ਚੀਨ ’ਚ ਉਈਗਰ ਮੁਸਲਮਾਨਾਂ ’ਤੇ ਅੱਤਿਆਚਾਰ ’ਤੇ UN ਦੀ ਰਿਪੋਰਟ ਜਾਰੀ, ਮਰਦਾਂ ਦੀ ਜਬਰੀ ਨਸਬੰਦੀ ਦਾ ਖੁਲਾਸਾ

09/02/2022 9:25:21 AM

ਜਲੰਧਰ (ਇੰਟਰਨੈਸ਼ਨਲ ਡੈਸਕ)- ਸੰਯੁਕਤ ਰਾਸ਼ਟਰ (ਯੂ. ਐੱਨ.) ਨੇ ਆਪਣੀ ਰਿਪੋਰਟ ’ਚ ਚੀਨ ਵੱਲੋਂ ਉਈਗਰ ਮੁਸਲਮਾਨਾਂ ਅਤੇ ਹੋਰ ਘੱਟਗਿਣਤੀਆਂ ਨੂੰ ਹਿਰਾਸਤ ’ਚ ਰੱਖਣ ਨੂੰ ਮਨੁੱਖਤਾ ਖਿਲਾਫ ਅਪਰਾਧ ਦੱਸਿਆ ਹੈ। ਸੰਯੁਕਤ ਰਾਸ਼ਟਰ ਨੇ ਲੰਬੀ ਉਡੀਕ ਤੋਂ ਬਾਅਦ ਇਸ ਰਿਪੋਰਟ ਨੂੰ 31 ਅਗਸਤ ਨੂੰ ਜਨੇਵਾ ’ਚ ਜਾਰੀ ਕਰ ਦਿੱਤਾ ਹੈ। ਰਿਪੋਰਟ ’ਚ ਘੱਟਗਿਣਤੀਆਂ ’ਤੇ ਹੋ ਰਹੇ ਅੱਤਿਆਚਾਰ ਨੂੰ ਲੈ ਕੇ ਚੀਨ ਦੀ ਰੱਜ ਕੇ ਤਾੜਨਾ ਕੀਤੀ ਗਈ ਹੈ। ਰਿਪੋਰਟ ’ਚ ਕਿਹਾ ਗਿਆ ਕਿ ਚੀਨ ਨੇ ਸ਼ਿਨਜਿਯਾਂਗ ਦੇ ਪੱਛਮੀ ਖੇਤਰ ਵਿਚ ਉਈਗਰ ਅਤੇ ਹੋਰ ਘੱਟਗਿਣਤੀ ਲੋਕਾਂ ਨੂੰ ਹਿਰਾਸਤ ’ਚ ਰੱਖਿਆ ਹੈ, ਜੋ ਇੰਟਰਨੈਸ਼ਨਲ ਕ੍ਰਾਈਮ, ਵਿਸ਼ੇਸ਼ ਤੌਰ ’ਤੇ ਅਪਰਾਧ ਦੀ ਸ਼੍ਰੇਣੀ ਦਾ ਹੋ ਸਕਦਾ ਹੈ। ਰਿਪੋਰਟ ਵਿਚ ਗੰਭੀਰ ਅਧਿਕਾਰਾਂ ਦੀ ਉਲੰਘਣਾ ਅਤੇ ਤਸ਼ੱਦਦ ਦੇ ਪੈਟਰਨ ਦਾ ਹਵਾਲਾ ਦਿੱਤਾ ਗਿਆ ਹੈ।

ਚੀਨ ਨੇ ਰਿਪੋਰਟ ਦੇ ਦੋਸ਼ਾਂ ਨੂੰ ਨਕਾਰਿਆ

ਉਥੇ ਹੀ ਚੀਨ ਨੇ ਇਸ ਰਿਪੋਰਟ ਦਾ ਵਿਰੋਧ ਕੀਤਾ ਹੈ। ਚੀਨੀ ਰਾਜਦੂਤ ਨੇ ਕਿਹਾ ਕਿ ਅਸੀਂ ਇਸ ਰਿਪੋਰਟ ਨੂੰ ਅਜੇ ਤੱਕ ਦੇਖਿਆ ਨਹੀਂ ਹੈ ਪਰ ਅਸੀਂ ਇਸ ਤਰ੍ਹਾਂ ਦੀ ਰਿਪੋਰਟ ਦਾ ਪੂਰੀ ਤਰ੍ਹਾਂ ਵਿਰੋਧ ਕਰਦੇ ਹਾਂ। ਸਾਨੂੰ ਨਹੀਂ ਲੱਗਦਾ ਕਿ ਅਜਿਹਾ ਕੋਈ ਜੁਰਮ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਚੀਨ ਦੀ ਸਾਖ ਨੂੰ ਢਾਹ ਲਾਉਣ ਲਈ ਜਾਰੀ ਕੀਤੀ ਗਈ ਇਹ ਰਿਪੋਰਟ ਪੱਛਮੀ ਦੇਸ਼ਾਂ ਦੀ ਮੁਹਿੰਮ ਦਾ ਹਿੱਸਾ ਹੈ। ਜ਼ਿਕਰਯੋਗ ਹੈ ਕਿ ਚੀਨ ਨੇ ਸੰਯੁਕਤ ਰਾਸ਼ਟਰ ’ਚ ਮਨੁੱਖੀ ਅਧਿਕਾਰਾਂ ਦੇ ਪ੍ਰਮੁੱਖ ਮਿਸ਼ੇਲ ਬਾਚੇਲੇਟ ਨੂੰ ਇਸ ਰਿਪੋਰਟ ਨੂੰ ਵਾਪਸ ਲੈਣ ਦੀ ਅਪੀਲ ਕੀਤੀ ਸੀ, ਜਿਸ ਨੂੰ ਮਿਸ਼ੇਲ ਨੇ ਖਾਰਿਜ ਕਰ ਦਿੱਤਾ ਸੀ।

