ਵਿਦੇਸ਼ੀ ਵਿਦਿਆਰਥੀਆਂ ਲਈ ਰਾਹਤ, ਟਰੰਪ ਸਰਕਾਰ ਨੇ ਵੀਜ਼ਾ ਰੱਦ ਕਰਨ ਦਾ ਫੈਸਲਾ ਲਿਆ ਵਾਪਸ

Wednesday, Jul 15, 2020 - 03:06 PM (IST)

ਵਿਦੇਸ਼ੀ ਵਿਦਿਆਰਥੀਆਂ ਲਈ ਰਾਹਤ, ਟਰੰਪ ਸਰਕਾਰ ਨੇ ਵੀਜ਼ਾ ਰੱਦ ਕਰਨ ਦਾ ਫੈਸਲਾ ਲਿਆ ਵਾਪਸ

ਵਾਸ਼ਿੰਗਟਨ (ਭਾਸ਼ਾ) : ਟਰੰਪ ਪ੍ਰਸ਼ਾਸਨ ਨੇ ਇਕ ਹੈਰਾਨੀ ਭਰਿਆ ਕਦਮ ਚੁੱਕਦੇ ਹੋਏ 6 ਜੁਲਾਈ ਨੂੰ ਸੁਣਾਇਆ ਆਪਣਾ ਉਹ ਫ਼ੈਸਲਾ ਵਾਪਸ ਲੈ ਲਿਆ, ਜਿਸ ਵਿਚ ਕਿਹਾ ਗਿਆ ਸੀ ਕਿ ਭਾਰਤੀਆਂ ਸਮੇਤ ਹਜ਼ਾਰਾਂ ਉਨ੍ਹਾਂ ਵਿਦੇਸ਼ੀ ਵਿਦਿਆਰਥੀਆਂ ਨੂੰ ਵਾਪਸ ਉਨ੍ਹਾਂ ਦੇ ਦੇਸ਼ ਵਿਚ ਭੇਜ ਦਿੱਤਾ ਜਾਏਗਾ, ਜਿਨ੍ਹਾਂ ਦੀਆਂ ਯੂਨੀਵਰਸਿਟੀਆਂ ਇਸ ਸਾਲ ਸਤੰਬਰ ਤੋਂ ਸ਼ੁਰੂ ਹੋਣ ਵਾਲੇ ਅਕਾਦਮਿਕ ਸੈਸ਼ਨ ਵਿਚ ਕੋਰੋਨਾ ਵਾਇਰਸ ਕਾਰਨ ਸਿਰਫ਼ ਆਨਲਾਈਨ ਕਲਾਸਾਂ ਹੀ ਦੇਣਗੀਆਂ। ਇਸ ਹੁਕਮ ਖ਼ਿਲਾਫ ਦੇਸ਼ ਭਰ ਵਿਚ ਗੁੱਸਾ ਅਤੇ ਵੱਡੀ ਗਿਣਤੀ ਵਿਚ ਸਿੱਖਿਅਕ ਸੰਸਥਾਨਾਂ ਵੱਲੋਂ ਮੁਕੱਦਮਾ ਦਰਜ ਕੀਤੇ ਜਾਣ ਦੇ ਬਾਅਦ ਟਰੰਪ ਪ੍ਰਸ਼ਾਸਨ ਨੇ ਇਹ ਹੁਕਮ ਪਲਟ ਦਿੱਤਾ ਹੈ।

