ਸ਼ੀ ਜਿਨਪਿੰਗ ਨਾਲ ਹਾਲੇ ਨਹੀਂ ਕਰਨਾ ਚਾਹੁੰਦਾ ਗੱਲਬਾਤ : ਟਰੰਪ

Saturday, May 16, 2020 - 06:03 PM (IST)

ਸ਼ੀ ਜਿਨਪਿੰਗ ਨਾਲ ਹਾਲੇ ਨਹੀਂ ਕਰਨਾ ਚਾਹੁੰਦਾ ਗੱਲਬਾਤ : ਟਰੰਪ

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੋਰੋਨਾਵਾਇਰਸ ਗਲੋਬਲ ਮਹਾਮਾਰੀ ਨਾਲ ਨਜਿੱਠਣ ਦੇ ਮਾਮਲੇ ਵਿਚ ਚੀਨੀ ਲੀਡਰਸ਼ਿਪ ਦੇ ਪ੍ਰਤੀ ਆਪਣੀ ਨਾਰਾਜ਼ਗੀ ਪ੍ਰਗਟ ਕੀਤੀ ਹੈ। ਟਰੰਪ ਨੇ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਹੈ ਕਿ ਉਹ ਆਪਣੇ ਚੀਨੀ ਹਮਰੁਤਬਾ ਸ਼ੀ ਜਿਨਪਿੰਗ ਨਾਲ ਹਾਲੇ ਗੱਲਬਾਤ ਨਹੀਂ ਕਰਨਾ ਚਾਹੁੰਦੇ ਹਨ। ਵ੍ਹਾਈਟ ਹਾਊਸ ਵਿਚ ਪੱਤਰਕਾਰ ਸੰਮੇਲਨ ਵਿਚ 
ਟਰੰਪ ਨੂੰ ਸਵਾਲ ਕੀਤਾ ਗਿਆ ਸੀ ਕਿ ਉਹ ਜਿਨਪਿੰਗ ਨਾਲ ਗੱਲ ਕਿਉਂ ਨਹੀਂ ਕਰਨਾ ਚਾਹੁੰਦੇ ਹਨ। ਇਸ ਸਵਾਲ ਦੇ ਜਵਾਬ ਵਿਚ ਟਰੰਪ ਨੇ ਕਿਹਾ,''ਉਹਨਾਂ ਨਾਲ ਹਾਲੇ ਗੱਲ ਨਹੀਂ ਕਰਨਾ ਚਾਹੁੰਦਾ ਹਾਂ। ਅਸੀਂ ਦੇਖਾਂਗੇ ਕਿ ਆਉਣ ਵਾਲੇ ਸਮੇਂ ਵਿਚ ਕੀ ਹੁੰਦਾ ਹੈ।''

ਇਸ ਸਾਲ ਦੇ ਸ਼ੁਰੂ ਵਿਚ ਹੋਏ ਵਪਾਰ ਸਮਝੌਤੇ ਦੇ ਮੁਤਾਬਕ ਚੀਨ ਪਿਛਲੇ ਸਾਲ ਦੀ ਤੁਲਨਾ ਵਿਚ ਅਮਰੀਕਾ ਵਸਤਾਂ ਵੱਧ ਖਰੀਦ ਰਿਹਾ ਹੈ। ਟਰੰਪ ਨੇ ਕਿਹਾ,''ਉਹ ਵਪਾਰ ਸਮਝੌਤੇ 'ਤੇ ਕਾਫੀ ਖਰਚ ਕਰ ਰਹੇ ਹਨ ਪਰ ਵਪਾਰ ਸਮਝੌਤੇ ਨੂੰ ਲੈ ਕੇ ਮੇਰਾ ਮਜ਼ਾ ਥੋੜ੍ਹਾ ਘੱਟ ਗਿਆ ਹੈ, ਤੁਸੀਂ ਸਮਝ ਸਕਦੇ ਹੋ।'' ਇਸ ਤੋਂ ਪਹਿਲਾਂ ਟਰੰਪ ਨੇ ਕਿਹਾ ਸੀ ਕਿ ਉਹ ਵਪਾਰ ਸਮਝੌਤੇ ਦੇ ਬਾਰੇ ਵਿਚ ਗੱਲ ਨਹੀਂ ਕਰਨਾ ਚਾਹੁੰਦੇ। ਟਰੰਪ ਨੇ ਕਿਹਾ,''ਮੈਂ ਇਸ ਦੇ ਬਾਰੇ ਵਿਚ ਗੱਲ ਨਹੀਂ ਕਰਨਾ ਚਾਹੁੰਦਾ। ਮੈਂ ਕਹਿ ਸਕਦਾ ਹਾਂ ਕਿ ਚੀਨ ਸਾਡੇ ਕਾਫੀ ਉਤਪਾਦ ਖਰੀਦ ਰਿਹਾ ਹੈ ਪਰ ਵਪਾਰ ਸਮਝੌਤੇ ਵਾਲੀ ਸਿਆਹੀ ਹਾਲੇ ਸੁੱਕੀ ਵੀ ਨਹੀਂ ਸੀ ਕਿ ਚੀਨ ਤੋਂ ਇਹ ਕੋਰੋਨਾਵਾਇਰਸ ਆ ਗਿਆ। ਇਸ ਲਈ ਅਜਿਹਾ ਨਹੀਂ ਹੈ ਕਿ ਅਸੀਂ ਖੁਸ਼ ਹਾਂ।'' 

