ਵਿਕਟੋਰੀਆ 'ਚ ਭਾਰੀ ਮੀਂਹ ਕਾਰਨ ਖੁਸ਼ੀਆਂ ਨੂੰ ਲੱਗਾ ਗ੍ਰਹਿਣ, ਰੱਦ ਕਰਨਾ ਪਿਆ ਵਿਆਹ

12/02/2017 5:22:50 PM

ਵਿਕਟੋਰੀਆ (ਏਜੰਸੀ)— ਆਸਟ੍ਰੇਲੀਆ ਦੇ ਵਿਕਟੋਰੀਆ 'ਚ ਭਾਰੀ ਮੀਂਹ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਤਰੀ-ਪੱਛਮੀ ਵਿਕਟੋਰੀਆ ਦੇ ਟਾਊਨ ਯੂਰੋਆ 'ਚ ਭਾਰੀ ਮੀਂਹ ਕਾਰਨ ਇਕ ਜੋੜੇ ਦਾ ਵਿਆਹ ਰੱਦ ਕਰਨਾ ਪਿਆ। ਜੋੜਾ ਆਪਣੇ ਆਪ ਨੂੰ ਬਦਕਿਸਮਤ ਮੰਨ ਰਿਹਾ ਹੈ, ਜਿਨ੍ਹਾਂ ਦੇ ਵਿਆਹ ਵਾਲੇ ਦਿਨ ਚਾਰੇ ਪਾਸੇ ਪਾਣੀ ਹੀ ਪਾਣੀ ਭਰ ਗਿਆ। ਇਹ ਵਿਆਹ ਯੂਰੋਆ ਬਟਰ ਫੈਕਟਰੀ 'ਚ ਹੋਣਾ ਸੀ। ਵਿਆਹ 'ਚ ਤਕਰੀਬਨ 85 ਮਹਿਮਾਨਾਂ ਨੇ ਸ਼ਿਰਕਤ ਕਰਨੀ ਸੀ। 
ਵਿਆਹ ਦੀਆਂ ਪੂਰੀਆਂ ਤਿਆਰੀਆਂ ਮੁਕੰਮਲ ਸਨ। ਮੇਜ ਨੂੰ ਪੂਰੀ ਤਰ੍ਹਾਂ ਸੈਟ ਕੀਤਾ ਗਿਆ। ਫੁੱਲਾਂ ਨਾਲ ਉਨ੍ਹਾਂ ਨੂੰ ਸਜਾਇਆ ਗਿਆ ਅਤੇ ਵੈਡਿੰਗ ਕੇਕ ਤਿਆਰ ਸੀ। ਫੈਕਟਰੀ ਦੇ ਮਾਲਕ ਨੇ ਕਿਹਾ ਕਿ ਪਾਣੀ ਕਾਰਨ ਰਸਤੇ ਬੰਦ ਸਨ ਅਤੇ ਵਿਆਹ ਰੱਦ ਕਰਨਾ ਪਿਆ। ਇਹ ਖਬਰ ਜੋੜੇ ਨੂੰ ਦਿੱਤੀ ਗਈ ਤਾਂ ਖਬਰ ਮਿਲਦੇ ਹੀ ਵਿਆਹ ਵਾਲਾ ਜੋੜਾ ਰੋਣ ਲੱਗ ਪਿਆ। ਉਨ੍ਹਾਂ ਨੇ ਕਿਹਾ ਕਿ ਉਹ ਪਿਛਲੇ 18 ਮਹੀਨਿਆਂ ਤੋਂ ਆਪਣੇ ਵਿਆਹ ਦੀਆਂ ਤਿਆਰੀਆਂ ਕਰ ਰਹੇ ਸਨ। ਉਹ ਆਪਣੇ ਵਿਆਹ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਸਨ ਅਤੇ ਇਸ ਖਬਰ ਨੇ ਉਨ੍ਹਾਂ ਨੂੰ ਉਦਾਸ ਕਰ ਦਿੱਤਾ। 
ਫੈਕਟਰੀ ਦੇ ਮਾਲਕ ਨੇ ਕਿਹਾ ਕਿ ਪੂਰੀ ਰਾਤ ਤਕਰੀਬਨ ਬਹੁਤ ਭਾਰੀ ਮੀਂਹ ਪਿਆ। ਉਨ੍ਹਾਂ ਦੱਸਿਆ ਕਿ ਜਿੱਥੇ ਵਿਆਹ ਹੋਣਾ ਸੀ, ਉਸ ਦੇ ਬਾਹਰ ਹੀ ਪਾਣੀ-ਪਾਣੀ ਭਰ ਗਿਆ। ਮੌਸਮ ਵਿਭਾਗ ਮੁਤਾਬਕ ਹੋਰ ਭਾਰੀ ਮੀਂਹ ਪੈਣ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ।


Related News