ਅਮਰੀਕਾ ''ਚ ਚੋਣਾਂ ਤੋਂ ਪਹਿਲਾਂ ਹੋਈ ਰਿਕਾਰਡ ਵੋਟਿੰਗ ਨੇ 2016 ਦੀ ਗਿਣਤੀ ਨੂੰ ਛੱਡਿਆ ਪਿੱਛੇ
Tuesday, Oct 27, 2020 - 12:07 PM (IST)
ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ )- ਕੋਰੋਨਾ ਵਾਇਰਸ ਮਹਾਮਾਰੀ ਦੇ ਕਾਲ ਦੌਰਾਨ ਵੀ ਇਸ ਵਾਰ ਦੀਆਂ ਚੋਣਾਂ ਨੂੰ ਲੈ ਕੇ ਅਮਰੀਕੀ ਲੋਕਾਂ ਵਿਚ ਬਹੁਤ ਉਤਸ਼ਾਹ ਹੈ। ਇਸੇ ਉਤਸ਼ਾਹ ਦੇ ਚੱਲਦਿਆਂ ਨਵੰਬਰ ਦੀਆਂ ਚੋਣਾਂ ਲਈ ਪੂਰਵ-ਚੋਣ ਵੋਟਿੰਗ ਨੇ 2016 ਦੀਆਂ ਸ਼ੁਰੂਆਤੀ ਵੋਟਾਂ ਦੀ ਗਿਣਤੀ ਨੂੰ ਪਾਰ ਕਰ ਲਿਆ ਹੈ ਜਦਕਿ ਚੋਣ ਦਿਵਸ ਵਿਚ ਅਜੇ ਵੀ ਕੁੱਝ ਦਿਨ ਬਾਕੀ ਹਨ।
ਚੋਣ ਅਧਿਕਾਰੀਆਂ ਵਲੋਂ ਦੇਸ਼ ਦੇ 50 ਰਾਜਾਂ ਅਤੇ ਵਾਸ਼ਿੰਗਟਨ ਡੀ. ਸੀ. ਦੇ ਕੀਤੇ ਇਕ ਸਰਵੇਖਣ ਮੁਤਾਬਕ ਹੁਣ ਤੱਕ 60 ਮਿਲੀਅਨ ਤੋਂ ਵੱਧ ਅਮਰੀਕੀ ਵੋਟ ਪਾ ਚੁੱਕੇ ਹਨ, ਜਦਕਿ ਇਕ ਵਿਸ਼ਲੇਸ਼ਣ ਅਨੁਸਾਰ ਸਾਲ 2016 ਵਿਚ, ਚੋਣਾਂ ਤੋਂ ਪਹਿਲਾਂ ਲਗਭਗ 58.3 ਮਿਲੀਅਨ ਮਤਦਾਨ ਹੋਏ ਸਨ, ਜਿਨ੍ਹਾਂ ਵਿਚ ਉਸ ਸਾਲ ਤਿੰਨ ਵੋਟ ਮੇਲ ਪੱਤਰਾਂ ਵਿਚ ਬੈਲੇਟ ਸ਼ਾਮਲ ਸਨ।
ਕੋਰੋਨਾ ਵਾਇਰਸ ਮਹਾਮਾਰੀ ਦੇ ਦੇਸ਼ ਭਰ ਵਿਚ ਫੈਲੇ ਹੋਣ ਦੇ ਬਾਵਜੂਦ ਵੀ ਚੋਣ ਦਿਨ ਤੋਂ ਪਹਿਲਾਂ ਦੀ ਵੋਟਿੰਗ ਚੱਲ ਰਹੀ ਹੈ, ਅਤੇ ਰਾਜਾਂ ਵਿੱਚ ਰਿਕਾਰਡ ਤੋੜ ਮਤਦਾਨ ਦੀ ਰਿਪੋਰਟ ਦਿੱਤੀ ਜਾ ਰਹੀ ਹੈ ਕਿਉਂਕਿ ਵੋਟਰ ਡਾਕ ਰਾਹੀਂ ਜਾਂ ਨਵੰਬਰ ਦੇ ਸ਼ੁਰੂ ਵਿੱਚ ਵਿਅਕਤੀਗਤ ਤੌਰ ਤੇ ਵੋਟ ਪਾਉਣ ਲਈ ਉਤਸ਼ਾਹਿਤ ਹਨ। ਇਨ੍ਹਾਂ ਵਿਚੋਂ 54 ਫੀਸਦੀ ਵੋਟਾਂ ਵੱਧ ਮੁਕਾਬਲੇ ਵਾਲੇ ਰਾਜਾਂ ਵਿਚ ਪਈਆਂ ਹਨ ਜੋ ਇਹ ਨਿਰਧਾਰਤ ਕਰਨ ਵਿਚ ਇਕ ਅਹਿਮ ਭੂਮਿਕਾ ਨਿਭਾਉਣਗੇ ਕਿ ਇਸ ਸਾਲ ਰਾਸ਼ਟਰਪਤੀ ਅਹੁਦਾ ਕਿਸ ਨੇ ਜਿੱਤਿਆ ਹੈ। ਉਨ੍ਹਾਂ ਰਾਜਾਂ ਵਿਚੋਂ, ਮਿਨੀਸੋਟਾ ਵਿਚ ਮੌਜੂਦਾ ਸਮੇਂ ਵੋਟਾਂ ਦੀ ਫੀਸਦੀ ਵਿਚ ਵਾਧਾ ਹੋਇਆ ਹੈ। ਇਸ ਸਾਲ ਦੀਆਂ ਰਾਸ਼ਟਰਪਤੀ ਵੋਟਾਂ ਵਿਚ ਛੋਟੀ ਉਮਰ ਦੇ ਵੋਟਰਾਂ ( 18-29) ਵਿੱਚ ਜ਼ਿਆਦਾ ਉਤਸ਼ਾਹ ਹੈ 'ਤੇ ਉਹ ਵਧੇਰੇ ਵੋਟ ਪਾ ਰਹੇ ਹਨ ਜਦਕਿ 30 ਅਤੇ 65 ਸਾਲ ਤੋਂ ਵੱਧ ਦੀ ਉਮਰ ਦੇ ਲੋਕਾਂ ਦਾ ਰੁਝਾਨ 2016 ਦੀਆਂ ਵੋਟਾਂ ਨਾਲੋਂ ਘਟਿਆ ਹੈ।