ਅਮਰੀਕਾ : ਵੋਟਾਂ ਦੀ ਗਿਣਤੀ ਦੌਰਾਨ ਹੋ ਰਹੇ ਵਿਰੋਧ ਪ੍ਰਦਰਸ਼ਨ

Saturday, Nov 07, 2020 - 11:22 AM (IST)

ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕੀ ਰਾਸ਼ਟਰਪਤੀ ਅਹੁਦੇ ਦੀ ਦੌੜ ਵਿਚ ਇਸ ਵਾਰ ਉਮੀਦਵਾਰਾਂ ਵਿਚ ਫਸਵੀਂ ਟੱਕਰ ਹੈ। ਡੋਨਾਲਡ ਟਰੰਪ ਅਤੇ ਜੋਅ ਬਾਈਡੇਨ ਇੱਕ-ਦੂਜੇ ਨੂੰ ਫਸਵਾਂ ਮੁਕਾਬਲਾ ਦੇ ਰਹੇ ਹਨ। ਵੋਟਾਂ ਦੇ ਗਰਮ ਮਾਹੌਲ ਦੌਰਾਨ ਚੋਣ ਦਿਵਸ ਤੋਂ ਲੈ ਕੇ ਇਸ ਦੇ ਬੈਲਟਾਂ ਦੀ ਹੋ ਰਹੀ ਗਿਣਤੀ ਦੌਰਾਨ ਕਈ ਥਾਵਾਂ 'ਤੇ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। 

ਦੇਸ਼ ਭਰ ਦੇ ਕਈ ਸਮੂਹਾਂ ਨੇ ਵੀਰਵਾਰ ਨੂੰ ਫੀਨਿਕਸ, ਫਿਲਾਡੇਲਫਿਯਾ, ਲਾਸ ਵੇਗਾਸ, ਐਟਲਾਂਟਾ ਅਤੇ ਡੀਟ੍ਰਾਯੇਟ ਵਿਚ ਬੈਲਟ ਗਿਣਨ ਵਾਲੀਆਂ ਥਾਵਾਂ ਦੇ ਬਾਹਰ ਪ੍ਰਦਰਸ਼ਨ ਕੀਤਾ ਕਿਉਂਕਿ ਪ੍ਰਮੁੱਖ ਰਾਜਾਂ ਵਿੱਚ ਬੈਲਟ ਦੀ ਅੰਤਮ ਗਿਣਤੀ ਜਾਰੀ ਹੈ। ਇਨ੍ਹਾਂ ਵਿਚ ਬਹੁਤ ਸਾਰੇ ਪ੍ਰਦਰਸ਼ਨਾਂ ਨੂੰ ਸਾਜ਼ਸ਼ ਦੁਆਰਾ ਉਤਸ਼ਾਹਿਤ ਕੀਤਾ ਗਿਆ ਹੈ ਜੋ ਕਿ ਧੋਖਾਧੜੀ 'ਤੇ ਕੇਂਦ੍ਰਿਤ ਹਨ। ਇਨ੍ਹਾਂ ਪ੍ਰਦਰਸ਼ਨਾਂ ਦੌਰਾਨ ਕਿਹਾ ਜਾ ਰਿਹਾ ਹੈ ਕਿ ਡੈਮੋਕ੍ਰੇਟ ਰਾਸ਼ਟਰਪਤੀ ਉਮੀਦਵਾਰ ਜੋਅ ਬਾਈਡੇਨ ਲਈ ਜਾਅਲੀ ਬੈਲਟ ਤਿਆਰ ਕਰ ਰਹੇ ਹਨ। ਇਸ ਤਰ੍ਹਾਂ ਦੀਆਂ ਅਫਵਾਹਾਂ ਰਾਸ਼ਟਰਪਤੀ ਟਰੰਪ ਅਤੇ ਉਸ ਦੇ ਸਹਿਯੋਗੀਆਂ ਦੇ ਦੋਸ਼ਾਂ ਦੁਆਰਾ ਤੇਜ਼ੀ ਨਾਲ ਸੋਸ਼ਲ ਮੀਡੀਆ 'ਤੇ ਫੈਲ ਗਈਆਂ ਹਨ। 

