ਕੋਰੋਨਾ ਸੰਕਟ ਕਾਰਨ ਟਰੰਪ ਨੇ ਇਮੀਗ੍ਰੇਸ਼ਨ ਸੇਵਾਵਾਂ ''ਤੇ ਲਾਈ ਅਸਥਾਈ ਰੋਕ
Tuesday, Apr 21, 2020 - 06:30 PM (IST)

ਵਾਸ਼ਿੰਗਟਨ (ਬਿਊਰੋ): ਕੋਵਿਡ-19 ਮਹਾਮਾਰੀ ਨਾਲ ਜੂਝ ਰਹੇ ਅਮਰੀਕਾ ਨੇ ਇਮੀਗ੍ਰੇਸ਼ਨ ਰੋਕਣ ਦਾ ਫੈਸਲਾ ਕੀਤਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਸਵੇਰੇ ਇਹ ਵੱਡਾ ਐਲਾਨ ਕੀਤਾ। ਹੁਣ ਅਗਲੇ ਆਦੇਸ਼ ਤੱਕ ਅਮਰੀਕਾ ਵਿਚ ਕਿਸੇ ਵੀ ਬਾਹਰੀ ਵਿਅਕਤੀ ਨੂੰ ਵਸਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਟਰੰਪ ਨੇ ਇਸ ਵੱਡੇ ਫੈਸਲੇ ਦਾ ਐਲਾਨ ਆਪਣੇ ਟਵਿੱਟਰ ਅਕਾਊਂਟ ਤੋਂ ਕੀਤਾ। ਕੋਰੋਨਾਵਾਇਰਸ ਕਾਰਨ ਖੜ੍ਹੇ ਹੋਏ ਅਰਥਵਿਵਸਥਾ 'ਤੇ ਸੰਕਟ ਨੂੰ ਦੇਖਦੇ ਹੋਏ ਟਰੰਪ ਨੇ ਇਹ ਫੈਸਲਾ ਲਿਆ।
In light of the attack from the Invisible Enemy, as well as the need to protect the jobs of our GREAT American Citizens, I will be signing an Executive Order to temporarily suspend immigration into the United States!
— Donald J. Trump (@realDonaldTrump) April 21, 2020
ਟਰੰਪ ਨੇ ਮੰਗਲਵਾਰ ਸਵੇਰੇ ਟਵੀਟ ਕਰਦਿਆਂ ਐਲਾਨ ਕੀਤਾ,''ਅਦ੍ਰਿਸ਼ ਦੁਸ਼ਮਣ ਦੇ ਹਮਲੇ ਕਾਰਨ ਜਿਹੜੀ ਸਥਿਤੀ ਪੈਦਾ ਹੋਈ ਹੈ ਉਸ ਵਿਚ ਅਸੀਂ ਆਪਣੇ ਮਹਾਨ ਅਮਰੀਕੀ ਨਾਗਰਿਕਾਂ ਦੀ ਨੌਕਰੀ ਬਚਾ ਕੇ ਰੱਖਣੀ ਹੈ।ਇਸ ਨੂੰ ਦੇਖਦੇ ਹੋਏ ਮੈਂ ਇਕ ਆਰਡਰ 'ਤੇ ਦਸਤਖਤ ਕਰ ਰਿਹਾ ਹਾਂ ਜੋ ਅਮਰੀਕਾ ਵਿਚ ਬਾਹਰੀ ਲੋਕਾਂ ਦੇ ਵਸਣ 'ਤੇ ਰੋਕ ਲਗਾ ਦੇਵੇਗਾ।'' ਟਰੰਪ ਦੇ ਇਸ ਆਦੇਸ਼ ਨਾਲ ਸਾਫ ਹੈ ਕਿ ਹੁਣ ਅਗਲੇ ਆਦੇਸ਼ ਤੱਕ ਕੋਈ ਵੀ ਵਿਦੇਸ਼ੀ ਨਾਗਰਿਕ ਅਮਰੀਕ ਦਾ ਨਾਗਰਿਕ ਨਹੀਂ ਬਣ ਪਾਵੇਗਾ ਅਤੇ ਨਾ ਹੀ ਇਸ ਲਈ ਐਪਲੀਕੇਸ਼ਨ ਦੇ ਸਕੇਗਾ।
ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ : 6,625 ਕੇਸਾਂ 'ਚੋਂ 71 ਦੀ ਮੌਤ ਅਤੇ 4,258 ਮਰੀਜ਼ ਹੋਏ ਠੀਕ
ਜ਼ਿਕਰਯੋਗ ਹੈ ਕਿ ਦੁਨੀਆਭਰ ਤੋਂ ਲੋਕ ਅਮਰੀਕਾ ਵਿਚ ਨੌਕਰੀ ਅਤੇ ਬਿਜ਼ਨੈੱਸ ਕਰਨ ਲਈ ਜਾਂਦੇ ਹਨ ਜੋ ਕਿ ਕੁਝ ਸਮੇਂ ਦੇ ਬਾਅਦ ਉੱਥੇ ਹੀ ਸਿਟੀਜ਼ਨਸ਼ਿਪ ਲਈ ਅਪਲਾਈ ਕਰਦੇ ਹਨ। ਲੈਟਿਨ ਅਮਰੀਕਾ, ਯੂਰਪ ਤੋਂ ਵੱਡੀ ਗਿਣਤੀ ਵਿਚ ਲੋਕ ਅਮਰੀਕਾ ਆਉਂਦੇ ਹਨ। ਇਸ ਦੇ ਇਲਾਵਾ ਭਾਰਤ ਸਮੇਤ ਹੋਰ ਏਸ਼ੀਆਈ ਦੇਸ਼ਾਂ ਤੋਂ ਵੀ ਵੱਡੀ ਗਿਣਤੀ ਵਿਚ ਲੋਕ ਪਹੁੰਚਦੇ ਹਨ ਪਰ ਟਰੰਪ ਨੇ ਹੁਣ ਕਿਸੇ ਵੀ ਤਰ੍ਹਾਂ ਦੇ ਇਮੀਗ੍ਰੇਸ਼ਨ 'ਤੇ ਰੋਕ ਲਗਾ ਦਿੱਤੀ ਹੈ।ਭਾਵੇਂਕਿ ਇਹ ਰੋਕ ਹਾਲੇ ਅਸਥਾਈ ਰੂਪ ਨਾਲ ਲਗਾਈ ਗਈ ਹੈ। ਗੌਰਤਲਬ ਹੈ ਕਿ ਕੋਰੋਨਾਵਾਇਰਸ ਕਾਰਨ ਅਮਰੀਕਾ ਹੁਣ ਤੱਕ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੈ। ਪਿਛਲੇ ਕਰੀਬ 2 ਮਹੀਨਿਆਂ ਵਿਚ ਅਮਰੀਕਾ ਵਿਚ 1 ਕਰੋੜ ਤੋਂ ਵੱਧ ਲੋਕ ਆਪਣੀ ਨੌਕਰੀ ਗਵਾ ਚੁੱਕੇ ਹਨ ਅਤੇ ਬੇਰੋਜ਼ਗਾਰਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਲਈ ਅਪਲਾਈ ਕਰ ਚੁੱਕੇ ਹਨ। ਇਸ ਦੇ ਇਲਾਵਾ ਅਮਰੀਕੀ ਬਿਜ਼ਨੈੱਸ 'ਤੇ ਵੀ ਭਾਰੀ ਸੰਕਟ ਛਾਇਆ ਹੈ।