ਕਸ਼ਮੀਰ ਮੁੱਦੇ 'ਤੇ ਭੜਕੇ ਪਾਕਿਸਤਾਨ ਨੂੰ ਅਮਰੀਕਾ ਨੇ ਲਾਈ ਫਟਕਾਰ
Thursday, Aug 08, 2019 - 09:58 AM (IST)

ਵਾਸ਼ਿੰਗਟਨ— ਅਮਰੀਕਾ ਦੇ ਦੋ ਪ੍ਰਭਾਵਸ਼ਾਲੀ ਡੈਮੋਕ੍ਰੇਟਿਕ ਸੰਸਦ ਮੈਂਬਰਾਂ ਨੇ ਪਾਕਿਸਤਾਨ ਨੂੰ ਭਾਰਤ ਖਿਲਾਫ 'ਬਦਲੇ ਦੀ ਕੋਈ ਵੀ ਕਾਰਵਾਈ' ਕਰਨ ਤੋਂ ਬਚਣ ਅਤੇ ਆਪਣੇ ਦੇਸ਼ 'ਚ ਅੱਤਵਾਦੀ ਮੁੱਦਿਆਂ ਖਿਲਾਫ 'ਠੋਸ ਕਾਰਵਾਈ' ਕਰਨ ਲਈ ਕਿਹਾ ਹੈ।
ਪਾਕਿਸਤਾਨ ਨੇ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਹਟਾਉਣ ਦੇ ਭਾਰਤ ਦੇ ਕਦਮ ਨੂੰ 'ਇਕ ਪਾਸੜ ਅਤੇ ਗੈਰ ਕਾਨੂੰਨੀ' ਦੱਸਦੇ ਹੋਏ ਬੁੱਧਵਾਰ ਨੂੰ ਭਾਰਤੀ ਹਾਈ ਕਮਿਸ਼ਨਰ ਅਜੈ ਬਿਸਾਰੀਆ ਨੂੰ ਕੱਢ ਦਿੱਤਾ ਅਤੇ ਨਵੀਂ ਦਿੱਲੀ ਨਾਲ ਡਿਪਲੋਮੈਟਿਕ ਸਬੰਧਾਂ ਨੂੰ ਘਟਾ ਦਿੱਤਾ ਸੀ। ਅਮਰੀਕੀ ਸੈਨੇਟਰ ਰਾਬਰਟ ਮੇਨੇਂਦੇਜ ਅਤੇ ਕਾਂਗਰਸ ਮੈਂਬਰ ਇਲੀਅਟ ਏਂਜੇਲ ਨੇ ਬੁੱਧਵਾਰ ਨੂੰ ਇਕ ਸਾਂਝੇ ਬਿਆਨ 'ਚ ਜੰਮੂ-ਕਸ਼ਮੀਰ 'ਚ ਪਾਬੰਦੀਆਂ 'ਤੇ ਚਿੰਤਾ ਵੀ ਪ੍ਰਗਟਾਈ। ਮੇਨੇਂਦੇਜ ਸੈਨੇਟ ਦੀ ਵਿਦੇਸ਼ੀ ਸਬੰਧਾਂ ਦੀ ਕਮੇਟੀ ਦੇ ਉੱਚ ਮੈਂਬਰ ਹਨ ਜਦਕਿ ਏਜੇਂਲ ਸਦਨ ਦੇ ਵਿਦੇਸ਼ ਮਾਮਲਿਆਂ ਦੀ ਕਮੇਟੀ ਦੇ ਪ੍ਰਧਾਨ ਹਨ। ਉਨ੍ਹਾਂ ਨੇ ਬਿਆਨ 'ਚ ਕਿਹਾ,''ਪਾਕਿਸਤਾਨ ਨੂੰ ਕੰਟਰੋਲ ਰੇਖਾ 'ਤੇ ਘੁਸਪੈਠ ਕਰਾਉਣ 'ਚ ਮਦਦ ਸਮੇਤ ਕਿਸੇ ਵੀ ਤਰ੍ਹਾਂ ਦੀ ਬਦਲੇ ਦੀ ਕਾਰਵਾਈ ਤੋਂ ਬਚਣਾ ਚਾਹੀਦਾ ਹੈ ਅਤੇ ਪਾਕਿਸਤਾਨ ਦੀ ਜ਼ਮੀਨ 'ਤੇ ਅੱਤਵਾਦੀ ਢਾਂਚੇ ਖਿਲਾਫ ਠੋਸ ਕਾਰਵਾਈ ਕਰਨੀ ਚਾਹੀਦੀ ਹੈ।''
ਉਨ੍ਹਾਂ ਨੇ ਕਿਹਾ,''ਪਾਰਦਰਸ਼ਤਾ ਅਤੇ ਰਾਜਨੀਤਕ ਹਿੱਸੇਦਾਰੀ ਪ੍ਰਤੀਨਿਧੀ ਲੋਕਤੰਤਰਾਂ ਦੀ ਨੀਂਹ ਹੈ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਭਾਰਤ ਸਰਕਾਰ ਜੰਮੂ-ਕਸ਼ਮੀਰ 'ਚ ਇਨ੍ਹਾਂ ਸਿਧਾਂਤਾਂ ਦੀ ਪਾਲਣਾ ਕਰੇਗੀ।'' ਜ਼ਿਕਰਯੋਗ ਹੈ ਕਿ ਭਾਰਤੀ ਸਰਕਾਰ ਵਲੋਂ ਸੁਰੱਖਿਆ ਕਾਰਨਾਂ ਕਰਕੇ ਜੰਮੂ-ਕਸ਼ਮੀਰ 'ਚ ਕਈ ਥਾਵਾਂ 'ਤੇ ਫੌਜ ਤਾਇਨਾਤ ਕੀਤੀ ਗਈ ਹੈ ਤੇ ਅਫਵਾਹਾਂ ਨਾ ਉੱਡਣ ਇਸ ਲਈ ਫੋਨ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ, ਜਿਸ ਨੂੰ ਪਾਕਿਸਤਾਨ ਗਲਤ ਤਰੀਕੇ ਨਾਲ ਪੇਸ਼ ਕਰ ਰਿਹਾ ਹੈ।