ਮੰਨੀ ਪ੍ਰਮੰਨੀ ਹਾਰਵਰਡ ਯੂਨੀਵਰਸਿਟੀ ਅਤੇ ਮੈਸਾਚਿਉਸੇਟਸ ਇੰਸਟੀਚਿਊਟ ਆਫ ਤਕਨਾਲੋਜੀ (ਐਮ.ਆਈ.ਟੀ.) ਸਮੇਤ ਕਈ ਸਿੱਖਿਅਕ ਸੰਸਥਾਨਾਂ ਨੇ ਹੋਮਲੈਂਡ ਸੁਰੱਖਿਆ ਵਿਭਾਗ (ਡੀ.ਐਚ.ਐਸ) ਅਤੇ ਅਮਰੀਕੀ ਇਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ (ਆਈ.ਸੀ.ਈ.) ਨੂੰ ਉਸ ਹੁਕਮ ਨੂੰ ਲਾਗੂ ਕਰਣ ਤੋਂ ਰੋਕਣ ਦਾ ਵਿਰੋਧ ਕੀਤਾ, ਜਿਸ ਵਿਚ ਸਿਰਫ ਆਨਲਾਈਨ ਕਲਾਸਾਂ ਲੈ ਰਹੇ ਵਿਦੇਸ਼ੀ ਵਿਦਿਆਰਥੀਆਂ ਦੇ ਦੇਸ਼ ਵਿਚ ਰਹਿਣ 'ਤੇ ਰੋਕ ਲਗਾਉਣ ਦੀ ਗੱਲ ਕੀਤੀ ਗਈ ਸੀ। ਮੈਸਾਚਿਉਸੇਟਸ ਵਿਚ ਅਮਰੀਕੀ ਸਮੂਹ ਅਦਾਲਤ ਵਿਚ ਇਸ ਮੁਕੱਦਮੇ ਦੇ ਸਮਰਥਨ ਵਿਚ 17 ਸੂਬਿਆਂ ਅਤੇ ਡਿਸਟਰਿਕਟ ਆਫ ਕੋਲੰਬੀਆ ਦੇ ਨਾਲ ਹੀ ਗੂਗਲ, ਫੇਸਬੁੱਕ ਅਤੇ ਮਾਈਕ੍ਰੋਸਾਫਟ ਵਰਗੀਆਂ ਸਿਖਰ ਅਮਰੀਕੀ ਆਈ.ਟੀ. ਕੰਪਨੀਆਂ ਵੀ ਆ ਗਈਆਂ।

ਬੋਸਟਨ ਵਿਚ ਸੰਘੀ ਜ਼ਿਲ੍ਹਾ ਜੱਜ ਐਲੀਸਨ ਬਰਾਘ ਨੇ ਕਿਹਾ, 'ਮੈਨੂੰ ਪੱਖਕਾਰਾਂ ਨੇ ਸੂਚਿਤ ਕੀਤਾ ਹੈ ਕਿ ਉਨ੍ਹਾਂ ਨੇ ਇਕ ਫੈਸਲਾ ਕੀਤਾ ਹੈ। ਉਹ ਸਥਿਤੀ ਨੂੰ ਮੁੜ ਬਹਾਲ ਕਰਣਗੇ।' ਇਹ ਘੋਸ਼ਣਾ ਵਿਦੇਸ਼ੀ ਵਿਦਿਆਰਥੀਆਂ ਲਈ ਰਾਹਤ ਲੈ ਕੇ ਆਈ ਹੈ, ਜਿਨ੍ਹਾਂ ਵਿਚ ਭਾਰਤ ਦੇ ਵਿਦਿਆਰਥੀ ਵੀ ਸ਼ਾਮਲ ਹਨ। ਅਕਾਦਮਿਕ ਸਾਲ 2018-19 ਵਿਚ ਅਮਰੀਕਾ ਵਿਚ 10 ਲੱਖ ਤੋਂ ਜ਼ਿਆਦਾ ਵਿਦੇਸ਼ੀ ਵਿਦਿਆਰਥੀ ਰਹਿ ਰਹੇ ਸਨ। ਸਟੂਡੈਂਟ ਐਂਡ ਐਕਸਚੇਂਜ ਵਿਜ਼ੀਟਰ ਪ੍ਰੋਗਰਾਮ (ਐਸ.ਈ.ਵੀ.ਪੀ.) ਅਨੁਸਾਰ ਜਨਵਰੀ ਵਿਚ ਅਮਰੀਕਾ ਦੇ ਵੱਖ-ਵੱਖ ਅਕਾਦਮਿਕ ਸੰਸਥਾਨਾਂ ਵਿਚ 1,94,556 ਭਾਰਤੀ ਵਿਦਿਆਰਥੀ ਰਜਿਸਟਰਡ ਸਨ। ਜੱਜ ਬਰਾਘ ਨੇ ਕਿਹਾ ਕਿ ਇਹ ਨੀਤੀ ਦੇਸ਼ ਭਰ ਵਿਚ ਲਾਗੂ ਹੋਵੇਗੀ। ਸੰਸਦ ਬਰੈਡ ਸਨੀਡਰ ਨੇ ਕਿਹਾ ਕਿ ਇਹ ਵਿਦੇਸ਼ੀ ਵਿਦਿਆਰਥੀਆਂ ਅਤੇ ਕਾਲਜਾਂ ਲਈ ਵੱਡੀ ਜਿੱਤ ਹੈ। ਕਈ ਸੰਸਦ ਮੈਂਬਰਾਂ ਨੇ ਪਿਛਲੇ ਹਫ਼ਤੇ ਟਰੰਪ ਪ੍ਰਸ਼ਾਸਨ ਨੂੰ ਪੱਤਰ ਲਿਖ ਕੇ ਵਿਦੇਸ਼ੀ ਵਿਦਿਆਰਥੀਆਂ 'ਤੇ ਆਪਣੇ ਹੁਕਮ ਨੂੰ ਰੱਦ ਕਰਣ ਦੀ ਬੇਨਤੀ ਕੀਤੀ ਸੀ।

ਧਿਆਨਦੇਣ ਯੋਗ ਹੈ ਕਿ ਟਰੰਪ ਪ੍ਰਸ਼ਾਸਨ ਨੇ 6 ਜੁਲਾਈ ਨੂੰ ਨਵੀਂ ਵੀਜ਼ਾ ਪਾਲਿਸੀ ਜਾਰੀ ਕੀਤੀ ਸੀ। ਇਸ ਵਿਚ ਵਿਦੇਸ਼ੀ ਵਿਦਿਆਰਥੀਆਂ ਲਈ ਕਲਾਸ ਵਿਚ ਜਾ ਕੇ ਪੜ੍ਹਾਈ ਕਰਨ ਨੂੰ ਲਾਜ਼ਮੀ ਕੀਤਾ ਗਿਆ ਸੀ। ਨਵੀਂ ਵੀਜ਼ਾ ਪਾਲਿਸੀ ਵਿਚ ਕਿਹਾ ਗਿਆ ਸੀ ਕਿ ਜਿਹੜੇ ਵਿਦਿਆਰਥੀ ਕਲਾਸ ਵਿਚ ਜਾ ਕੇ ਪੜ੍ਹਾਈ ਨਹੀਂ ਕਰਣਗੇ, ਉਨ੍ਹਾਂ ਦਾ ਵੀਜ਼ਾ ਸਸਪੈਂਡ ਕਰ ਦਿੱਤਾ ਜਾਵੇਗਾ। ਨਵੀਂ ਵੀਜ਼ਾ ਪਾਲਿਸੀ 'ਚ ਕਿਹਾ ਗਿਆ ਸੀ ਕਿ ਜਿਹੜਾ ਵਿਦੇਸ਼ੀ ਵਿਦਿਆਰਥੀ ਘਰ ਬੈਠ ਕੇ ਆਨਲਾਈਨ ਪੜ੍ਹਾਈ ਕਰੇਗਾ ਉਸ ਨੂੰ ਅਮਰੀਕਾ ਛੱਡਣਾ ਪਵੇਗਾ।


author

cherry

Content Editor

Related News