ਟਰੰਪ ਨਾਲ ਮਤਭੇਦ ਕਾਰਨ ਅਮਰੀਕੀ ਰੱਖਿਆ ਮੰਤਰੀ ਨੇ ਦਿੱਤਾ ਅਸਤੀਫਾ

Friday, Dec 21, 2018 - 05:14 PM (IST)

ਟਰੰਪ ਨਾਲ ਮਤਭੇਦ ਕਾਰਨ ਅਮਰੀਕੀ ਰੱਖਿਆ ਮੰਤਰੀ ਨੇ ਦਿੱਤਾ ਅਸਤੀਫਾ

ਵਾਸ਼ਿੰਗਟਨ (ਭਾਸ਼ਾ)— ਅਮਰੀਕੀ ਰੱਖਿਆ ਮੰਤਰੀ ਜਿਮ ਮੈਟਿਸ ਨੇ ਨੀਤੀਗਤ ਮਾਮਲਿਆਂ 'ਤੇ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮਤਭੇਦ ਨੂੰ ਲੈ ਕੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਭਾਵੇਂਕਿ ਟਰੰਪ ਨੇ ਸੇਵਾਵਾਂ ਲਈ ਮੈਟਿਸ ਨੂੰ ਧੰਨਵਾਦ ਦਿੰਦਿਆਂ ਕਿਹਾ ਕਿ ਉਹ ਫਰਵਰੀ ਵਿਚ ਸਨਮਾਨ ਨਾਲ ਰਿਟਾਇਰ ਹੋਣਗੇ। ਗੌਰਤਲਬ ਹੈ ਕਿ ਮੈਟਿਸ ਦੇ ਅਹੁਦੇ ਤੋਂ ਹਟੱਣ ਦੀ ਖਬਰ ਸੀਰੀਆ ਅਤੇ ਅਫਗਾਨਿਸਤਾਨ ਤੋਂ ਅਮਰੀਕੀ ਫੌਜੀਆਂ ਨੂੰ ਵਾਪਸ ਬੁਲਾਉਣ ਦੇ ਐਲਾਨ ਵਿਚਕਾਰ ਆਈ ਹੈ। ਮੈਟਿਸ ਨੇ ਵੀਰਵਾਰ ਨੂੰ ਟਰੰਪ ਨੂੰ ਭੇਜੇ ਗਏ ਅਸਤੀਫੇ ਵਿਚ ਲਿਖਿਆ ਹੈ,''ਉਹ ਉਨ੍ਹਾਂ ਲਈ ਅਹੁਦਾ ਛੱਡਣ ਦਾ ਸਹੀ ਸਮਾਂ ਹੈ ਕਿਉਂਕਿ ਅਮਰੀਕੀ ਰਾਸ਼ਟਰਪਤੀ ਕੋਲ ਅਜਿਹਾ ਰੱਖਿਆ ਮੰਤਰੀ ਹੋਣਾ ਚਾਹੀਦਾ ਹੈ ਜਿਸ ਦੇ ਵਿਚਾਰ ਇਨ੍ਹਾਂ ਮਾਮਲਿਆਂ ਅਤੇ ਹੋਰ ਮੁੱਦਿਆਂ 'ਤੇ ਉਸ ਨਾਲੋਂ ਬਿਹਤਰ ਮੇਲ ਖਾਂਦੇ ਹੋਣ।'' 

ਉਨ੍ਹਾਂ ਨੇ ਲਿਖਿਆ ਹੈ ਕਿ ਮੇਰੇ ਕਾਰਜਕਾਲ ਦਾ ਆਖਰੀ ਦਿਨ 28 ਫਰਵਰੀ 2019 ਹੈ। ਇਹ ਉਤਰਾਧਿਕਾਰੀ ਨੂੰ ਨਾਮਜ਼ਦ ਕਰਨ ਅਤੇ ਉਸ ਦੀ ਨਿਯੁਕਤੀ ਦੀ ਪੁਸ਼ਟੀ ਕਰਨ ਲਈ ਕਾਫੀ ਹੋਵੇਗਾ। ਨਾਲ ਹੀ ਯਕੀਨੀ ਕਰੇਗਾ ਕਿ ਮੰਤਰਾਲੇ ਦੇ ਹਿੱਤਾਂ ਦਾ ਪੂਰੀ ਤਰ੍ਹਾਂ ਨਾਲ ਧਿਆਨ ਰੱਖਿਆ ਜਾਵੇ ਅਤੇ ਆਉਣ ਵਾਲੇ ਪ੍ਰੋਗਰਾਮਾਂ ਜਿਵੇਂ ਸੰਸਦੀ ਸੁਣਵਾਈ ਅਤੇ ਫਰਵਰੀ ਵਿਚ ਹੋਣ ਵਾਲੀ ਨਾਟੋ ਦੀ ਰੱਖਿਆ ਮੰਤਰੀ ਪੱਧਰੀ ਬੈਠਕ ਠੀਕ ਤਰੀਕੇ ਨਾਲ ਹੋਵੇ। 68 ਸਾਲਾ ਪੇਂਟਾਗਨ ਪ੍ਰਮੁੱਖ ਨੇ ਇਸ ਗੱਲ ਦਾ ਜ਼ਿਕਰ ਨਹੀਂ ਕੀਤਾ ਹੈ ਕਿ ਉਹ ਖਾਸ ਤੌਰ 'ਤੇ ਫੌਜੀਆਂ ਨੂੰ ਵਾਪਸ ਬੁਲਾਉਣ ਕਾਰਨ ਅਸਤੀਫਾ ਦੇ ਰਹੇ ਹਨ ਜਾਂ ਨਹੀਂ। 