10 ਲੱਖ ਤੋਂ ਵੱਧ ਉਈਗਰ ਹਿਰਾਸਤ ’ਚ

ਰਿਪੋਰਟਾਂ ’ਚ ਖੁਲਾਸਾ ਹੋਇਆ ਹੈ ਕਿ ਚੀਨ ਦੇ ਸ਼ਿਨਜਿਯਾਂਗ ’ਚ 10 ਲੱਖ ਤੋਂ ਵੱਧ ਉਈਗਰ ਅਤੇ ਹੋਰ ਮੁਸਲਿਮ ਘੱਟਗਿਣਤੀਆਂ ਨੂੰ ਮਨਮਾਨੇ ਢੰਗ ਨਾਲ ਹਿਰਾਸਤ ’ਚ ਰੱਖਿਆ ਗਿਆ ਹੈ। ਇਨ੍ਹਾਂ ਡਿਟੇਂਸ਼ਨ ਸੈਂਟਰਾਂ ’ਚ ਉਈਗਰ ਮੁਸਲਮਾਨਾਂ ’ਤੇ ਤਸ਼ੱਦਦ ਅਤੇ ਉਨ੍ਹਾਂ ਦੀ ਨਸਬੰਦੀ ਕੀਤੀ ਜਾਂਦੀ ਹੈ। ਨਾਲ ਹੀ ਉਨ੍ਹਾਂ ਦੀਆਂ ਔਰਤਾਂ ਨਾਲ ਵੀ ਜਬਰ-ਜ਼ਨਾਹ ਕੀਤਾ ਜਾਂਦਾ ਹੈ। ਚੀਨ ਵੀ ਸਵੀਕਾਰ ਕਰਦਾ ਹੈ ਕਿ ਉਸ ਨੇ ਡਿਟੇਂਸ਼ਨ ਸੈਂਟਰ ਬਣਾ ਰੱਖੇ ਹਨ ਪਰ ਉਹ ਇਨ੍ਹਾਂ ਸੈਂਟਰਾਂ ਨੂੰ ਕੱਟੜਪੰਥੀਆਂ ਨਾਲ ਲੜਨ ਲਈ ਬਣਾਏ ਗਏ ਵੋਕੇਸ਼ਨਲ ਸਕਿੱਲਸ ਟ੍ਰੇਨਿੰਗ ਸੈਂਟਰ ਕਹਿੰਦਾ ਹੈ।

ਕੌਣ ਹਨ ਉਈਗਰ ਮੁਸਲਮਾਨ?

ਚੀਨ ’ਚ ਜੋ ਉਈਗਰ ਮੁਸਲਮਾਨ ਰਹਿ ਰਹੇ ਹਨ, ਉਹ ਅਸਲ ਵਿਚ ਘੱਟਗਿਣਤੀ ਤੁਰਕ ਜਾਤੀ ਨਾਲ ਸਬੰਧ ਰੱਖਦੇ ਹਨ। ਮੰਨਿਆ ਜਾਂਦਾ ਹੈ ਕਿ ਇਹ ਮੂਲ ਰੂਪ ’ਚ ਮੱਧ ਅਤੇ ਪੂਰਬੀ ਏਸ਼ੀਆ ਦੇ ਰਹਿਣ ਵਾਲੇ ਹਨ। ਤੁਰਕੀ ਮੂਲ ਦੇ ਉਈਗਰ ਮੁਸਲਮਾਨਾਂ ਦੀ ਚੀਨ ਦੇ ਸ਼ਿਨਜਿਯਾਂਗ ਸੂਬੇ ’ਚ ਕਈ ਲੱਖ ਆਬਾਦੀ ਹੈ। ਇਹ ਤੁਰਕੀ ਬੋਲਣ ’ਚ ਸਹਿਜ ਮਹਿਸੂਸ ਕਰਦੇ ਹਨ। ਚੀਨ ’ਚ ਜਿਨ੍ਹਾਂ 55 ਘੱਟਗਿਣਤੀ ਭਾਈਚਾਰਿਆਂ ਨੂੰ ਜ਼ਿਆਦਾਤਰ ਮਾਨਤਾ ਮਿਲੀ ਹੈ, ਉਈਗਰ ਉਨ੍ਹਾਂ ’ਚ ਹੀ ਸ਼ਾਮਿਲ ਹੈ।

