ਆਖਿਰ 14 ਫਰਵਰੀ ਨੂੰ ਹੀ ਕਿਉਂ ਮਨਾਇਆ ਜਾਂਦਾ ਹੈ ''ਵੈਲੇਂਟਾਈਨ ਡੇਅ'', ਜਾਣੋ ਇਸ ਦੇ ਪਿੱਛੇ ਦੀ ਕਹਾਣੀ

Sunday, Feb 14, 2021 - 05:58 PM (IST)

ਆਖਿਰ 14 ਫਰਵਰੀ ਨੂੰ ਹੀ ਕਿਉਂ ਮਨਾਇਆ ਜਾਂਦਾ ਹੈ ''ਵੈਲੇਂਟਾਈਨ ਡੇਅ'', ਜਾਣੋ ਇਸ ਦੇ ਪਿੱਛੇ ਦੀ ਕਹਾਣੀ

ਇੰਟਰਨੈਸ਼ਨਲ ਡੈਸਕ (ਬਿਊਰੋ): ਅੱਜ 14 ਫਰਵਰੀ ਹੈ। ਅੱਜ ਦਾ ਦਿਨ ਪੂਰੀ ਦੁਨੀਆ ਵਿਚ ਵੈਲੈਂਟਾਈਨ ਡੇਅ ਦੇ ਤੌਰ 'ਤੇ ਮਨਾਇਆ ਜਾਂਦਾ ਹੈ। ਦੁਨੀਆ ਭਰ ਦੇ ਪ੍ਰੇਮੀ ਜੋੜੇ ਵੈਲੇਂਟਾਈਨ ਡੇਅ ਦਾ ਪੂਰਾ ਸਾਲ ਇੰਤਜ਼ਾਰ ਕਰਦੇ ਹਨ।ਜਦੋਂ ਇਹ ਦਿਨ ਆਉਂਦਾ ਹੈ ਤਾਂ ਲੋਕ ਇਸ ਨੂੰ ਖਾਸ ਅੰਦਾਜ਼ ਵਿਚ ਆਪਣੇ ਸਪੈਸ਼ਲ ਸਾਥੀ ਨਾਲ ਮਨਾਉਂਦੇ ਹਨ।ਇਸ ਦਿਨ ਕੁਝ ਜੋੜੇ ਆਪਣੇ ਪਿਆਰ ਦਾ ਇਜ਼ਹਾਰ ਵੀ ਕਰਦੇ ਹਨ ਤਾਂ ਕੁਝ ਆਪਣੇ ਪਾਰਟਨਰ ਨਾਲ ਪੂਰਾ ਦਿਨ ਖਾਸ ਅੰਦਾਜ਼ ਵਿਚ ਬਿਤਾਉਂਦੇ ਹਨ। ਅੱਜ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਆਖਿਰ 14 ਫਰਵਰੀ ਨੂੰ ਹੀ ਕਿਉਂ ਵੈਲੇਂਟਾਇਨ ਡੇਅ ਮਨਾਇਆ ਜਾਂਦਾ ਹੈ।

ਸੰਤ ਵੈਲੇਂਟਾਈਨ ਨੇ ਪਿਆਰ ਲਈ ਦਿੱਤਾ ਬਲੀਦਾਨ 
ਇਸ ਦਿਨ ਨੂੰ ਅਜਿਹੇ ਰੂਪ ਵਿਚ ਮਨਾਉਣ ਦੀ ਵੀ ਆਪਣੀ ਇਕ ਕਹਾਣੀ ਹੈ। ਕਹਿੰਦੇ ਹਨ ਕਿ ਤੀਜੀ ਸਦੀ ਵਿਚ ਰੋਮ ਦੇ ਇਕ ਜ਼ਾਲਮ ਰਾਜਾ ਕਲਾਡਿਅਸ ਦੂਜੇ ਨੇ ਪਿਆਰ ਕਰਨ ਵਾਲਿਆਂ 'ਤੇ ਜ਼ੁਲਮ ਕੀਤੇ। ਰਾਜਾ ਨੂੰ ਲੱਗਦਾ ਸੀ ਕਿ ਪਿਆਰ ਅਤੇ ਵਿਆਹ ਨਾਲ ਪੁਰਸ਼ਾਂ ਦੀ ਬੁੱਧੀ ਅਤੇ ਸ਼ਕਤੀ ਦੋਹਾਂ ਦਾ ਨਾਸ਼ ਹੁੰਦਾ ਹੈ। ਇਸੇ ਕਾਰਨ ਉਸ ਦੇ ਰਾਜ ਵਿਚ ਸੈਨਿਕ ਅਤੇ ਅਧਿਕਾਰੀ ਵਿਆਹ ਨਹੀਂ ਕਰਵਾ ਸਕਦੇ ਸਨ ਪਰ ਪਾਦਰੀ ਵੈਲੇਂਟਾਈਨ ਨੇ ਰਾਜਾ ਦੇ ਆਦੇਸ਼ਾਂ ਦੀ ਉਲੰਘਣਾ ਕਰ ਕੇ ਪਿਆਰ ਦਾ ਸੰਦੇਸ਼ ਦਿੱਤਾ। ਉਸ ਨੇ ਕਈ ਅਧਿਕਾਰੀਆਂ ਅਤੇ ਸੈਨਿਕਾਂ ਦਾ ਵਿਆਹ ਕਰਾਇਆ। 

