ਅਮਰੀਕੀ ਪ੍ਰਸ਼ਾਸਨ ਖਰੀਦੇਗਾ ਫਾਈਜ਼ਰ ਦੇ ਕੋਰੋਨਾ ਟੀਕੇ ਦੀਆਂ ਹੋਰ 100 ਮਿਲੀਅਨ ਖੁਰਾਕਾਂ
Friday, Dec 25, 2020 - 02:28 PM (IST)
ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕਾ ਵਿਚ ਕੋਰੋਨਾ ਵਾਇਰਸ ਦੇ ਖ਼ਿਲਾਫ਼ ਜੰਗ ਨੂੰ ਜਾਰੀ ਰੱਖਣ ਦੇ ਮੰਤਵ ਨਾਲ ਟਰੰਪ ਪ੍ਰਸ਼ਾਸਨ ਨੇ ਬੁੱਧਵਾਰ ਨੂੰ ਘੋਸ਼ਣਾ ਕਰਦਿਆਂ ਕਿਹਾ ਹੈ ਕਿ ਸਰਕਾਰ ਵਲੋਂ ਫਾਈਜ਼ਰ ਦੇ ਕੋਵਿਡ-19 ਟੀਕੇ ਦੀਆਂ ਹੋਰ 100 ਮਿਲੀਅਨ ਖੁਰਾਕਾਂ ਨੂੰ ਖਰੀਦਿਆ ਜਾਵੇਗਾ ਤਾਂ ਕਿ ਟੀਕਾ ਲਗਵਾਉਣ ਵਾਲੇ ਅਮਰੀਕਾ ਵਾਸੀਆਂ ਨੂੰ ਜੂਨ ਤੱਕ ਇਸ ਦੀ ਖੁਰਾਕ ਦਿੱਤੀ ਜਾ ਸਕੇ।
ਸਿਹਤ ਅਤੇ ਮਨੁੱਖੀ ਸੇਵਾਵਾਂ ਵਿਭਾਗ (ਐੱਚ. ਐੱਸ. ਐੱਸ.) ਅਨੁਸਾਰ ਫਾਈਜ਼ਰ ਕੰਪਨੀ ਟੀਕੇ ਦੀਆਂ 100 ਮਿਲੀਅਨ ਖੁਰਾਕਾਂ ਦਾ ਨਿਰਮਾਣ ਕਰਕੇ ਸਰਕਾਰ ਦੁਆਰਾ ਨਿਰਧਾਰਤ ਸਥਾਨਾਂ 'ਤੇ ਪਹੁੰਚਾਵੇਗੀ ਜਦਕਿ ਸੰਯੁਕਤ ਰਾਜ ਵਲੋਂ 100 ਮਿਲੀਅਨ ਖੁਰਾਕਾਂ ਪਹਿਲਾਂ ਹੀ ਖਰੀਦੀਆਂ ਜਾ ਚੁੱਕੀਆਂ ਹਨ। ਇਸ ਦੇ ਇਲਾਵਾ ਵਿਭਾਗ ਅਨੁਸਾਰ ਕੰਪਨੀ ਨਾਲ ਸਮਝੌਤੇ ਤਹਿਤ, ਫਾਈਜ਼ਰ ਜੂਨ ਦੇ ਅੰਤ ਤੱਕ ਘੱਟੋ-ਘੱਟ 70 ਮਿਲੀਅਨ ਅਤੇ ਜੁਲਾਈ ਦੇ ਅੰਤ ਤੱਕ 30 ਮਿਲੀਅਨ ਖੁਰਾਕਾਂ ਦੇਸ਼ ਨੂੰ ਪ੍ਰਦਾਨ ਕਰੇਗਾ ਜਿਸ ਨਾਲ ਫੈਡਰਲ ਸਰਕਾਰ ਦੁਆਰਾ ਖਰੀਦੀਆਂ ਗਈਆਂ।
ਫਾਈਜ਼ਰ ਟੀਕੇ ਦੀਆਂ ਖੁਰਾਕਾਂ ਦੀ ਕੁੱਲ ਸੰਖਿਆ 200 ਮਿਲੀਅਨ ਤੱਕ ਹੋ ਜਾਵੇਗੀ।ਐੱਚ. ਐੱਸ. ਐੱਸ. ਦੇ ਸਕੱਤਰ ਐਲੇਕਸ ਅਜ਼ਰ ਨੇ ਬੁੱਧਵਾਰ ਨੂੰ ਦਿੱਤੇ ਇੱਕ ਬਿਆਨ ਵਿਚ ਕਿਹਾ ਕਿ ਟੀਕਿਆਂ ਦੀ ਇਸ ਖਰੀਦ ਨਾਲ ਅਮਰੀਕਾ ਵਾਸੀਆਂ ਨੂੰ ਜੂਨ 2021 ਤੱਕ ਟੀਕਾਕਰਨ ਸੰਬੰਧੀ ਲੋੜੀਂਦੀ ਸਪਲਾਈ ਹੋਣ ਲਈ ਭਰੋਸਾ ਮਿਲੇਗਾ, ਹਾਲਾਂਕਿ ਅਗਲੇ ਸਾਲ ਟੀਕਾਕਰਨ ਦੀ ਜ਼ਿੰਮੇਵਾਰੀ ਆਉਣ ਵਾਲੇ ਬਾਈਡੇਨ ਪ੍ਰਸ਼ਾਸਨ 'ਤੇ ਹੋਵੇਗੀ।