ਅਮਰੀਕਾ-ਕੈਨੇਡਾ ਆਪਣੇ ਨਾਗਰਿਕਾਂ ਦੇ ਹੱਕ 'ਚ ਖੜ੍ਹਦੇ ਨੇ, ਖਾਲਿਸਤਾਨੀ ਜਾਂ ਵੱਖਵਾਦੀ ਦੇ ਹੱਕ 'ਚ ਨਹੀ- ਜੱਸੀ’

Monday, Dec 04, 2023 - 12:02 PM (IST)

ਅਮਰੀਕਾ-ਕੈਨੇਡਾ ਆਪਣੇ ਨਾਗਰਿਕਾਂ ਦੇ ਹੱਕ 'ਚ ਖੜ੍ਹਦੇ ਨੇ, ਖਾਲਿਸਤਾਨੀ ਜਾਂ ਵੱਖਵਾਦੀ ਦੇ ਹੱਕ 'ਚ ਨਹੀ-  ਜੱਸੀ’

ਵਾਸ਼ਿੰਗਟਨ (ਰਾਜ ਗੋਗਨਾ)- ਸਿੱਖਸ ਆਫ ਅਮੇਰਿਕਾ ਦੇ ਚੇਅਰਮੈਨ ਅਤੇ ਸਮਾਜ ਸੇਵੀ ਜਸਦੀਪ ਸਿੰਘ ਜੱਸੀ ਨੇ ਅਮਰੀਕਾ-ਕੈਨੇਡਾ ਦੇ ਭਾਰਤ ਸਬੰਧਾਂ 'ਤੇ ਵਿਸ਼ੇਸ ਖੁਲਾਸਾ ਕੀਤਾ। ਚੇਅਰਮੈਨ ਜੱਸੀ ਨੇ ਬੀਤੇ ਦਿਨੀਂ ਅਮਰੀਕਾ-ਕੈਨੇਡਾ ਭਾਰਤ ਸਬੰਧਾਂ 'ਤੇ ਗੱਲਬਾਤ ਕੀਤੀ ਅਤੇ ਸਵਾਲਾਂ ਦੇ ਜਵਾਬ ਦਿੱਤੇ। ਉਹਨਾਂ ਨੂੰ ਪੁੱਛਿਆ ਗਿਆ ਸੀ ਕਿ ਵੱਖਵਾਦੀ ਪੰਨੂੰ 'ਤੇ ਹੋਏ ਹਮਲੇ ਦੀ ਪਲੈਨਿੰਗ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਸ਼ੁਰੂਆਤ ਵਿੱਚ ਹੀ ਸ: ਜਸਦੀਪ ਸਿੰਘ ਜੱਸੀ ਨੇ ਸਪੱਸ਼ਟ ਕਰਦਿਆਂ ਕਿਹਾ ਕਿ ‘ਸਿੱਖਸ ਆਫ ਅਮੇਰਿਕਾ’ ਸੰਸਥਾ ਅਤੇ ਨਿੱਜੀ ਤੌਰ 'ਤੇ ਮੈਂ ਕਿਸੇ ਵੀ ਤਰ੍ਹਾਂ ਵੱਖਵਾਦੀ ਵਿਚਾਰਧਾਰਾ ਨੂੰ ਸਪੋਰਟ ਨਹੀਂ ਕਰਦਾ ਅਤੇ ਭਾਰਤ ਦੀ ਏਕਤਾ ਅਤੇ ਅਖਡੰਤਾ ਵਿੱਚ ਯਕੀਨ ਕਰਦੇ ਹਾਂ, ਪਰ ਨਾਲ ਹੀ ਅਮੇਰਿਕਾ ਦੀ ਧਰਤੀ 'ਤੇ ਕਿਸੇ ਅਮੈਰਿਕਨ ਸਿਟੀਜ਼ਨ 'ਤੇ ਕਾਤਲਾਨਾ ਹਮਲਾ ਬਹੁਤ ਹੀ ਗੰਭੀਰ ਮਾਮਲਾ ਹੈ ਅਤੇ ਅਸੀਂ ਇਸ ਦੀ ਸਖ਼ਤ ਨਿੰਦਾ ਕਰਦੇ ਹਾਂ। 

