ਅਮਰੀਕਾ ਦੇ ਉੱਤਰੀ ਅਤੇ ਦੱਖਣੀ ਡਕੋਟਾ ਦਾ ਹੋ ਰਿਹੈ ਕੋਵਿਡ-19 ਨਾਲ ਬੁਰਾ ਹਾਲ
Thursday, Oct 29, 2020 - 11:02 AM (IST)
ਫਰਿਜ਼ਨੋ (ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕਾ ਵਿਚ ਕੋਵਿਡ -19 ਦੇ ਮਾਮਲੇ ਫਿਰ ਤੋਂ ਵੱਧ ਹੋ ਰਹੇ ਹਨ ਪਰ ਇਸ ਦੇ ਦੋ ਸੂਬਿਆਂ ਨੌਰਥ ਅਤੇ ਸਾਊਥ ਡਕੋਟਾ ਵਿਚ ਕੋਰੋਨਾ ਵਾਇਰਸ ਦਾ ਪ੍ਰਕੋਪ ਬਾਕੀ ਅਮਰੀਕਾ ਨੂੰ ਪਛਾੜ ਰਿਹਾ ਹੈ। ਇਸ ਤੋਂ ਪਹਿਲਾਂ ਕੋਰੋਨਾ ਮਹਾਮਾਰੀ ਤੋਂ ਬਚਣ ਵਿਚ ਇਹ ਦੋਵੇਂ ਰਾਜ ਕਾਮਯਾਬ ਹੋ ਗਏ ਸਨ ਪਰ ਦੁਬਾਰਾ ਤੋਂ ਵੱਧ ਰਹੇ ਮਾਮਲਿਆਂ ਵਿਚ ਉੱਤਰੀ ਅਤੇ ਦੱਖਣੀ ਡਕੋਟਾ ਵਿਚ ਹੁਣ ਪ੍ਰਤੀ 100,000 ਲੋਕਾਂ ਲਈ ਰੋਜ਼ਾਨਾ ਦੇ ਨਵੇਂ ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚ ਹਫਤਾਵਾਰੀ ਔਸਤਨ ਚਾਰ ਤੋਂ ਪੰਜ ਗੁਣਾ ਵਾਧਾ ਹੋ ਰਿਹਾ ਹੈ। ਪੂਰੇ ਅਮਰੀਕਾ ਵਿਚ 26 ਅਕਤੂਬਰ ਤੱਕ ਪ੍ਰਤੀ ਇਕ ਲੱਖ ਲੋਕਾਂ ਪਿੱਛੇ 22 ਮਾਮਲੇ ਹੋ ਰਹੇ ਹਨ ਜਦਕਿ ਇਸ ਦੌਰਾਨ ਦੱਖਣੀ ਡਕੋਟਾ ਵਿਚ ਪ੍ਰਤੀ 100,000 ਲਈ 95 ਅਤੇ ਉੱਤਰੀ ਡਕੋਟਾ ਵਿਚ 105 ਵਾਇਰਸ ਦੇ ਮਾਮਲੇ ਹਨ ਅਤੇ 100 ਦੇ ਅੰਕੜੇ ਨੂੰ ਪਾਰ ਕਰਨ ਵਾਲਾ ਇਹ ਪਹਿਲਾ ਸੂਬਾ ਬਣ ਗਿਆ ਹੈ।
ਇਸ ਤੋਂ ਇਲਾਵਾ ਦੋਵਾਂ ਸੂਬਿਆਂ ਵਿਚ ਸਤੰਬਰ ਤੋਂ ਬਾਅਦ ਹਸਪਤਾਲ ਵਿੱਚ ਦਾਖਲ ਹੋਣ ਵਾਲੇਮਰੀਜ਼ਾਂ ਅਤੇ ਮੌਤਾਂ ਵਿੱਚ ਵਾਧਾ ਹੋਇਆ ਹੈ। ਵਾਇਰਸ ਦੀ ਇਸ ਲਹਿਰ ਦੌਰਾਨ ਇਨ੍ਹਾਂ ਸੂਬਿਆਂ ਵਿਚ ਵਾਇਰਸ ਦੇ ਤੇਜ਼ੀ ਨਾਲ ਫੈਲਣ ਕਾਰਨਾਂ ਵਿਚ ਸਾਵਧਾਨੀਆਂ ਪ੍ਰਤੀ ਵਰਤੀ ਕੁਤਾਹੀ ਹੈ। ਮਾਹਰਾਂ ਅਨੁਸਾਰ ਦੂਜੇ ਰਾਜਾਂ ਦੇ ਵਾਂਗ ਦੱਖਣੀ ਅਤੇ ਉੱਤਰੀ ਡਕੋਟਾ ਕਦੇ ਵੀ ਪੂਰੀ ਤਰ੍ਹਾਂ ਬੰਦ ਨਹੀਂ ਹੋਏ।
ਇਨ੍ਹਾਂ ਦੋਵੇਂ ਰਾਜਾਂ ਨੇ ਖੁਦ ਵਾਇਰਸ ਦੇ ਫੈਲਣ ਨੂੰ ਬੁਲਾਵਾ ਦਿੱਤਾ ਹੈ ਕਿਉਂਕਿ ਬਾਰਾਂ, ਰੈਸਟੋਰੈਂਟਾਂ, ਪਾਰਟੀਆਂ, ਜਸ਼ਨਾਂ, ਰੋਡਿਓਜ਼, ਰੈਲੀਆਂ ਅਤੇ ਹੋਰ ਵੱਡੇ ਇਕੱਠਾਂ ਉੱਤੇ ਪਾਬੰਦੀਆਂ ਵਿਚ ਢਿੱਲ ਸੀ। ਇਸ ਦੇ ਨਾਲ ਹੀ ਅਗਸਤ ਦੇ ਸ਼ੁਰੂ ਵਿਚ ਦੱਖਣੀ ਡਕੋਟਾ ਦੇ ਸਟੂਰਗਿਸ ਵਿਚ ਇਕ ਮੋਟਰਸਾਈਕਲ ਰੈਲੀ ਸੀ, ਜਿਸ ਨੂੰ ਕੁਝ ਮਾਹਰ ਹੁਣ ਕੋਵੀਡ-19 ਦੇ ਵਾਧੇ ਲਈ ਜ਼ਿੰਮੇਵਾਰ ਠਹਿਰਾਉਂਦੇ ਹਨ । ਇੰਨਾ ਹੀ ਨਹੀਂ ਦੋਵਾਂ ਵਿੱਚੋਂ ਕਿਸੇ ਰਾਜ ਨੇ ਇੱਕ ਮਾਸਕ ਨਾਲ ਮੂੰਹ ਢਕਣ 'ਤੇ ਵੀ ਜ਼ਿਆਦਾ ਸਖਤਾਈ ਨਹੀਂ ਕੀਤੀ। ਵਾਇਰਸ ਦੇ ਪ੍ਰਕੋਪ ਦੇ ਬਾਵਜੂਦ ਵੀ ਸੂਬਾ ਨੇਤਾਵਾਂ ਨੇ ਸਖ਼ਤ ਕਾਰਵਾਈਆਂ ਤੋਂ ਇਨਕਾਰ ਕਰ ਦਿੱਤਾ ਹੈ, ਜਿਸ ਨਾਲ ਕਿ ਇਨ੍ਹਾਂ ਪ੍ਰਦੇਸ਼ਾਂ ਵਿਚ ਵਾਇਰਸ ਦੀ ਸੰਭਾਵਨਾ ਹੋਰ ਵੱਧ ਹੋ ਜਾਂਦੀ ਹੈ।