USA : ਮਾਂ ਦੀ ਕਬਰ ਕੋਲ ਦਫਨਾਈ ਜਾਵੇਗੀ ਫਲਾਇਡ ਦੀ ਮ੍ਰਿਤਕ ਦੇਹ

Tuesday, Jun 09, 2020 - 12:09 PM (IST)

USA : ਮਾਂ ਦੀ ਕਬਰ ਕੋਲ ਦਫਨਾਈ ਜਾਵੇਗੀ ਫਲਾਇਡ ਦੀ ਮ੍ਰਿਤਕ ਦੇਹ

ਹਿਊਸਟਨ- ਅਫਰੀਕੀ-ਅਮਰੀਕੀ ਜਾਰਜ ਫਲਾਇਡ ਦੀ ਮੌਤ 'ਤੇ ਸੋਗ ਲਈ ਇੱਥੇ ਇਕ ਚਰਚ ਦੇ ਬਾਹਰ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਇਕੱਠੇ ਹੋਏ। ਫਲਾਇਡ ਦੀ ਲਾਸ਼ ਨੂੰ ਪਰਲਲੈਂਡ ਵਿਚ ਹਿਊਸਟਨ ਮੈਮੋਰੀਅਲ ਗਾਰਡਨਜ਼ ਕਬਰਸਤਾਨ ਵਿਚ ਉਸ ਦੀ ਮਾਂ ਲਾਰਸਨੀਆ ਫਲਾਇਡ ਦੀ ਕਬਰ ਨੇੜੇ ਦਫਨਾਇਆ ਜਾਣਾ ਹੈ। ਫਲਾਇਡ ਦੀ ਲਾਸ਼ ਨੂੰ ਸ਼ਨੀਵਾਰ ਨੂੰ ਹਿਊਸਟਨ ਲਿਆਂਦਾ ਗਿਆ ਤੇ ਮੰਗਲਵਾਰ ਨੂੰ ਉਸ ਨੂੰ ਦਫਨਾਇਆ ਜਾਣਾ ਹੈ। ਉਸ ਦੀ ਲਾਸ਼ ਨੂੰ ਅੰਤਿਮ ਦਰਸ਼ਨ ਲਈ ਦੁਪਹਿਰ ਤੋਂ ਸ਼ਾਮ 6 ਵਜੇ ਤੱਕ 6 ਘੰਟਿਆਂ ਤੱਕ ਰੱਖਿਆ ਗਿਆ ਹੈ ਅਤੇ ਇਸ ਦੌਰਾਨ ਤੇਜ਼ ਧੁੱਪ ਵਿਚ 5 ਹਜ਼ਾਰ ਲੋਕ ਮਾਸਕ ਤੇ ਦਸਤਾਨੇ ਪਾ ਕੇ ਸੋਗ ਵਿਚ ਖੜ੍ਹੇ ਰਹੇ। 

ਟੈਕਸਾਸ ਦੇ ਗਵਰਨਰ ਗ੍ਰੇਗ ਅਬਾਟ ਨੇ ਸੋਮਵਾਰ ਨੂੰ ਜਾਰਜ ਫਲਾਇਡ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨਾਲ ਦੁੱਖ ਸਾਂਝਾ ਕੀਤਾ। ਉਨ੍ਹਾਂ ਫਲਾਇਡ ਦੇ ਪਰਿਵਾਰ ਨੂੰ ਉਸ ਦੇ ਸਨਮਾਨ ਵਿਚ ਟੈਕਸਾਸ ਕੈਪੀਟਲ ਵਿਚ ਲਹਿਰਾਇਆ ਗਿਆ ਇਕ ਝੰਡਾ ਵੀ ਸੌਂਪਿਆ। ਉਨ੍ਹਾਂ ਪੁਲਸ ਵਿਭਾਗ ਵਿਚ ਸੁਧਾਰ ਕਰਨ ਦਾ ਸੰਕੇਤ ਵੀ ਦਿੱਤਾ।

ਦੋ ਹਫਤੇ ਪਹਿਲਾ ਪੁਲਸ ਹਿਰਾਸਤ ਵਿਚ ਮਾਰੇ ਗਏ ਫਲਾਇਡ ਲਈ ਨਿਆਂ ਮੰਗਦੇ ਹੋਏ ਲੋਕ ਪ੍ਰਦਰਸ਼ਨ ਕਰ ਰਹੇ ਹਨ। ਹਿਊਸਟਨ ਵਿਚ ਰਹਿਣ ਵਾਲੇ 46 ਸਾਲਾ ਫਲਾਇਡ ਨੂੰ ਇਕ ਗੋਰੇ ਪੁਲਸ ਅਧਿਕਾਰੀ ਨੇ ਹੱਥਕੜੀ ਲਗਾ ਕੇ ਜ਼ਮੀਨ 'ਤੇ ਸੁੱਟ ਦਿੱਤਾ ਸੀ ਤੇ ਉਸ ਦੀ ਗਰਦਨ ਨੂੰ ਗੋਡੇ ਨਾਲ ਤਦ ਤੱਕ ਦਬਾਇਆ ਜਦ ਤੱਕ ਕਿ ਉਸ ਦੀ ਮੌਤ ਨਹੀਂ ਹੋ ਗਈ। ਇਸ ਨਸਲੀ ਹਿੰਸਾ ਦੇ ਵਿਰੋਧ ਵਿਚ ਵਿਸ਼ਵ ਭਰ ਦੇ ਲੋਕ ਪ੍ਰਦਰਸ਼ਨ ਕਰ ਰਹੇ ਹਨ। ਕਈ ਥਾਵਾਂ 'ਤੇ ਪ੍ਰਦਰਸ਼ਨ ਹਿੰਸਕ ਹੋਣ ਕਾਰਨ ਕਈ ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ। 


author

Lalita Mam

Content Editor

Related News