ਕੈਨੇਡਾ ਵਿਖੇ ਵੀ ਇਸੇ ਤਰ੍ਹਾਂ ਦੀ ਹੋਈ ਘਟਨਾ 'ਤੇ ਕਾਫ਼ੀ ਚਰਚਾ ਛਿੜੀ ਸੀ। ਜਿਸ ਵਿੱਚ ਨਿੱਝਰ ਦਾ ਕਤਲ ਹੋਇਆ ਸੀ, ਉਸ ਸਮੇਂ ਕੈਨੇਡਾ ਵੱਲੋਂ ਗੱਲਬਾਤ ਨੂੰ ਸਹੀ ਢੰਗ ਨਾਲ ਪੇਸ਼ ਨਹੀਂ ਕੀਤਾ ਗਿਆ ਸੀ। ਪਰ ਇਸ ਦੇ ਉੱਲਟ ਅਮਰੀਕਾ ਨੇ ਇਸ ਮੁੱਦੇ ਨੂੰ ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤਾ ਹੈ। ਉਨ੍ਹਾਂ ਨੇ ਸਭ ਤੋਂ ਪਹਿਲਾਂ ਇਸ ਸੰਬੰਧੀ ਸਬੂਤ ਪੇਸ਼ ਕਰਕੇ ਭਾਰਤ ਨੂੰ ਮੁਹੱਈਆ ਕਰਵਾਏ ਅਤੇ ਬਾਅਦ ਵਿੱਚ ਐੱਫ.ਆਈ.ਆਰ. ਅਤੇ ਹੋਰ ਲੋੜੀਂਦੀ ਕਾਰਵਾਈ ਕੀਤੀ। ਅਸਲ ਵਿੱਚ ਸੁਪਰ ਪਾਵਰ ਅਮੇਰਿਕਾ ਨੇ ਦਿਖਾ ਦਿੱਤਾ ਹੈ ਕਿ ਕਾਰਵਾਈ ਕਿਸ ਤਰ੍ਹਾਂ ਹੋਣੀ ਚਾਹੀਦੀ ਸੀ। ਉਨ੍ਹਾਂ ਨੇ ਕੋਰਟ ਵਿੱਚ ਸਬੂਤ ਪੇਸ਼ ਕਰਕੇ, ਕੇਸ ਫ਼ਾਈਲ ਕਰਕੇ, ਭਾਰਤ ਨੂੰ ਦੱਸ ਦਿੱਤਾ ਸੀ ਕਿ ਇਹ ਸਾਡੇ ਕੋਲ ਸਬੂਤ ਮੌਜੂਦ ਹਨ ਅਤੇ ਇਸ ਮਾਮਲੇ ਵਿੱਚ ਇਹ ਲੋਕ ਸ਼ਾਮਲ ਹਨ। ਇਸ ਦਾ ਸਿੱਧਾ ਨਤੀਜਾ ਤੁਹਾਡੇ ਸਾਹਮਣੇ ਹੈ ਕਿ ਭਾਰਤ ਬੈਕਫੁੱਟ 'ਤੇ ਹੈ ਅਤੇ ਉਸ ਕੋਲ ਕਹਿਣ ਨੂੰ ਕੁਝ ਨਹੀਂ ਹੈ ਅਤੇ ਭਾਰਤੀ ਮੀਡੀਆ ਨੇ ਵੀ ਚੁੱਪੀ ਧਾਰੀ ਹੋਈ ਹੈ। 

