ਅਮਰੀਕਾ ਆਉਣ ਵਾਲੇ ਲੋਕਾਂ ਦਾ ਹੋਵੇਗਾ ਕੋਰੋਨਾ ਟੈਸਟ : ਡੋਨਾਲਡ ਟਰੰਪ

Wednesday, Apr 29, 2020 - 08:02 AM (IST)

ਅਮਰੀਕਾ ਆਉਣ ਵਾਲੇ ਲੋਕਾਂ ਦਾ ਹੋਵੇਗਾ ਕੋਰੋਨਾ ਟੈਸਟ : ਡੋਨਾਲਡ ਟਰੰਪ

ਵਾਸ਼ਿੰਗਟਨ - ਗਲੋਬਲ ਮਹਾਮਾਰੀ ਕੋਵਿਡ-19 ਨਾਲ ਬੁਰੀ ਤਰ੍ਹਾਂ ਜੂਝ ਰਹੇ ਅਮਰੀਕਾ ਨੇ ਕੌਮਾਂਤਰੀ ਉਡਾਣਾਂ 'ਤੇ ਯਾਤਰੀਆਂ ਲਈ ਕੋਰੋਨਾ ਜਾਂਚ ਲਾਜ਼ਮੀ ਕਰਨ ਦੀ ਯੋਜਨਾ ਬਣਾਈ ਹੈ।
ਇਸ ਤਹਿਤ ਕੋਵਿਡ -19 ਨਾਲ ਪ੍ਰਭਾਵਿਤ ਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਨੂੰ ਕੋਰੋਨਾ ਜਾਂਚ ਕਰਵਾਉਣੀ ਪਵੇਗੀ। ਯੋਜਨਾ ਦੀ ਜਾਣਕਾਰੀ ਦਿੰਦੇ ਹੋਏ ਯੂ. ਐੱਸ. ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਵ੍ਹਾਈਟ ਹਾਊਸ ਵਿਖੇ ਪ੍ਰੈਸ ਗੱਲਬਾਤ ਵਿਚ ਕਿਹਾ, "ਅਸੀਂ ਅਜਿਹੀ ਪ੍ਰਣਾਲੀ ਲਗਾਉਣ ਜਾ ਰਹੇ ਹਾਂ ਜਿਸ ਵਿਚ ਅਸੀਂ ਕੁਝ ਜਾਂਚ ਕਰਾਂਗੇ। ਅਸੀਂ ਇਸ ਯੋਜਨਾ 'ਤੇ ਏਅਰਲਾਈਨਜ਼ ਕੰਪਨੀਆਂ ਨਾਲ ਮਿਲ ਕੇ ਕੰਮ ਕਰ ਰਹੇ ਹਾਂ।'

ਟਰੰਪ ਨੇ ਕਿਹਾ ਕਿ ਅਮਰੀਕਾ ਆਉਣ ਵਾਲੇ ਲੋਕਾਂ ਨੂੰ ਜਹਾਜ਼ ਵਿਚ ਚੜ੍ਹਨ ਤੋਂ ਪਹਿਲਾਂ ਸਰੀਰ ਦਾ ਤਾਪਮਾਨ ਅਤੇ ਕੋਰੋਨਾ ਵਾਇਰਸ ਦੀ ਜਾਂਚ ਕਰਾਉਣੀ ਪਵੇਗੀ। ਇਸ ਸਬੰਧ ਵਿਚ ਵਧੇਰੇ ਜਾਣਕਾਰੀ ਦਿੰਦੇ ਹੋਏ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਅਜਿਹਾ ਨਿਯਮ ਵਿਸ਼ੇਸ਼ ਤੌਰ 'ਤੇ ਉਨ੍ਹਾਂ ਦੇਸ਼ਾਂ ਦੇ ਯਾਤਰੀਆਂ ਲਈ ਬਣਾਇਆ ਜਾਵੇਗਾ ਜੋ ਇਸ ਮਹਾਂਮਾਰੀ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹਨ।

ਟਰੰਪ ਨੇ ਇਸ ਸਬੰਧ ਵਿਚ ਬ੍ਰਾਜ਼ੀਲ ਦੀ ਉਦਾਹਰਣ ਦਿੱਤੀ। ਇਸ ਤੋਂ ਪਹਿਲਾਂ ਅਮਰੀਕਾ ਨੇ ਕੋਰੋਨਾ ਵਾਇਰਸ ਨੂੰ ਰੋਕਣ ਲਈ ਚੀਨ ਅਤੇ ਯੂਰਪੀਅਨ ਦੇਸ਼ਾਂ ਦੇ ਨਾਗਰਿਕਾਂ 'ਤੇ ਯਾਤਰਾ ਪਾਬੰਦੀਆਂ ਲਗਾਈਆਂ ਹੋਈਆਂ ਹਨ। ਅਮਰੀਕਾ ਨੇ ਯਾਤਰੀ ਏਅਰਲਾਈਨਾਂ ਵਿੱਚ ਯਾਤਰਾ ਕਰਦਿਆਂ ਮਾਸਕ ਪਹਿਨਣ ਦੇ ਲਾਜ਼ਮੀ ਵਿਚਾਰ ਦਾ ਵੀ ਸਮਰਥਨ ਕੀਤਾ ਹੈ। ਜ਼ਿਕਰਯੋਗ ਹੈ ਕਿ ਇਸ ਮਹਾਂਮਾਰੀ ਨੇ ਅਮਰੀਕਾ ਵਿਚ ਇਕ ਭਿਆਨਕ ਰੂਪ ਧਾਰਨ ਕਰ ਲਿਆ ਹੈ ਅਤੇ ਹੁਣ ਤੱਕ 58 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਜੌਹਨ ਹਾਪਿੰਕਸ ਯੂਨੀਵਰਸਿਟੀ ਮੁਤਾਬਕ ਅਮਰੀਕਾ ਵਿਚ ਕੋਰੋਨਾ ਕਾਰਨ ਹੁਣ ਤੱਕ 58,348 ਲੋਕਾਂ ਦੀ ਜਾਨ ਚਲੇ ਗਈ ਹੈ ਤੇ 10,12,399 ਲੋਕ ਵਾਇਰਸ ਦੀ ਲਪੇਟ ਵਿਚ ਹਨ। 


author

Lalita Mam

Content Editor

Related News