ਵਿਕਟੋਰੀਆ ਦੇ ਹੋਟਲ ਕੁਆਰੰਟੀਨ ਮਾਮਲਿਆਂ ਸਬੰਧੀ ਰਿਪੋਰਟ ਪੇਸ਼, ਦੇਰੀ ਲਈ ਪ੍ਰੀਮੀਅਰ ਨੇ ਮੰਗੀ ਮੁਆਫ਼ੀ
Monday, Dec 21, 2020 - 03:46 PM (IST)
ਮੈਲਬੌਰਨ (ਭਾਸ਼ਾ): ਕਈ ਮਹੀਨਿਆਂ ਦੀ ਪੜਤਾਲ ਅਤੇ ਘੱਟੋ ਘੱਟ ਤਿੰਨ ਹਾਈ ਪ੍ਰੋਫਾਈਨ ਅਧਿਕਾਰੀਆਂ ਦੇ ਅਸਤੀਫ਼ੇ ਤੋਂ ਬਾਅਦ ਪ੍ਰੀਮੀਅਰ ਡੇਨੀਅਲ ਐਂਡ੍ਰਿਊਜ਼ ਨੇ ਰਾਜ ਵਿਚ ਕੇਰੋਨਾ ਦੇ ਹਮਲੇ ਦੌਰਾਨ ਹੋਏ ਹੋਟਲ ਕੁਆਰੰਟੀਨ ਮਾਮਲਿਆਂ ਵਿਚ ਗੜਬੜੀ ਦੀ ਪੜਤਾਲੀਆ ਰਿਪੋਰਟ ਜਨਤਕ ਤੌਰ ਤੇ ਪੇਸ਼ ਕਰ ਦਿੱਤੀ ਅਤੇ ਦੇਰੀ ਲਈ ਮੁਆਫ਼ੀ ਵੀ ਮੰਗੀ। ਉਕਤ 500 ਸਫਿਆਂ ਦੀ ਰਿਪੋਰਟ ਵਿਚ 800 ਲੋਕਾਂ ਦੀ ਕੋਰੋਨਾ ਕਾਰਨ ਹੋਈ ਮੌਤ ਸਬੰਧੀ ਪੜਤਾਲ ਵਿਚ 63 ਗਵਾਹਾਂ ਦੇ ਬਿਆਨ ਦਰਜ ਕੀਤੇ ਗਏ ਹਨ। ਰਿਪੋਰਟ ਵਿਚ ਰਿਟਾਇਰਡ ਜੱਜ ਜੈਨੀਫਰ ਕੋਟੇ ਨੇ ਦਰਸਾਇਆ ਕਿ ਇਸ ਸਾਰੇ ਕਾਰਜ ਦੌਰਾਨ ਕਿਸੇ ਵੀ ਵਿਅਕਤੀ ਵਿਸ਼ੇਸ਼ ਜਾਂ ਏਜੰਸੀ ਨੇ ਇਸ ਦੀ ਜ਼ਿੰਮੇਵਾਰੀ ਨਹੀਂ ਲਈ ਪਰ ਇਸ ਦਾ ਬਿਹਤਰ ਬਦਲ ਸਿਰਫ ਰਾਜ ਦੀ ਪੁਲਸ ਹੀ ਹੋ ਸਕਦੀ ਸੀ।
ਪ੍ਰੀਮੀਅਰ ਨੇ ਹੋਟਲ ਕੁਆਰੰਟੀਨ ਦੌਰਾਨ ਨਿੱਜੀ ਸੁਰੱਖਿਆ ਗਾਰਡਾਂ ਦੀ ਉਕਤ ਗਲਤੀ 'ਤੇ ਕਿਹਾ ਕਿ ਇਤਿਹਾਸ ਨੂੰ ਬਦਲਣ ਦੀ ਤਾਕਤ ਜੇਕਰ ਉਨ੍ਹਾਂ ਵਿਚ ਹੁੰਦੀ ਤਾਂ ਉਹ ਜ਼ਰੂਰ ਇਸ ਗਲਤੀ ਨੂੰ ਬਦਲ ਦਿੰਦੇ ਪਰ ਜੋ ਕੁਦਰਤ ਦਾ ਭਾਣਾ ਵਰਤ ਚੁੱਕਿਆ ਹੈ ਇਸ ਲਈ ਉਹ ਸਿਰਫ ਮੁਆਫ਼ੀ ਹੀ ਮੰਗ ਸਕਦੇ ਹਨ। ਜ਼ਿਕਰਯੋਗ ਇਹ ਵੀ ਹੈ ਕਿ ਜਦੋਂ ਰਾਜ ਵਿਚ ਕੋਰੋਨਾ ਦੀ ਮਾਰ ਦਾ ਦੂਸਰਾ ਹਮਲਾ ਹੋਇਆ ਸੀ ਤਾਂ ਜਲਦਬਾਜ਼ੀ ਵਿਚ ਹੋਟਲ ਕੁਆਰੰਟੀਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਸੀ ਪਰ ਹੋਟਲਾਂ ਅੰਦਰ ਜਿਹੜੇ ਨਿਜੀ ਸੁਰੱਖਿਆ ਗਾਰਡ ਤਾਇਨਾਤ ਸਨ, ਉਨ੍ਹਾਂ ਵੱਲ ਕਿਸੇ ਦਾ ਵੀ ਧਿਆਨ ਨਾ ਗਿਆ ਅਤੇ ਉਹ ਆਪਣੀਆਂ ਡਿਊਟੀਆਂ ਬਦਲ-ਬਦਲ ਕੇ ਕਰਦੇ ਰਹੇ (ਮੈਲਬੌਰਨ ਦੇ ਰਿਜਿਜ਼ ਅਤੇ ਸਟੈਮਫੋਰਡ ਪਲਾਜ਼ਾ ਹੋਟਲ) ਅਤੇ ਇਸ ਨਾਲ ਕੋਰੋਨਾ ਫੈਲਦਾ ਰਿਹਾ ਅਤੇ ਘੱਟੋ ਘੱਟ 18,000 ਲੋਕ ਇਸ ਨਾਲ ਪ੍ਰਭਾਵਿਤ ਹੋਏ ਅਤੇ 800 ਲੋਕਾਂ ਨੂੰ ਕੀਮਤੀ ਜਾਨਾਂ ਵੀ ਗੁਆਉਣੀਆਂ ਪਈਆਂ।
ਪੜ੍ਹੋ ਇਹ ਅਹਿਮ ਖਬਰ- ਸ਼ਾਰਲੀ ਐਬਦੋ ਹਮਲੇ 'ਚ 4 ਪਾਕਿਸਤਾਨੀ ਨੌਜਵਾਨ ਗ੍ਰਿਫ਼ਤਾਰ
ਇਸ ਬਾਰੇ ਵਿਚ ਵਿਕਟੋਰੀਆ ਪੁਲਸ ਕਮਿਸ਼ਨਰ ਗਰਾਹਮ ਐਸ਼ਟਨ ਦਾ ਬਿਆਨ ਹੈ ਕਿ ਸ਼ਾਇਦ ਐਕਲੀਜ਼ ਨੇ ਕਿਹਾ ਸੀ ਕਿ ਏ.ਡੀ.ਐਫ. ਸਾਰੇ ਯਾਤਰੀਆਂ ਨੂੰ ਹੋਟਲ ਕੁਆਰੰਟੀਨ ਵਿਚ ਲੈ ਕੇ ਆਵੇਗਾ ਅਤੇ ਹੋਟਲਾਂ ਦੇ ਨਿਜੀ ਸੁਰੱਖਿਆ ਗਾਰਡਾਂ ਪਹਿਲਾਂ ਦੀ ਤਰ੍ਹਾਂ ਹੀ ਤਾਇਨਾਤ ਰਹਿਣਗੇ। ਇਸ ਬਾਰੇ ਵਿਚ ਇੱਕ ਫੋਨ ਕਾਲ ਦਾ ਵੀ ਸਬੂਤ ਪੇਸ਼ ਕੀਤਾ ਗਿਆ ਹੈ। ਭਾਵੇਂਕਿ, ਇਸ ਪੜਤਾਲ ਨੂੰ ਚੁਣੌਤੀ ਦੇ ਰਹੇ ਵਕੀਲਾਂ ਦੀ ਟੀਮ ਨੇ ਕਿਹਾ ਹੈ ਕਿ ਨਿੱਜੀ ਸੁਰੱਖਿਆ ਗਾਰਡਾਂ ਦੀ ਹੋਟਲਾਂ ਵਿਚ ਤਾਇਨਾਤੀ ਸਬੰਧੀ ਕੋਈ ਪੁਖ਼ਤਾ ਸਬੂਤ ਪੇਸ਼ ਨਹੀਂ ਕੀਤਾ ਜਾ ਸਕਿਆ ਅਤੇ ਸਿਰਫ ਅੰਦਾਜ਼ੇ ਹੀ ਬਿਆਨ ਕੀਤੇ ਗਏ ਹਨ।