ਇਸ ਦੇ ਉਲਟ ਜਦੋਂ ਕੈਨੇਡਾ ਦੀ ਘਟਨਾ ਸੀ, ਉਸ ਵੇਲੇ ਭਾਰਤੀ ਵਿਦੇਸ਼ ਮੰਤਰਾਲੇ ਨੇ ਸਖ਼ਤ ਕਾਰਵਾਈ ਕਰਦਿਆਂ ਆਪਣੇ ਡੈਲੀਗੇਟ ਵਾਪਸ ਬੁਲਾ ਲਏ ਸਨ, ਵੀਜ਼ੇ ਬੰਦ ਕਰ ਦਿੱਤੇ ਗਏ ਸਨ। ਕੈਨੇਡਾ-ਭਾਰਤ ਦੇ ਸੰਬੰਧਾਂ ਵਿੱਚ ਕਾਫ਼ੀ ਤਲਖੀ ਦੇਖਣ ਨੂੰ ਮਿਲ ਰਹੀ ਸੀ, ਪਰ ਅਮਰੀਕਾ ਨੇ ਸਹੀ ਢੰਗ ਨਾਲ ਇਸ ਮਾਮਲੇ ਨੂੰ ਅਮਲੀ ਰੂਪ ਦਿੱਤਾ ਹੈ ਜਿਸ ਦੀ ਜਿੰਨੀ ਸ਼ਲਾਘਾ ਕੀਤੀ ਜਾਵੇਗੀ ਘੱਟ ਹੈ। ਇਸ ਮੌਕੇ ਜਸਦੀਪ ਸਿੰਘ ਜੱਸੀ ਨੇ ਭਾਰਤ ਸਰਕਾਰ ਨੂੰ ਬੇਨਤੀ ਕੀਤੀ ਕਿ ਇਸ ਮਾਮਲੇ ਦਾ ਖੁਲਾਸਾ ਕਰਕੇ ਕਿ ਜਲਦੀ ਤੋਂ ਜਲਦੀ ਸੱਚ ਲੋਕਾਂ ਸਾਹਮਣੇ ਲਿਆਂਦਾ ਜਾਵੇ। ਜੋ ਵਿਅਕਤੀ ਇਸ ਵਿੱਚ ਸ਼ਾਮਲ ਸਨ, ਭਾਵੇਂ ਸਰਕਾਰ ਦੇ ਹੋਣ ਜਾਂ ਕਿਸੇ ਏਜੰਸੀ ਦੇ ਹੋਣ, ਉਨ੍ਹਾਂ 'ਤੇ ਕਾਰਵਾਈ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਕਿਉਕਿ ਸਾਨੂੰ ਪਤਾ ਹੈ ਕਿ ਭਾਰਤ ਦੀਆਂ ਅਜਿਹੀਆਂ ਨੀਤੀਆਂ ਨਹੀਂ ਹਨ ਪਰ ਜੇਕਰ ਕੋਈ ਅਫ਼ਸਰ ਜਾਂ ਸੰਬੰਧਤ ਇਸ ਵਿੱਚ ਸ਼ਾਮਲ ਹੈ ਤਾਂ ਇਸ ਨਾਲ ਭਾਰਤ ਦੀ ਵੀ ਮਾਨ ਹਾਨੀ ਹੋਈ ਹੈ।

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ 'ਚ ਪੰਨੂ ਦੀ ਨਵੀਂ ਸਾਜ਼ਿਸ਼, ਨਗਰ ਕੀਰਤਨ ਦੇ ਨਾਂ 'ਤੇ ਲੋਕਾਂ ਨੂੰ ਕਰ ਰਿਹੈ ਲਾਮਬੰਦ 

ਇਸ ਸੰਬੰਧ ਵਿੱਚ ਨਿਖਿਲ ਗੁਪਤਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਕਿਉਕਿ ਰਿਕਾਰਡਿੰਗ ਪਰੂਫ਼ ਹਨ। ਜਿਸ 'ਤੇ ਅਧਾਰਿਤ ਇਹ ਸਾਰਾ ਕੇਸ ਬਣਿਆ ਹੈ। ਭਾਰਤ ਨੂੰ ਇਹ ਪਰੂਫ਼ ਮੁਹੱਈਆ ਕਰਾ ਦਿੱਤੇ ਗਏ ਸਨ ਅਤੇ ਉਨ੍ਹਾਂ ਦੁਆਰਾ ਵੀ ਤਫਤੀਸ਼ ਚੱਲ ਰਹੀ ਹੈ। ਜਸਦੀਪ ਸਿੰਘ ਜੱਸੀ ਨੇ ਕਿਹਾ ਕਿ ਅਮੇਰਿਕਾ ਨੇ ਇਸ ਕੇਸ ਨੂੰ ਉਸੇ ਤਰ੍ਹਾਂ ਹੈਂਡਲ ਕੀਤਾ ਹੈ, ਜਿਵੇਂ ਕਿਸੇ ਸੁਪਰ ਪਾਵਰ ਨੂੰ ਹੈਂਡਲ ਕਰਨਾ ਚਾਹੀਦਾ ਸੀ। ਉਨ੍ਹਾਂ ਨੇ ਭਾਰਤ ਨਾਲ ਕੈਨੇਡਾ ਵਾਂਗ ਸੰਬੰਧ ਵੀ ਖਰਾਬ ਨਹੀਂ ਕੀਤੇ ਅਤੇ ਇੱਕ ਸਟਰੌਂਗ ਮੈਸੇਜ ਵੀ ਡਿਪਲੋਮੇਟਿਕ ਤਰੀਕੇ ਨਾਲ ਵਾਰਨਿੰਗ ਦੇ ਰੂਪ ਵਿੱਚ ਦਿੱਤਾ। ਜਸਦੀਪ ਸਿੰਘ ਜੱਸੀ ਨੇ ਆਸ ਪ੍ਰਗਟ ਕਰਦਿਆਂ ਕਿਹਾ ਕਿ ਭਾਰਤ ਇਸ ਦੀ ਜਲਦ ਤੋਂ ਜਲਦ ਇਨਵੈਸਟੀਗੇਸ਼ਨ ਕਰਕੇ ਸਾਰੀ ਜਾਣਕਾਰੀ ਜਨਤਕ ਕਰੇਗਾ। ਜੱਸੀ ਨੇ ਸਪੱਸ਼ਟ ਕਰਦਿਆਂ ਕਿਹਾ ਕਿ ਅਮਰੀਕਾ ਅਤੇ ਕੈਨੇਡਾ ਆਪਣੇ ਨਾਗਰਿਕਾਂ ਦੀ ਬਹੁਤ ਅਹਿਮੀਅਤ ਸਮਝਦਾ ਹੈ। 