ਇਸ ਗੱਲ ਤੋਂ ਨਾਰਾਜ਼ ਰਾਜਾ ਪਾਦਰੀ ਸੰਤ ਦੇ ਖ਼ਿਲਾਫ਼ ਹੋ ਗਿਆ ਅਤੇ ਉਸ ਨੇ ਉਹਨਾਂ ਨੂੰ ਜੇਲ੍ਹ ਵਿਚ ਭੇਜ ਦਿੱਤਾ। 14 ਫਰਵਰੀ 270 ਨੂੰ ਉਹਨਾਂ ਨੂੰ ਫਾਂਸੀ 'ਤੇ ਲਟਕਾ ਦਿੱਤਾ ਗਿਆ। ਪਿਆਰ ਲਈ ਬਲੀਦਾਨ ਦੇਣ ਵਾਲੇ ਇਸ ਸੰਤ ਦੀ ਯਾਦ ਵਿਚ ਹਰੇਕ ਸਾਲ 14 ਫਰਵਰੀ ਨੂੰ ਵੈਲੇਂਟਾਈਨ ਡੇਅ ਮਨਾਉਣ ਦਾ ਚਲਨ ਸ਼ੁਰੂ ਹੋਇਆ। ਕਿਹਾ ਜਾਂਦਾ ਹੈ ਕਿ ਸੰਤ ਵੈਲੇਂਟਾਈਨ ਨੇ ਆਪਣੀ ਮੌਤ ਦੇ ਸਮੇਂ ਜੇਲ੍ਹਰ ਦੀ ਨੇਤਰਹੀਣ ਧੀ ਜੈਕੋਬਸ ਨੂੰ ਆਪਣੀਆਂ ਅੱਖਾਂ ਦਾਨ ਕੀਤੀਆਂ। ਸੰਤ ਨੇ ਜੈਕੋਬਸ ਨੂੰ ਇਕ ਪੱਤਰ ਵੀ ਲਿਖਿਆ, ਜਿਸ ਦੇ ਅਖੀਰ ਵਿਚ ਉਹਨਾਂ ਨੇ ਲਿਖਿਆ,''ਤੁਹਾਡਾ ਵੈਲੇਂਟਾਈਨ'। ਇਹ ਸੀ ਪਿਆਰ ਲਈ ਬਲੀਦਾਨ ਹੋਣ ਵਾਲੇ ਵੈਲੇਂਟਾਈਨ ਦੀ ਕਹਾਣੀ।

ਕੁਝ ਲੋਕ ਕਰਦੇ ਹਨ ਵਿਰੋਧ
ਹਾਲ ਦੀ ਦੇ ਸਾਲਾਂ ਵਿਚ ਸੋਸ਼ਲ ਮੀਡੀਆ ਅਤੇ ਆਪਸੀ ਸੰਪਰਕ ਦੇ ਮਾਧਿਅਮਾਂ ਦੇ ਵਿਸਥਾਰ ਕਾਰਨ ਇਸ ਦਿਨ ਦੀ ਲੋਕਪ੍ਰਿਅਤਾ ਪੂਰੀ ਦੁਨੀਆ ਵਿਚ ਵੱਧ ਗਈ ਹੈ। ਇਸ ਨੂੰ ਮਨਾਉਣ ਵਾਲਿਆਂ ਦੀ ਗਿਣਤੀ ਵਿਚ ਵੀ ਵਾਧਾ ਹੋਇਆ ਹੈ। ਭਾਵੇਂਕਿ ਸਾਡੇ ਦੇਸ਼ ਵਿਚ ਵੈਲੇਂਟਾਈਨ ਡੇਅ ਨੂੰ ਮਨਾਉਣ 'ਤੇ ਕੁਝ ਵਰਗਾਂ ਨੇ ਵਿਰੋਧ ਜ਼ਾਹਰ ਕੀਤਾ ਹੈ ਪਰ ਫਿਰ ਵੀ ਪ੍ਰੇਮੀ ਜੋੜੇ ਫੁੱਲ, ਚਾਕਲੇਟ ਅਤੇ ਤੋਹਫੇ ਦੇ ਕੇ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹਨ ਅਤੇ ਵੈਲੇਂਟਾਈਨ ਡੇ ਮਨਾਉਂਦੇ ਹਨ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News