ਕੈਨੇਡਾ : ਵੈਨਕੁਵਰ ਆਈਲੈਂਡ ''ਚ ਵਧੇ ਕੋਰੋਨਾ ਮਾਮਲੇ, ਲਾਗੂ ਹੋ ਸਕਦੈ ਇਹ ਨਿਯਮ
Wednesday, Nov 18, 2020 - 04:37 PM (IST)
ਵਿਕਟੋਰੀਆ- ਵੈਨਕੁਵਰ ਆਈਲੈਂਡ ਦੇ ਉੱਚ ਡਾਕਟਰ ਨੇ ਸਲਾਹ ਦਿੱਤੀ ਹੈ ਕਿ ਉਨ੍ਹਾਂ ਦਾ ਵਿਚਾਰ ਹੈ ਕਿ ਇੱਥੇ ਆਉਣ ਦੇ ਇਛੁੱਕ ਲੋਕਾਂ ਲਈ ਘੱਟੋ-ਘੱਟ 14 ਦਿਨਾਂ ਲਈ ਇਕਾਂਤਵਾਸ ਨਿਯਮ ਲਾਗੂ ਕੀਤਾ ਜਾਵੇ।
ਡਾਕਟਰ ਰਿਚਰਡ ਸਟਾਨਵਿਕ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਮਾਮਲੇ ਇੱਥੇ ਪਿਛਲੇ ਦੋ ਹਫ਼ਤਿਆਂ ਤੋਂ ਸਾਹਮਣੇ ਆ ਰਹੇ ਹਨ। ਇਸ ਦਾ ਕਾਰਨ ਇੱਥੋਂ ਬਾਹਰ ਜਾਣ ਵਾਲੇ ਤੇ ਇੱਥੇ ਘੁੰਮਣ ਆਉਣ ਵਾਲੇ ਲੋਕ ਹਨ, ਜੋ ਆਪਣੀ ਸਿਹਤ ਦਾ ਧਿਆਨ ਨਹੀਂ ਰੱਖਦੇ।
ਉਨ੍ਹਾਂ ਕਿਹਾ ਕਿ ਇੱਥੇ ਕੋਰੋਨਾ ਦੇ ਮਾਮਲੇ ਵਧਣ ਦਾ ਦੋਸ਼ ਸਿਰਫ਼ ਬਾਹਰੋਂ ਆਉਣ ਵਾਲੇ ਲੋਕਾਂ ਸਿਰ ਨਹੀਂ ਮੜ੍ਹਿਆ ਜਾ ਸਕਦਾ ਕਿਉਂਕਿ ਵੱਡੀ ਗਿਣਤੀ ਵਿਚ ਇੱਥੋਂ ਦੇ ਲੋਕ ਵੀ ਬਾਹਰ ਜਾਂਦੇ ਹਨ ਤੇ ਸੁਭਾਵਿਕ ਹੈ ਕਿ ਲੋਕ ਮਾਸਕ ਲਾਉਣ ਜਾਂ ਸਮਾਜਕ ਦੂਰੀ ਬਣਾ ਕੇ ਰੱਖਣ ਵਰਗੀਆਂ ਹਿਦਾਇਤਾਂ ਦੀ ਪਾਲਣਾ ਨਹੀਂ ਕਰਦੇ, ਜਿਸ ਕਾਰਨ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ।
ਸਿਹਤ ਅਧਿਕਾਰੀ ਨੇ ਕਿਹਾ ਕਿ ਸਾਨੂੰ ਜਾਣਕਾਰੀ ਮਿਲੀ ਹੈ ਕਿ 20 ਲੋਕ ਲੋਅਰ ਮੇਨਲੈਂਡ ਤੋਂ ਆਪਣੇ ਨਾਲ ਇਸ ਵਾਇਰਸ ਨੂੰ ਲੈ ਕੇ ਆਏ ਤੇ ਜਾਂਦੇ-ਜਾਂਦੇ ਹੋਰ 20 ਲੋਕਾਂ ਨੂੰ ਵਾਇਰਸ ਦਾ ਸ਼ਿਕਾਰ ਬਣਾ ਗਏ। ਇਸ ਦੇ ਬਾਅਦ ਉਨ੍ਹਾਂ ਨੇ 4 ਹੋਰਾਂ ਤੱਕ ਇਹ ਵਾਇਰਸ ਪਹੁੰਚਾ ਦਿੱਤਾ।
ਇਸੇ ਲਈ ਕੋਰੋਨਾ ਮਾਮਲਿਆਂ ਨੂੰ ਘਟਾਉਣ ਲਈ ਇਹ ਜ਼ਰੂਰੀ ਕਦਮ ਚੁੱਕਿਆ ਜਾ ਰਿਹਾ ਹੈ ਕਿ ਜੋ ਵੀ ਕੋਈ ਇੱਥੇ ਆਵੇਗਾ, ਉਸ ਨੂੰ ਪਹਿਲਾਂ 14 ਦਿਨਾਂ ਲਈ ਇਕਾਂਤਵਾਸ ਰਹਿਣਾ ਪਵੇਗਾ। ਉਨ੍ਹਾਂ ਕਿਹਾ ਉਨ੍ਹਾਂ ਦੇ ਸੂਬੇ ਦੀ ਸਿਹਤ ਮੰਤਰੀ ਡਾਕਟਰ ਬੋਨੀ ਹੈਨਰੀ ਅੱਗੇ ਇਸ ਮੁੱਦੇ ਨੂੰ ਚੁੱਕਿਆ ਹੈ ਤੇ ਆਸ ਹੈ ਕਿ ਜਲਦੀ ਹੀ ਇਹ ਨਿਯਮ ਲਾਗੂ ਹੋਵੇਗਾ। ਉਨ੍ਹਾਂ ਕਿਹਾ ਕਿ ਜਦ ਤਕ ਕੋਰੋਨਾ ਦਾ ਸਫਲ ਵੈਕਸੀਨ ਲੋਕਾਂ ਤੱਕ ਪੁੱਜ ਨਹੀਂ ਜਾਂਦਾ ਤਦ ਤੱਕ ਸਾਵਧਾਨੀ ਵਰਤਣ ਦੀ ਜ਼ਰੂਰਤ ਹੈ।