ਗੁਆਂਢੀਆਂ ਨੂੰ ਧਮਕਾਉਣ ਦੀਆਂ ਬੀਜਿੰਗ ਦੀਆਂ ਕੋਸ਼ਿਸ਼ਾਂ ਨਾਲ USA ਚਿੰਤਿਤ : ਵ੍ਹਾਈਟ ਹਾਊਸ
Wednesday, Feb 03, 2021 - 10:11 AM (IST)
ਵਾਸ਼ਿੰਗਟਨ, (ਭਾਸ਼ਾ)- ਬਾਈਡੇਨ ਪ੍ਰਸ਼ਾਸਨ ਨੇ ਸੋਮਵਾਰ ਨੂੰ ਕਿਹਾ ਕਿ ਆਪਣੇ ਗੁਆਂਢੀਆਂ ਨੂੰ ਡਰਾਉਣ-ਧਮਕਾਉਣ ਦੀਆਂ ਚੀਨ ਵਲੋਂ ਲਗਾਤਾਰ ਜਾਰੀ ਕੋਸ਼ਿਸ਼ਾਂ ਨਾਲ ਅਮਰੀਕਾ ਚਿੰਤਿਤ ਹੈ ਅਤੇ ਭਾਰਤ-ਚੀਨ ਸਰਹੱਦ ਦੇ ਹਾਲਾਤ ’ਤੇ ਉਸ ਨੇ ਨੇੜਿਓਂ ਨਜ਼ਰ ਬਣਾ ਕੇ ਰੱਖੀ ਹੋਈ ਹੈ।
ਵ੍ਹਾਈਟ ਹਾਊਸ ਦੀ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ (ਐੱਨ. ਐੱਸ. ਸੀ.) ਦੀ ਮਹਿਲਾ ਬੁਲਾਰਾ ਏਮਿਲੀ ਜੇ ਹੋਰਨ ਨੇ ਕਿਹਾ ਕਿ ਅਸੀਂ ਹਾਲਾਤ ’ਤੇ ਨਜ਼ਰ ਰੱਖੀ ਹੋਈ ਹੈ। ਭਾਰਤ ਅਤੇ ਚੀਨ ਦੀਆਂ ਸਰਕਾਰਾਂ ਵਿਚਾਲੇ ਚੱਲ ਰਹੀ ਗੱਲਬਾਤ ਦੀ ਸਾਨੂੰ ਜਾਣਕਾਰੀ ਹੈ ਅਤੇ ਅਸੀਂ ਸਰਹੱਦੀ ਵਿਵਾਦਾਂ ਦੇ ਸ਼ਾਂਤੀਪੂਰਨ ਹੱਲ ਲਈ ਸਿੱਧੀ ਗੱਲਬਾਤ ਦਾ ਸਮਰਥਨ ਕਰਨਾ ਜਾਰੀ ਰੱਖਾਂਗੇ।
ਹੋਰਨ ਭਾਰਤ ਦੇ ਖੇਤਰਾਂ ’ਚ ਘੁਸਪੈਠ ਕਰ ਕੇ ਉਨ੍ਹਾਂ ’ਤੇ ਕਬਜ਼ਾ ਜਮਾਉਣ ਦੀਆਂ ਚੀਨ ਦੀਆਂ ਕੋਸ਼ਿਸ਼ਾਂ ਨਾਲ ਸਬੰਧਤ ਸਵਾਲਾਂ ਦਾ ਜਵਾਬ ਦੇ ਰਹੀ ਸੀ। ਉਨ੍ਹਾਂ ਕਿਹਾ ਬੀਜਿੰਗ ਵਲੋਂ ਗੁਆਂਢੀਆਂ ਨੂੰ ਡਰਾਉਣ-ਧਮਕਾਉਣ ਦੀਆਂ ਲਗਾਤਾਰ ਜਾਰੀ ਕੋਸ਼ਿਸ਼ਾਂ ਲਈ ਅਸੀਂ ਆਪਣੇ ਮਿੱਤਰਾਂ, ਸਾਂਝੇਦਾਰਾਂ ਅਤੇ ਸਹਿਯੋਗੀਆਂ ਨਾਲ ਖੜ੍ਹੇ ਹਾਂ।