ਚੀਨ ''ਚ ਉਈਗਰ ਜਨਾਨੀਆਂ ''ਤੇ ਢਾਹਿਆ ਜਾਂਦੈ ਤਸ਼ੱਦਦ, ਡਿਟੈਂਸ਼ਨ ਸੈਂਟਰਾਂ ''ਚ ਹੁੰਦੈ ਜਿਣਸੀ ਸ਼ੋਸ਼ਣ
Wednesday, Nov 11, 2020 - 03:55 PM (IST)
ਵਾਸ਼ਿੰਗਟਨ- ਅਮਰੀਕੀ ਨਾਗਰਿਕ ਬਣ ਚੁੱਕੀ ਉਈਗਰ ਕਾਰਜਕਰਤਾ ਰੁਸ਼ਨ ਅੱਬਾਸ ਨੇ ਚੀਨ ਦੇ ਸ਼ਿਨਜਿਆਂਗ ਸੂਬੇ ਵਿਚ ਉਈਗਰ ਮੁਸਲਮਾਨਾਂ ਨਾਲ ਅਣਮਨੁੱਖੀ ਵਿਵਹਾਰ ਕੀਤੇ ਜਾਣ ਦਾ ਵੇਰਵਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਈਗਰ ਜਨਾਨੀਆਂ ਨੂੰ ਚੀਨ ਵਿਚ ਸਰੀਰਕ ਅਤੇ ਮਾਨਸਿਕ ਤਸੀਹੇ ਦਿੱਤੇ ਜਾਂਦੇ ਹਨ। ਅਣਜਾਣ ਟੀਕੇ ਅਤੇ ਦਵਾਈਆਂ ਦਿੱਤੀਆਂ ਜਾਂਦੀਆਂ ਹਨ। ਜਨਾਨੀਆਂ ਦਾ ਜ਼ਬਰਦਸਤੀ ਜਿਣਸੀ ਸ਼ੋਸ਼ਣ ਕੀਤਾ ਜਾਂਦਾ ਹੈ।
ਚੀਨੀ ਪ੍ਰਸ਼ਾਸਨ ਇਨ੍ਹਾਂ ਜਾਣਕਾਰੀਆਂ ਨੂੰ ਬਾਹਰ ਨਹੀਂ ਜਾਣ ਦਿੰਦਾ। ਅੱਬਾਸ ਦਾ ਕਹਿਣਾ ਹੈ ਕਿ ਉਸ ਦੀ ਭੈਣ ਦੋ ਸਾਲ ਪਹਿਲਾਂ ਚੀਨ ਵਿਚ ਲਾਪਤਾ ਹੋ ਗਈ ਸੀ ਅਤੇ ਮੰਨਿਆ ਜਾਂਦਾ ਹੈ ਕਿ ਉਸ ਨੂੰ ਨਜ਼ਰਬੰਦੀ ਕੇਂਦਰ ਵਿਚ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਵਿਸ਼ਵ ਚੀਨ ਦੇ ਝੂਠਾਂ ਤੋਂ ਅਣਜਾਣ ਹੈ ਕਿਉਂਕਿ ਚੀਨੀ ਸ਼ਾਸਨ ਤਹਿਤ ਜਾਣਕਾਰੀ ਨੂੰ ਪ੍ਰਸਾਰਿਤ ਨਾ ਕਰਨ ਲਈ ਇਕ ਪੂਰਾ ਤੰਤਰ ਹੈ। ਰੁਸਤਮ ਦੀ ਭੈਣ ਗੁਲਸ਼ਨ ਅੱਬਾਸ ਇਕ ਰਿਟਾਇਰਡ ਉਈਗਰ ਡਾਕਟਰ ਹੈ। ਉਹ ਇਕ ਮਾਂ ਵੀ ਹੈ ਅਤੇ ਪਿਛਲੇ ਦੋ ਸਾਲਾਂ ਤੋਂ ਲਾਪਤਾ ਹੈ।
ਉਸ ਨੇ ਕਿਹਾ ਕਿ ਉਸ ਦੀਆਂ ਭਾਣਜੀਆਂ ਲਈ ਹੁਣ ਇਹ ਸੰਘਰਸ਼ ਨਿੱਤ ਦਾ ਬਣ ਗਿਆ ਹੈ। ਹਰ ਉਈਗਰ ਮੁਸਲਮਾਨ ਇਸੇ ਤਰ੍ਹਾਂ ਦੇ ਜੁਰਮਾਂ ਦਾ ਸਾਹਮਣਾ ਕਰ ਰਿਹਾ ਹੈ। ਸ਼ਿਨਜਿਆਂਗ ਵਿਚ ਜੰਮੀ ਅੱਬਾਸ ਦਾ ਕਹਿਣਾ ਹੈ ਕਿ ਉਹ 1989 ਵਿਚ ਅਮਰੀਕਾ ਚਲੀ ਗਈ ਅਤੇ ਵਾਸ਼ਿੰਗਟਨ ਸਟੇਟ ਯੂਨੀਵਰਸਿਟੀ ਵਿਚ ਉਸ ਨੇ ਪੌਦਿਆਂ ਦੀ ਪੈਥੋਲੋਜੀ ਦੀ ਪੜ੍ਹਾਈ ਕੀਤੀ। ਉਹ ਉਈਗਰ ਮੁਸਲਮਾਨਾਂ ਦੇ ਮਨੁੱਖੀ ਅਧਿਕਾਰਾਂ ਦੀ ਬੁਲਾਰਾ ਵੀ ਬਣ ਗਈ। ਰੁਸ਼ਨ ਅੱਬਾਸ ਨੇ 5 ਸਤੰਬਰ, 2018 ਨੂੰ ਚੀਨ ਵਿਚ ਅੱਤਵਾਦ ਉੱਤੇ ਵਿਚਾਰ-ਵਟਾਂਦਰੇ ਵਿਚ ਹਿੱਸਾ ਲਿਆ ਸੀ। ਛੇ ਦਿਨ ਬਾਅਦ ਰੁਸ਼ਨ ਦੀ ਭੈਣ ਅਤੇ ਮਾਸੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਸੇ ਤਰ੍ਹਾਂ ਅਪ੍ਰੈਲ 2018, ਵਿਚ ਤਿੰਨ ਬੱਚਿਆਂ ਦੀ ਮਾਂ ਦਾਊਤ ਨੂੰ ਅਗਵਾ ਕਰ ਲਿਆ ਗਿਆ।