ਰਾਸ਼ਟਰਪਤੀ ਟਰੰਪ ਨੇ ਵੀ ਵੀਰਵਾਰ ਨੂੰ ਟਵੀਟ 'ਗਿਣਤੀ ਨੂੰ ਰੋਕੋ' ਕੀਤਾ ਕਿਉਂਕਿ ਵੋਟਾਂ ਦੀ ਵੱਧ ਰਹੀ ਗਿਣਤੀ ਨੇ ਕੁਝ ਰਾਜਾਂ ਵਿਚ ਬਾਈਡੇਨ ਨਾਲੋਂ ਉਸ ਦੀ ਬੜ੍ਹਤ ਨੂੰ ਘਟਾਇਆ ਹੈ। ਇਸ ਦੇ ਇਲਾਵਾ ਵੀਰਵਾਰ ਸ਼ਾਮ ਨੂੰ ਫਿਲਾਡੇਲਫੀਆ ਖੇਤਰ ਵਿਚ ਇਕ ਸੰਦੇਸ਼ ਜਾਰੀ ਹੋਇਆ, ਜਿਸ ਵਿਚ ਟਰੰਪ ਦੇ ਸਮਰਥਕਾਂ ਨੂੰ ਸ਼ਹਿਰ ਦੇ ਕਨਵੈਨਸ਼ਨ ਸੈਂਟਰ ਦੇ ਸਾਹਮਣੇ ਪ੍ਰਦਰਸ਼ਨ ਕਰਨ ਦੀ ਅਪੀਲ ਕੀਤੀ ਗਈ ਸੀ। ਇਸ ਦੇ ਨਾਲ ਹੀ ਚੋਣ ਦਿਵਸ ਤੋਂ ਲੈ ਕੇ ਟਰੰਪ ਦੀ ਮੁਹਿੰਮ ਨੇ ਪੈਨਸਿਲਵੇਨੀਆ, ਨੇਵਾਡਾ ਅਤੇ ਮਿਸ਼ੀਗਨ ਸਣੇ ਪ੍ਰਮੁੱਖ ਰਾਜਾਂ ਵਿੱਚ ਵੋਟਾਂ ਦੀ ਗਿਣਤੀ ਨੂੰ ਰੋਕਣ ਦੀ ਕੋਸ਼ਿਸ਼ ਵਿੱਚ ਕਾਨੂੰਨੀ ਕਾਰਵਾਈ ਦੀ ਧਮਕੀ ਵੀ ਦਿੱਤੀ ਹੈ। ਇਕ ਵਿਰੋਧੀ ਪ੍ਰਦਰਸ਼ਨ ਵਿਚ ਟਰੰਪ ਦੇ ਕੁਝ ਸੌ ਸਮਰਥਕ ਲਾਸ ਵੇਗਸ ਦੇ ਕਲਾਰਕ ਕਾਉਂਟੀ ਚੋਣ ਹੈੱਡਕੁਆਰਟਰ ਵਿਖੇ ਇਕੱਠੇ ਹੋਏ । ਉਨ੍ਹਾਂ ਕੋਲ ਅਮਰੀਕੀ ਝੰਡੇ ਅਤੇ "ਟਰੰਪ 2020" ਦੇ ਬੈਨਰ ਸਨ।ਪ੍ਰਦਰਸ਼ਨ ਵਿਚ "ਮੇਰੀ ਵੋਟ ਚੋਰੀ ਨਾ ਕਰੋ" ਅਤੇ "ਸਾਰੀਆਂ ਕਾਨੂੰਨੀ ਵੋਟਾਂ ਦੀ ਗਿਣਤੀ ਕਰੋ" ਆਦਿ ਸੰਕੇਤ ਲਿਖੇ ਹੋਏ ਸਨ। ਹੋਰ ਕਈ ਖੇਤਰਾਂ ਜਿਵੇਂ ਕਿ ਐਰੀਜ਼ੋਨਾ, ਐਟਲਾਂਟਾ, ਮਿਸ਼ੀਗਨ, ਮਿਨੀਸੋਟਾ ਆਦਿ ਵਿਚ ਵੀ ਗਿਣਤੀ ਦੌਰਾਨ ਵਿਰੋਧ ਪ੍ਰਦਰਸ਼ਨ ਹੋਏ।


 


Lalita Mam

Content Editor

Related News