ਭਾਵੇਂਕਿ ਟਰੰਪ ਦੇ ਇਸ ਫੈਸਲੇ ਨਾਲ ਵੱਖ-ਵੱਖ ਵਿਦੇਸ਼ੀ ਸਹਿਯੋਗੀ ਅਤੇ ਸੰਸਦ ਮੈਂਬਰ ਸਾਰੇ ਹੈਰਾਨ ਹਨ। ਰਾਸ਼ਟਰਪਤੀ ਟਰੰਪ ਨੇ ਟਵੀਟ ਕੀਤਾ,''ਜਨਰਲ ਜਿਮ ਮੈਟਿਸ ਮੇਰੇ ਕਾਰਜਕਾਲ ਵਿਚ ਬੀਤੇ 2 ਸਾਲਾਂ ਤੋਂ ਰੱਖਿਆ ਮੰਤਰੀ ਦੇ ਰੂਪ ਵਿਚ ਸੇਵਾਵਾਂ ਦੇਣ ਦੇ ਬਾਅਦ ਫਰਵਰੀ ਦੇ ਅਖੀਰ ਵਿਚ ਸਨਮਾਨ ਸਮੇਤ ਰਿਟਾਇਰ ਹੋਣਗੇ।'' ਉਨ੍ਹਾਂ ਨੇ ਲਿਖਿਆ ਹੈ,''ਜਿਮ ਦੇ ਕਾਰਜਕਾਲ ਵਿਚ ਬਹੁਤ ਤਰੱਕੀ ਹੋਈ ਹੈ, ਖਾਸ ਤੌਰ 'ਤੇ ਨਵੀਂ ਖਰੀਦੀ ਦੇ ਸਬੰਧ ਵਿਚ।'' ਗੌਰਤਲਬ ਹੈ ਕਿ ਮੈਟਿਸ ਭਾਰਤ-ਅਮਰੀਕਾ ਰੱਖਿਆ ਸਬੰਧਾਂ ਦੇ ਵੱਡੇ ਸਮਰਥਕ ਹਨ। ਸੂਚਨਾਵਾਂ ਮੁਤਾਬਕ ਸੀਰੀਆ ਅਤੇ ਅਫਗਾਨਿਸਤਾਨ ਸਮੇਤ ਵਿਦੇਸ਼ ਨੀਤੀ ਦੇ ਵੱਖ-ਵੱਖ ਮਾਮਲਿਆਂ 'ਤੇ ਮੈਟਿਸ ਅਤੇ ਟਰੰਪ ਵਿਚਕਾਰ ਮਤਭੇਦ ਸੀ। ਮੈਟਿਸ ਦਾ ਨਾਮ ਟਰੰਪ ਪ੍ਰਸ਼ਾਸਨ ਦੇ ਉਨ੍ਹਾਂ ਸੀਨੀਅਰ ਅਧਿਕਾਰੀਆਂ ਦੀ ਲੰਬੀ ਸੂਚੀ ਵਿਚ ਜੁੜ ਗਿਆ ਹੈ ਜਿਨ੍ਹਾਂ ਨੂੰ ਅਹੁਦਾ ਛੱਡਣਾ ਪਿਆ ਹੈ ਜਾਂ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਟਰੰਪ ਨੇ ਟਵਿੱਟਰ 'ਤੇ ਐਲਾਨ ਕਰ ਕੇ ਵਿਦੇਸ਼ ਮੰਤਰੀ ਰੈਕਸ ਟਿਲਰਸਨ ਨੂੰ ਹਟਾ ਦਿੱਤਾ ਸੀ। ਹਾਲਾਂਕਿ ਵੀਰਵਾਰ ਨੂੰ ਟਰੰਪ ਨੇ ਕਿਹਾ ਜਲਦੀ ਹੀ ਨਵੇਂ ਰੱਖਿਆ ਮੰਤਰੀ ਦੇ ਨਾਮ ਦਾ ਐਲਾਨ ਕੀਤਾ ਜਾਵੇਗਾ।


author

Vandana

Content Editor

Related News