤਵਾਦੀਆਂ ਵਲੋਂ ਚਰਚ ’ਤੇ ਕੀਤੇ ਹਮਲੇ ਦੀ ਵੀਡੀਓ ਵਾਇਰਲ
Monday, Dec 18, 2017 - 02:38 PM (IST)

ਪੇਸ਼ਾਵਰ (ਏਜੰਸੀ)- ਕਵੇਟਾ ’ਚ ਐਤਵਾਰ ਨੂੰ ਹੋਏ ਚਰਚ ਵਿਚ ਆਤਮਘਾਤੀ ਹਮਲੇ ਦੀ ਵੀਡੀਓ ਸਾਹਮਣੇ ਆਈ ਹੈ, ਜਿਸ ਵਿਚ ਸਾਫ ਤੌਰ ’ਤੇ ਦੇਖਿਆ ਜਾ ਸਕਦਾ ਹੈ ਕਿ 2 ਆਤਮਘਾਤੀ ਹਮਲਾਵਰ ਚਰਚ ’ਤੇ ਪਹਿਲਾਂ ਗੋਲੀਆਂ ਚਲਾ ਰਹੇ ਹਨ। ਇਸ ਹਮਲੇ ਵਿਚ ਤਕਰੀਬਨ 9 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 45 ਲੋਕ ਜ਼ਖਮੀ ਹੋ ਗਏ। ਅਫਗਾਨ ਬਾਰਡਰ ਤੋਂ 65 ਕਿਲੋਮੀਟਰ ਦੂਰ ਕਵੇਟਾ ਸਥਿਤ ਈਸਾਈ ਭਾਈਚਾਰੇ ਦੇ ਮੇਥੋਡਿਸਟ ਚਰਚ ’ਤੇ ਇਹ ਹਮਲਾ ਹੋਇਆ, ਜਿਸ ਦੀ ਜ਼ਿੰਮੇਵਾਰੀ ਆਈ.ਐਸ.ਆਈ.ਐਸ. ਅੱਤਵਾਦੀਆਂ ਨੇ ਲਈ ਹੈ। ਸੀ.ਸੀ.ਟੀ.ਵੀ. ਫੁਟੇਜ ਵਿਚ ਸਾਫ ਦੇਖਿਆ ਜਾ ਸਕਦਾ ਹੈ ਕਿ ਦੋ ਹਮਲਾਵਰਾਂ ਵਲੋਂ ਆਪਣੀਆਂ ਮਸ਼ੀਨ ਗੰਨ ਨਾਲ ਪਹਿਲਾਂ ਤਾਂ ਚਰਚ ’ਤੇ ਗੋਲੀਆਂ ਚਲਾਈਆਂ ਜਾ ਰਹੀਆਂ ਹਨ, ਜਦੋਂ ਕਿ ਦੂਜਾ ਆਤਮਘਾਤੀ ਗੇਟ ਖੋਲ੍ਹਣ ਦੀ ਕੋਸ਼ਿਸ਼ ਕਰ ਰਿਹਾ ਹੈ, ਜਦੋਂ ਉਸ ਕੋਲੋਂ ਗੇਟ ਨਾ ਖੁੱਲ੍ਹਾ ਤਾਂ ਉਹ ਗੇਟ ਟੱਪ ਕੇ ਅੰਦਰ ਦਾਖਲ ਹੋ ਗਿਆ। ਇਕ ਨਿਊਜ਼ ਏਜੰਸੀ ਮੁਤਾਬਕ ਆਈ.ਐੱਸ. ਨੇ ਕਿਹਾ ਕਿ ਸਾਡੇ ਦੋ ਅੱਤਵਾਦੀਆਂ ਨੇ ਕਵੇਟਾ ਦੇ ਇਮਦਾਦ ਸਕਵਾਇਰ 'ਚ ਬੇਥੇਲ ਮੈਮੋਰਿਅਲ ਚਰਚ 'ਤੇ ਹਮਲਾ ਕੀਤਾ, ਜਿੱਥੇ ਕਰੀਬ 400 ਸ਼ਰਧਾਲੂ ਮੌਜੂਦ ਸਨ।
ਆਈ.ਐੱਸ. ਨੇ ਕਿਹਾ ਕਿ ਉਨ੍ਹਾਂ 'ਚੋਂ ਇੱਕ ਨੇ ਵਿਸਫੋਟਕ ਬੈਲਟ ਪਹਿਨੀ ਹੋਈ ਸੀ, ਜਿਸਦੇ ਨਾਲ ਉਸਨੇ ਧਮਾਕਾ ਕੀਤਾ, ਜਦੋਂ ਕਿ ਦੂਜਾ ਅੱਤਵਾਦੀ ਪਾਕਿਸਤਾਨੀ ਸੁਰੱਖਿਆ ਬਲਾਂ ਨਾਲ ਹੋਈ ਗੋਲੀਬਾਰੀ ’ਚ ਮਾਰਿਆ ਗਿਆ।
ਤੁਹਾਨੂੰ ਦੱਸ ਦਈਏ ਕਿ ਕ੍ਰਿਸਮਸ ਤੋਂ ਕੁਝ ਹੀ ਦਿਨ ਪਹਿਲਾਂ ਲੋਕ ਚਰਚ ਵਿਚ ਸਜਾਵਟਾਂ ਕਰ ਰਹੇ ਸਨ, ਲੋਕਾਂ ਵਿਚ ਖੁਸ਼ੀ ਦਾ ਮਾਹੌਲ ਸੀ। ਜਿਸ ਨੂੰ ਅੱਤਵਾਦੀਆਂ ਨੇ ਪਲਾਂ ਵਿਚ ਖਤਮ ਕਰ ਦਿੱਤਾ ਅਤੇ ਹੱਸਦੇ-ਵਸਦੇ ਲੋਕਾਂ ਨੂੰ ਰੋਣ ਨੂੰ ਮਜਬੂਰ ਕਰ ਦਿੱਤਾ। ਚਰਚ ਅੰਦਰ ਥਾਂ-ਥਾਂ ਖੂਨ ਨਾਲ ਲਥਪਥ ਦੀਵਾਰਾਂ ਅਤੇ ਫਰਸ਼ ’ਤੇ ਲਾਸ਼ਾਂ ਪਈਆਂ ਹਨ।