ਚੀਨ ਕਿਉਂ ਕਰਦੈ ਉਈਗਰਾਂ ਨਾਲ ਨਫ਼ਰਤ

ਚੀਨ ਦੇ ਸ਼ਿਨਜਿਯਾਂਗ ਸੂਬੇ ’ਚ ਉਈਗਰ ਮੁਸਲਮਾਨਾਂ ਦੀ ਸਭ ਤੋਂ ਵੱਡੀ ਆਬਾਦੀ ਰਹਿੰਦੀ ਹੈ। ਕਥਿਤ ਤੌਰ ’ਤੇ ਅਜਿਹਾ ਕਿਹਾ ਜਾਂਦਾ ਹੈ ਕਿ ਇਹ ਚੀਨ ਤੋਂ ਅਲੱਗ ਹੋਣਾ ਚਾਹੁੰਦੇ ਹਨ, ਜਦਕਿ ਚੀਨ ਅਜਿਹਾ ਨਹੀਂ ਹੋਣ ਦੇਵੇਗਾ। ਉਈਗਰ ਮੁਸਲਮਾਨ ਜਦੋਂ ਵੀ ਚੀਨੀ ਕਾਨੂੰਨ ਦਾ ਵਿਰੋਧ ਕਰਦੇ ਹਨ ਤਾਂ ਉਨ੍ਹਾਂ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਚੀਨ ’ਚ ਉਨ੍ਹਾਂ ’ਤੇ ਕਾਫੀ ਅਣਮਨੁੱਖੀ ਤਸ਼ੱਦਦ ਕੀਤੇ ਜਾਂਦੇ ਹਨ। ਨਮਾਜ਼ ਅਤੇ ਰੋਜ਼ੇ ਰੱਖਣ ’ਤੇ ਵੀ ਕਾਫੀ ਹੱਦ ਤੱਕ ਪਾਬੰਦੀ ਹੈ। ਉਨ੍ਹਾਂ ਨੂੰ ਦਾੜ੍ਹੀ ਰੱਖਣ ਲਈ ਮਨ੍ਹਾ ਕੀਤਾ ਜਾਂਦਾ ਹੈ। ਔਰਤਾਂ ਨੂੰ ਬੁਰਕਾ ਪਾ ਕੇ ਬੈਂਕਾਂ ਅਤੇ ਹਸਪਤਾਲਾਂ ’ਚ ਜਾਣ ਦੀ ਇਜਾਜ਼ਤ ਨਹੀਂ ਹੈ।

ਜਬਰੀ ਮਜ਼ਦੂਰੀ ’ਤੇ ਯੂ. ਐੱਨ. ਨੇ ਪ੍ਰਗਟਾਈ ਚਿੰਤਾ

ਰਿਪੋਰਟ ’ਚ ਸੰਯੁਕਤ ਰਾਸ਼ਟਰ ਅਤੇ ਵਿਸ਼ਵ ਭਾਈਚਾਰੇ ਕੋਲੋਂ ਅੱਤਵਾਦ ਨੂੰ ਜੜ੍ਹ ਤੋਂ ਖਤਮ ਕਰਨ ਦੀ ਬੀਜਿੰਗ ਦੀ ਮੁਹਿੰਮ ’ਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ’ਤੇ ਤੁਰੰਤ ਧਿਆਨ ਦੇਣ ਮੰਗ ਕੀਤੀ ਗਈ ਹੈ। ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰ ਮਾਹਿਰਾਂ ਨੇ ਚੀਨ ’ਚ ਮੁਸਲਿਮ ਉਈਗਰਾਂ ਦੇ ਕਥਿਤ ਹਿਰਾਸਤ ਅਤੇ ਜਬਰੀ ਮਜ਼ਦੂਰੀ ਦੇ ਬਾਰੇ ਗੰਭੀਰ ਚਿੰਤਾ ਪ੍ਰਗਟਾਈ ਹੈ। ਯੂ. ਐੱਨ. ਨੇ ਸਖ਼ਤ ਚਿਤਾਵਨੀ ਦਿੱਤੀ ਹੈ ਕਿ ਜੇਕਰ ਚੀਨ ਆਪਣੀਆਂ ਹਰਕਤਾਂ ਤੋਂ ਬਾਜ਼ ਨਾ ਆਇਆ ਤਾਂ ਸਖ਼ਤ ਕਰਮ ਉਠਾਇਆ ਜਾਵੇਗਾ।


cherry

Content Editor

Related News