ਅਮਰੀਕਾ ਅਤੇ ਕੈਨੇਡਾ ਨੇ ਇਹ ਕਦਮ ਇਸ ਲਈ ਚੁੱਕੇ ਹਨ ਕਿਉਂਕਿ ਅਮਰੀਕੀ ਅਤੇ ਕੈਨੇਡੀਅਨ ਪ੍ਰਸ਼ਾਸਨ ਆਪਣੇ ਨਾਗਰਿਕਾਂ ਦੀ ਸੁਰੱਖਿਆ ਨੂੰ ਲੈ ਕੇ ਬਹੁਤ ਚੌਕੰਨੇ ਰਹਿੰਦੇ ਹਨ। ਉਨ੍ਹਾਂ ਨੇ ਇਹ ਫ਼ੈਸਲੇ ਆਪਣੇ ਨਾਗਰਿਕਾਂ ਨੂੰ ਸੁਰੱਖਿਅਤ ਰੱਖਣ ਲਈ ਲਏ ਹਨ। ਇਸ ਤੋਂ ਸਿੱਖ ਭਾਈਚਾਰੇ ਨੂੰ ਇਹ ਭਾਵ ਨਹੀਂ ਲੈਣਾ ਚਾਹੀਦਾ ਕਿ ਉਹ ਖਾਲਿਸਤਾਨੀਆਂ ਦਾ ਹੁੰਗਾਰਾ ਭਰਦੇ ਹਨ ਜਾਂ ਖਾਲਿਸਤਾਨੀ ਜਾਂ ਵੱਖਵਾਦੀਆਂ ਦੀ ਉਹ ਕਿਸੇ ਤਰ੍ਹਾਂ ਦੀ ਸਪੋਰਟ ਕਰਦੇ ਹਨ।ਇੱਕ ਸਵਾਲ ਦੇ ਜਵਾਬ ਵਿੱਚ ਜੱਸੀ ਨੇ ਕਿਹਾ ਕਿ ਤਰਨਜੀਤ ਸਿੰਘ ਸੰਧੂ ਸਿੱਖ ਭਾਈਚਾਰੇ ਦੀ ਇੱਕ ਸਨਮਾਨਯੋਗ ਸ਼ਖਸੀਅਤ ਹਨ, ਇੱਕ ਡੈਲੀਗੇਟ ਹੋਣ ਦੇ ਨਾਲ-ਨਾਲ ਉਨ੍ਹਾਂ ਦੇ ਪਰਿਵਾਰ ਦਾ ਸਿੱਖੀ ਵਿੱਚ ਬਹੁਤ ਵੱਡਾ ਯੋਗਦਾਨ ਹੈ। ਤਰਨਜੀਤ ਸਿੰਘ ਸੰਧੂ ਜੋ ਕਿ ਇੱਕ ਸਾਬਤ-ਸੂਰਤ ਅਤੇ ਪਗੜੀਧਾਰੀ ਗੁਰਸਿੱਖ ਹਨ ਜਦੋਂ ਉਹ ਡੋਨਾਲਡ ਟਰੰਪ ਅਤੇ ਜੋਅ ਬਾਈਡੇਨ ਨਾਲ ਲੋਕਾਂ ਦੇ ਸਨਮੁੱਖ ਹੁੰਦੇ ਹਨ। ਤਾਂ ਉਹ ਸਿੱਖਾਂ ਦੀ ਇਮੇਜ ਨੂੰ ਬਹੁਤ ਉੱਪਰ ਲੈ ਕੇ ਜਾਂਦੇ ਹਨ। ਉਨ੍ਹਾਂ ਨਾਲ ਗੁਰਦੁਆਰਾ ਸਾਹਿਬ ਵਿੱਚ ਦੁਰਵਿਵਹਾਰ ਕੀਤਾ ਜਾਣਾ ਬਹੁਤ ਹੀ ਨਿੰਦਣਯੋਗ ਹੈ। 

