ਹੁਣ ਵੈਨਕੂਵਰ ਦੇ ਗਰੌਸਰੀ ਸਟੋਰਾਂ ਤੋਂ ਵੀ ਮਿਲਿਆ ਕਰੇਗੀ ਸ਼ਰਾਬ

04/21/2018 9:31:21 AM

ਨਿਊਯਾਰਕ/ਵੈਨਕੂਵਰ, (ਰਾਜ ਗੋਗਨਾ)—ਕੈਨੇਡਾ ਦੇ ਸ਼ਹਿਰ ਵੈਨਕੂਵਰ ਵਿੱਚ ਸ਼ਰਾਬ ਦੇ ਸ਼ੌਕੀਨਾਂ ਲਈ ਖੁਸ਼ੀ ਦੀ ਖਬਰ ਹੈ ਕਿ ਉਨ੍ਹਾਂ ਨੂੰ ਹੁਣ ਸ਼ਰਾਬ ਦੇ ਠੇਕੇ 'ਤੇ ਜਾਣ ਦੀ ਥਾਂ ਗਰੌਸਰੀ ਸਟੋਰਾਂ ਤੋਂ ਵੀ ਸ਼ਰਾਬ ਮਿਲਿਆ ਕਰੇਗੀ। ਵੈਨਕੂਵਰ ਸਿਟੀ ਕੌਂਸਲ ਨੇ ਮੰਗਲਵਾਰ ਨੂੰ ਜਨਤਕ ਸੁਣਵਾਈ ਤੋਂ ਬਾਅਦ ਸ਼ਹਿਰ ਦੇ ਗਰੌਸਰੀ ਸਟੋਰਾਂ 'ਤੇ ਸ਼ਰਾਬ ਵੇਚਣ ਨੂੰ ਮਨਜ਼ੂਰੀ ਦੇ ਦਿੱਤੀ। ਸਿਟੀ ਕੌਂਸਲ ਵੱਲੋਂ 'ਗਰੌਸਟੀ ਸਟੋਰ ਵਿਦ ਲਿਕੁਅਰ ਸਟੋਰ' ਨਾਂ ਹੇਠ ਨਵੀਂ ਰਿਟੇਲ ਕੈਟੇਗਰੀ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਸ ਨਾਲ ਹੁਣ ਉਹ ਗਰੌਸਰੀ ਸਟੋਰ ਸ਼ਰਾਬ ਵੇਚ ਸਕਣਗੇ, ਜਿਹੜੇ ਸੂਬਾ ਸਰਕਾਰ ਦੇ ਸ਼ਰਾਬ ਵੇਚਣ ਦਾ ਮਾਪਦੰਡ ਪੂਰੇ ਕਰਦੇ ਹੋਣਗੇ, ਜਿਸ ਤਹਿਤ ਗਰੌਸਰੀ ਸਟੋਰ ਦੇ ਅੰਦਰ ਸ਼ਰਾਬ ਵੇਚਣ ਲਈ ਵੱਖਰਾ ਸਟੋਰ ਬਣਾਉਣਾ ਸ਼ਾਮਲ ਹੈ। 
ਡਰੱਗ ਸਟੋਰ ਜਿਹੜੇ ਕਿ ਪੁਰਾਣੇ ਗਰੌਸਰੀ ਸਟੋਰ ਉਪਨਿਯਮਾਂ ਅਧੀਨ ਆਉਂਦੇ ਹਨ, ਨੂੰ ਸ਼ਰਾਬ ਵੇਚਣ ਦੀ ਆਗਿਆ ਨਹੀਂ ਹੋਵੇਗੀ। ਇਸ ਸਬੰਧੀ ਗੱਲਬਾਤ ਕਰਦਿਆਂ ਸਿਟੀ ਕੌਂਸਲ ਦੇ ਡਿਵੈੱਲਮੈਂਟ, ਬਿਲਡਿੰਗਜ਼ ਤੇ ਲਾਇਸੈਂਸਿੰਗ ਵਿਭਾਗ ਦੇ ਜਨਰਲ ਮੈਨੇਜਰ ਕਾਏ ਕ੍ਰਿਸ਼ਨਾ ਨੇ ਕਿਹਾ ਕਿ ਅਸੀਂ ਸ਼ਹਿਰ ਦੀਆਂ ਸ਼ਰਾਬ ਨੀਤੀਆਂ ਬਾਰੇ ਪਿਛਲੇ ਕੁਝ ਸਾਲਾਂ ਤੋਂ ਵੱਡੇ ਪੱਧਰ 'ਤੇ ਜਨਤਾ ਅਤੇ ਭਾਈਵਾਲਾਂ ਨਾਲ ਸਲਾਹ-ਮਸ਼ਵਰਾ ਕਰਦੇ ਆ ਰਹੇ ਹਾਂ। ਇਹ ਸੋਧਾਂ ਨਾ ਸਿਰਫ ਜਨਤਾ ਦੀ ਬੇਨਤੀ ਨੂੰ ਸੰਤੁਲਿਤ ਰੱਖਣਗੀਆਂ ਸਗੋਂ ਸਾਡੇ ਸ਼ਰਾਬ ਦੇ ਉਪਨਿਯਮਾਂ ਨੂੰ ਸੂਬੇ ਦੇ ਨਿਯਮਾਂ ਦੀ ਕਤਾਰ ਵਿਚ ਲਿਆਂਦਾ ਹੈ। ਬ੍ਰਿਟਿਸ਼ ਕੋਲੰਬੀਆ ਦੇ ਸ਼ਰਾਬ ਕੰਟਰੋਲ ਨਿਯਮਾਂ ਮੁਤਾਬਕ ਗਰੌਸਰੀ ਸਟੋਰ ਘੱਟੋ-ਘੱਟ 10,000 ਵਰਗ ਫੁੱਟ ਦਾ ਹੋਣਾ ਚਾਹੀਦਾ ਹੈ ਅਤੇ ਇਹ ਦੂਸਰੇ ਸ਼ਰਾਬ ਸਟੋਰ ਜਿਹੜਾ ਕਿ ਪਹਿਲਾਂ ਹੀ ਸਟੋਰ ਵਜੋਂ ਮਾਨਤਾ ਪ੍ਰਾਪਤ ਕਰ ਚੁੱਕਾ ਹੈ, ਨਾਲੋਂ ਇਕ ਕਿਲੋਮੀਟਰ ਦੂਰ ਹੋਣਾ ਚਾਹੀਦਾ ਹੈ।


Related News