ਯੂ. ਐੱਸ. ਦੇ ਬੀਮਾਰੀ ਰੋਕਥਾਮ ਕੇਂਦਰ ਨੇ ਕੋਰੋਨਾ ਪੀੜਤ ਦੇ ਨੇੜਲੇ ਸੰਪਰਕਾਂ ਦੀ ਪਰਿਭਾਸ਼ਾ ਬਦਲੀ
Thursday, Oct 22, 2020 - 12:20 PM (IST)
ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਕੋਰੋਨਾ ਵਾਇਰਸ ਇਕ ਛੂਤ ਦੀ ਬੀਮਾਰੀ ਹੈ ਅਤੇ ਲੋਕਾਂ ਦੇ ਇਕ-ਦੂਜੇ ਨਾਲ ਸੰਪਰਕ ਵਿਚ ਆਉਣ ਤੇ ਜ਼ਿਆਦਾ ਫੈਲਦੀ ਹੈ। ਇਸ ਸੰਬੰਧ ਵਿਚ ਅਮਰੀਕਾ ਦੇ ਬੀਮਾਰੀ ਨਿਯੰਤਰਣ ਅਤੇ ਰੋਕਥਾਮ ਕੇਂਦਰ (ਸੀ. ਡੀ. ਸੀ.) ਨੇ ਬੁੱਧਵਾਰ ਨੂੰ ਕੋਵਿਡ -19 ਵਾਇਰਸ ਦੇ ਫੈਲਣ ਵਿਚ ਲੋਕਾਂ ਦੀ ਆਪਸ ਵਿੱਚ ਸੰਪਰਕ ਦੀ ਦੂਰੀ ਦੀ ਨਵੀਂ ਪਰਿਭਾਸ਼ਾ ਦਿੱਤੀ ਹੈ।
ਨਵੇਂ ਸਬੂਤ ਦਰਸਾਉਂਦੇ ਹਨ ਕਿ ਕੋਰੋਨਾਂ ਵਾਇਰਸ ਸੰਖੇਪ ਗੱਲਬਾਤ ਦੌਰਾਨ ਵੀ ਅੱਗੇ ਫੈਲ ਸਕਦਾ ਹੈ। ਪਹਿਲਾਂ, ਸੀ. ਡੀ. ਸੀ. ਨੇ 'ਨਜ਼ਦੀਕੀ ਸੰਪਰਕ' ਵਿੱਚ ਉਹ ਸਥਿਤੀ ਦੱਸੀ ਸੀ, ਜਿਸ ਵਿੱਚ ਇਕ ਵਿਅਕਤੀ ਨੇ ਕਿਸੇ ਛੂਤ ਵਾਲੇ ਵਿਅਕਤੀ ਨਾਲ ਛੇ ਫੁੱਟ ਦੀ ਦੂਰੀ ਵਿਚ 15 ਮਿੰਟ ਜਾਂ ਇਸ ਤੋਂ ਵੱਧ ਸਮਾਂ ਬਿਤਾਇਆ ਹੈ ਪਰ ਹੁਣ ਏਜੰਸੀ ਕਹਿੰਦੀ ਹੈ ਕਿ ਜੇ ਕਿਸੇ ਨੇ 24 ਘੰਟਿਆਂ ਤੋਂ ਵਾਇਰਸ ਨਾਲ ਪੀੜਿਤ ਵਿਅਕਤੀ ਨਾਲ ਛੇ ਫੁੱਟ ਦੇ ਅੰਦਰ 15 ਮਿੰਟ ਜਾਂ ਇਸ ਤੋਂ ਵੱਧ ਸਮਾਂ ਬਿਤਾਇਆ ਹੈ ਭਾਵੇਂ ਉਹ ਸਮਾਂ ਨਿਰੰਤਰ ਨਾ ਹੋਵੇ 'ਨੇੜਲੇ ਸੰਪਰਕ' ਦੀ ਸ਼੍ਰੇਣੀ ਵਿੱਚ ਆਵੇਗਾ। ਨੇੜੇ ਦੇ ਸੰਪਰਕ ਅਜਿਹੇ ਸੰਪਰਕ ਜੋ ਟਰੇਸਿੰਗ ਦੌਰਾਨ ਟਰੈਕ ਕੀਤੇ ਜਾਂਦੇ ਹਨ ਅਤੇ ਜਿਨ੍ਹਾਂ ਨੂੰ ਇਕਾਂਤਵਾਸ ਕਰਨ ਦੀ ਸਿਫਾਰਸ਼ ਕੀਤੀ ਜਾਂਦੀ ਹੈ।
ਮਾਹਰਾਂ ਅਨੁਸਾਰ 15 ਮਿੰਟ ਅਤੇ ਛੇ-ਫੁੱਟ ਦੇ ਨਿਯਮ ਵਿਚ ਕੁਝ ਅਜਿਹਾ ਨਹੀਂ ਸੀ ਜਿਸ ਨਾਲ ਵਾਇਰਸ ਨੂੰ ਸੰਚਾਰਿਤ ਹੋਣ ਤੋਂ ਰੋਕਿਆ ਜਾ ਸਕਦਾ ਹੋਵੇ। ਇਸ ਵਿਚ ਕਈ ਕਾਰਕ ਜ਼ਿੰਮੇਵਾਰ ਹਨ ਜਿਵੇਂ ਕਿ ਕੋਈ ਵਿਅਕਤੀ ਛੂਤ ਤੋਂ ਕਿੰਨਾ ਪ੍ਰਭਾਵਿਤ ਹੈ। ਇਸ ਦੇ ਨਾਲ ਹੀ ਕਮਰੇ ਕਿੰਨੇ ਚੰਗੀ ਤਰ੍ਹਾਂ ਹਵਾਦਾਰ ਹਨ ਅਤੇ ਵਾਇਰਸ ਕਿਵੇਂ ਹਵਾ ਰਾਹੀਂ ਲੰਘ ਸਕਦਾ ਹੈ ਆਦਿ। ਸੀ. ਡੀ. ਸੀ. ਦੇ ਬੁਲਾਰੇ ਨੇ ਕਿਹਾ ਕਿ ਨਵਾਂ ਅਧਿਐਨ ਕੋਵਿਡ-19 ਵਾਲੇ ਲੋਕਾਂ ਦੇ ਸੰਪਰਕਾਂ ਦੇ ਮਾਮਲੇ ਵਿਚ ਵਿਗਿਆਨਕ ਗਿਆਨ ਨੂੰ ਵਧਾਉਂਦਾ ਹੈ ਅਤੇ ਸੰਚਾਰ ਰੋਕਣ ਲਈ ਮਾਸਕ ਪਹਿਨਣ ਦੀ ਮਹੱਤਤਾ ਤੋਂ ਵੀ ਜਾਣੂ ਕਰਵਾਉਂਦਾ ਹੈ। ਇਸ ਪਰਿਭਾਸ਼ਾ ਨਾਲ ਲੋਕਾਂ ਨੂੰ ਵਾਇਰਸ ਦੇ ਲਾਗ ਸੰਬੰਧੀ ਸਾਵਧਾਨੀ ਰੱਖਣ ਵਿਚ ਵੀ ਮਦਦ ਮਿਲੇਗੀ।