ਅਮਰੀਕਾ ਅਤੇ ਯੂਰਪ 'ਚ ਸਰਦੀਆਂ ਦੇ ਨਾਲ ਆਈ ਨਵੇਂ ਕੋਰੋਨਾ ਮਾਮਲਿਆਂ ਦੀ ਲਹਿਰ

Wednesday, Oct 28, 2020 - 09:03 AM (IST)

ਅਮਰੀਕਾ ਅਤੇ ਯੂਰਪ 'ਚ ਸਰਦੀਆਂ ਦੇ ਨਾਲ ਆਈ ਨਵੇਂ ਕੋਰੋਨਾ ਮਾਮਲਿਆਂ ਦੀ ਲਹਿਰ

ਗੁਰਿੰਦਰਜੀਤ ਨੀਟਾ ਮਾਛੀਕੇ,(ਫਰਿਜ਼ਨੋ)- ਸਰਦੀਆਂ ਦੇ ਮੌਸਮ ਦੀ ਆਮਦ ਨਾਲ ਸੰਸਾਰ ਦੇ ਕੁੱਝ ਹਿੱਸਿਆਂ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚ ਵੀ ਵਾਧਾ ਹੋ ਰਿਹਾ ਹੈ, ਜਿਨ੍ਹਾਂ ਵਿਚ ਸੰਯੁਕਤ ਰਾਜ ਅਮਰੀਕਾ ਅਤੇ ਯੂਰਪ ਦੇ ਕੁੱਝ ਦੇਸ਼ ਜਿਵੇਂ ਕਿ ਰੂਸ, ਫਰਾਂਸ ਅਤੇ ਕਈ ਹੋਰ ਦੇਸ਼ ਸ਼ਾਮਲ ਹਨ। ਇਨ੍ਹਾਂ ਖੇਤਰਾਂ ਵਿਚ ਕੋਰੋਨਾ ਵਾਇਰਸ ਦੇ ਸੰਕਰਮਣ ਦੇ ਵੱਧ ਰਹੇ ਮਾਮਲਿਆਂ ਕਰਕੇ ਕੁਝ ਦੇਸ਼ਾਂ ਨੂੰ ਨਵੀਆਂ ਪਾਬੰਦੀਆਂ ਲਗਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ। 

ਵਾਇਰਸ ਕਰਕੇ ਸੰਯੁਕਤ ਰਾਜ ਦੇ ਸਟਾਕਾਂ ਵਿਚ ਵੀ ਚਾਰ ਹਫਤਿਆਂ ਤੋਂ ਗਿਰਾਵਟ ਆਈ ਹੈ। ਵਾਇਰਸ ਦੇ ਮੱਦੇਨਜ਼ਰ ਇਸ ਵੇਲੇ ਆਕਸਫੋਰਡ ਯੂਨੀਵਰਸਿਟੀ ਅਤੇ ਐਸਟਰਾ ਜ਼ੇਨੇਕਾ ਵਲੋਂ ਇਕ ਟੀਕਾ ਵਿਕਸਿਤ ਕੀਤਾ ਜਾ ਰਿਹਾ ਹੈ ਜੋ ਕਿ ਬਜ਼ੁਰਗ ਅਤੇ ਨੌਜਵਾਨਾਂ ਦੋਵਾਂ ਵਿਚ ਪ੍ਰਤੀਰੋਧਕ ਪ੍ਰਤੀਕ੍ਰਿਆ ਪੈਦਾ ਕਰਦਾ ਹੈ। ਇਹ ਮੰਨਿਆ ਜਾ ਰਿਹਾ ਹੈ ਕਿ ਸਰਦੀਆਂ ਵਿਚ ਇਹ ਵਾਇਰਸ ਨੂੰ ਰੋਕਣ ਵਿਚ ਸਹਾਈ ਹੋਵੇਗਾ ਕਿਉਂਕਿ ਵਧੇਰੇ ਲੋਕ ਘਰਾਂ ਵਿਚ ਹੀ ਗਤੀਵਿਧੀਆਂ ਕਰਦੇ ਹਨ। ਬ੍ਰਿਟਿਸ਼ ਸਿਹਤ ਸਕੱਤਰ ਮੈਟ ਹੈਨਕਾਕ ਨੇ ਚਿਤਾਵਨੀ ਦਿੱਤੀ ਕਿ ਇਹ ਟੀਕਾ ਅਗਲੇ ਸਾਲ ਤੱਕ ਵਿਆਪਕ ਤੌਰ 'ਤੇ ਉਪਲੱਬਧ ਨਹੀਂ ਹੋਵੇਗਾ।

ਇਸ ਬਦਲ ਰਹੇ ਮੌਸਮ ਦੌਰਾਨ ਸੰਯੁਕਤ ਰਾਜ ਵਿਚ ਹਸਪਤਾਲਾਂ ਵਿਚ ਦਾਖਲ ਕੋਵਿਡ -19 ਦੇ ਮਰੀਜ਼ਾਂ ਦੀ ਗਿਣਤੀ ਦੋ ਮਹੀਨਿਆਂ ਦੀ ਉੱਚਾਈ 'ਤੇ ਹੈ, ਜਿਸ ਕਰਕੇ ਕੁਝ ਰਾਜਾਂ ਵਿਚ ਸਿਹਤ ਸੇਵਾਵਾਂ ਵਿਚ ਹਲਚਲ ਮੱਚ ਗਈ ਹੈ। ਇਸ ਤੋਂ ਇਲਾਵਾ ਯੂਰਪ ਵਿਚ ਵੀ ਵਾਇਰਸ ਦੀ ਤਸਵੀਰ ਭਿਆਨਕ ਹੋ ਰਹੀ ਹੈ, ਜਿਸ ਵਿਚ ਫਰਾਂਸ ਸਭ ਤੋਂ ਮੋਹਰੀ ਹੈ, ਜਿੱਥੇ ਐਤਵਾਰ ਨੂੰ ਪਹਿਲੀ ਵਾਰ ਰੋਜ਼ਾਨਾ ਦੇ 50,000 ਤੋਂ ਵੱਧ ਮਾਮਲੇ ਦਰਜ ਕੀਤੇ ਗਏ ਹਨ, ਜਦੋਂ ਕਿ ਇਸ ਮਹਾਦੀਪ ਨੇ 2,50,000 ਮੌਤਾਂ ਦੀ ਹੱਦ ਪਾਰ ਕੀਤੀ ਹੈ। ਇਸ ਲਈ ਵਾਇਰਸ ਨੂੰ ਕਾਬੂ ਕਰਨ ਦੇ ਲਈ ਕਈ ਦੇਸ਼ਾਂ ਨੂੰ ਫਿਰ ਤੋਂ ਤਾਲਾਬੰਦੀ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਜਦਕਿ ਇਕ ਸਰਵੇ ਦੇ ਅੰਕੜਿਆਂ ਅਨੁਸਾਰ ਵਿਸ਼ਵ ਪੱਧਰ 'ਤੇ ਕੋਰੋਨਾ ਵਾਇਰਸ ਤੋਂ 43 ਮਿਲੀਅਨ ਤੋਂ ਵੱਧ ਲੋਕਾਂ ਦੇ ਪੀੜਿਤ ਹੋਣ ਦੀ ਖ਼ਬਰ ਹੈ ਅਤੇ ਸੰਯੁਕਤ ਰਾਜ ਵਿਚ ਸਭ ਤੋਂ ਵੱਧ ਮੌਤਾਂ ਅਤੇ ਵਾਇਰਸ ਦੇ ਮਾਮਲੇ ਦਰਜ ਹਨ।


author

Lalita Mam

Content Editor

Related News