ਟਰੰਪ ਨੇ ਕਿਹਾ,''ਅਜਿਹਾ ਕਦੇ ਨਹੀਂ ਹੋਣਾ ਚਾਹੀਦਾ ਸੀ। ਇਹ ਵਾਇਰਸ ਚੀਨ ਤੋਂ ਆਇਆ। ਇਸ ਨੂੰ ਦੁਨੀਆ ਵਿਚ ਫੈਲਣ ਤੋਂ ਪਹਿਲਾਂ ਚੀਨ ਵਿਚ ਹੀ ਰੋਕਿਆ ਜਾ ਸਕਦਾ ਸੀ। ਕੁੱਲ 186 ਦੇਸ਼ ਪ੍ਰਭਾਵਿਤ ਹੋਏ ਹਨ। ਰੂਸ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਫਰਾਂਸ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਤੁਸੀਂ ਕਿਸੇ ਵੀ ਦੇਸ਼ ਵੱਲ ਦੇਖੋ ਅਤੇ ਤੁਸੀਂ ਕਹਿ ਸਕਦੇ ਹੋ ਕਿ ਉਹ ਪ੍ਰਭਾਵਿਤ ਹੈ ਜਾਂ ਇਹ ਕਹਿ ਸਕਦੇ ਹੋ ਕਿ ਉਹ ਇਨਫੈਕਟਿਡ ਹਨ।'' ਵ੍ਹਾਈਟ ਹਾਊਸ ਦੇ ਪ੍ਰੈੱਸ ਸਕੱਤਰ ਕੇਲੀਗ ਮੈਕੇਨਾਨੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਟਰੰਪ ਚੀਨ ਤੋਂ ਨਿਰਾਸ਼ ਹਨ। ਇਸ ਵਿਚ ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪਿਓ ਨੇ ਕਿਹਾ,''ਟਰੰਪ ਪ੍ਰਸ਼ਾਸਨ ਅਮਰੀਕੀ ਨਾਗਰਿਕਾਂ ਦੀ ਨਿੱਜਤਾ ਜਾਂ ਵਿਸ਼ਵ ਭਰ ਵਿਚ ਆਉਣ ਵਾਲੀਆਂ ਪੀੜ੍ਹੀਆਂ ਦੇ ਨੈੱਟਵਰਕਾਂ ਦੀ ਅਖੰਡਤਾ ਨੂੰ ਕਮਜ਼ੋਰ ਕਰਨ ਦੇ 'ਚਾਈਨੀਜ਼ ਕਮਿਊਨਿਸਟ ਪਾਰਟੀ' ਦੀਆਂ ਕੋਸ਼ਿਸ਼ਾਂ ਨੂੰ ਸਹਿਣ ਨਹੀਂ ਕਰੇਗਾ।''

ਪੜ੍ਹੋ ਇਹ ਅਹਿਮ ਖਬਰ- ਟਰੰਪ ਨੇ ਭਾਰਤੀ-ਅਮਰੀਕੀ ਵਿਗਿਆਨੀਆਂ ਤੇ ਖੋਜ ਕਰਤਾਵਾਂ ਦੀ ਕੀਤੀ ਤਾਰੀਫ

ਪਿਛਲੇ ਕਈ ਹਫਤਿਆਂ ਤੋਂ ਟਰੰਪ 'ਤੇ ਚੀਨ ਦੇ ਵਿਰੁੱਧ ਕਾਰਵਾਈ ਕਰਨ ਦਾ ਦਬਾਅ ਵੱਧ ਰਿਹਾ ਹੈ। ਸਾਂਸਦਾਂ ਅਤੇ ਵਿਚਾਰਕਾਂ ਦਾ ਕਹਿਣਾ ਹੈਕਿ ਚੀਨ ਦੀ ਕਿਰਿਆਹੀਣਤਾ ਕਾਰਨ ਵੁਹਾਨ ਤੋਂ ਦੁਨੀਆ ਭਰ ਵਿਚ ਜਾਨਲੇਵਾ ਕੋਰੋਨਾਵਾਇਰਸ ਫੈਲਿਆ ਹੈ। ਕੋਰੋਨਾਵਾਇਰਸ ਦੇ ਕਾਰਨ ਦੁਨੀਆ ਭਰ ਵਿਚ 46 ਲੱਖ ਤੋਂ ਵਧੇਰੇ ਲੋਕ ਪੀੜਤ ਹਨ ਅਤੇ 3 ਲੱਖ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ।

ਪੜ੍ਹੋ ਇਹ ਅਹਿਮ ਖਬਰ- ਇੰਗਲੈਂਡ ਦੇ ਇਸ ਸਹਿਰ 'ਚੋਂ ਮਿਲੀ ਨਵਜੰਮੀ ਬੱਚੀ ਦੀ ਲਾਸ਼ 


author

Vandana

Content Editor

Related News