ਉਹ ਤਾਂ ਗੁਰਦੁਆਰਾ ਸਾਹਿਬ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 'ਤੇ ਆਮ ਸਿੱਖ ਵਾਂਗ ਮੱਥਾ ਟੇਕਣ ਆਏ ਸਨ। ਜੇਕਰ ਕਿਸੇ ਨੂੰ ਉਨ੍ਹਾਂ ਦੀ ਕਾਰਜਸ਼ੈਲੀ 'ਤੇ ਇਤਰਾਜ ਹੈ ਤਾਂ ਉਨ੍ਹਾਂ ਨੂੰ ਉਨ੍ਹਾਂ ਦੇ ਦਫ਼ਤਰ ਵਿੱਚ ਮਿਲਿਆ ਜਾ ਸਕਦਾ ਸੀ, ਪਰ ਗੁਰਦੁਆਰਾ ਸਾਹਿਬ ਵਿੱਚ ਅਜਿਹੀ ਮਾੜੀ ਸ਼ਬਦਾਵਲੀ ਵਰਤਣਾ ਬਹੁਤ ਗਲਤ ਗੱਲ ਹੈ ਅਤੇ ਅਸੀਂ ਉਸ ਦੀ ਪੁਰਜੋਰ ਸ਼ਬਦਾਂ ਵਿੱਚ ਨਿੰਦਾ ਕਰਦੇ ਹਾਂ। ਇੱਕ ਸਵਾਲ ਦਾ ਜਵਾਬ ਦਿੰਦਿਆਂ ਜਸਦੀਪ ਸਿੰਘ ਜੱਸੀ ਨੇ ਕਿਹਾ ਕਿ ਪੰਨੂੰ 'ਤੇ ਹਮਲੇ ਦਾ ਮੁੱਦਾ ਕੋਈ ਨਵਾਂ ਨਹੀਂ ਹੈ, ਮਈ-ਜੂਨ ਤੋਂ ਪਹਿਲਾਂ ਦੀ ਇਹ ਘਟਨਾ ਹੈ। ਅਤੇ ਤੁਸੀਂ ਦੇਖ ਸਕਦੇ ਹੋ ਕਿ ਉਦੋਂ ਤੋਂ ਹੁਣ ਤੱਕ ਅਮਰੀਕਾ ਅਤੇ ਭਾਰਤ ਦੇ ਆਪਸੀ ਸੰਬੰਧਾਂ ਵਿੱਚ ਕੋਈ ਫਰਕ ਨਹੀਂ ਪਿਆ ਹੈ। ਕਿਉਂਕਿ ਭਾਰਤ 100 ਬਿਲੀਅਨ ਡਾਲਰ ਦਾ ਅਮਰੀਕਾ ਨਾਲ ਕਾਰੋਬਾਰ ਕਰਦਾ ਹੈ ਅਤੇ ਉਹ ਕਿਸੇ ਵੀ ਕੀਮਤ 'ਤੇ ਅਮਰੀਕਾ ਨਾਲ ਸੰਬੰਧ ਨਹੀਂ ਵਿਗਾੜ ਸਕਦਾ। ਭਾਰਤ ਕਦੇ ਨਹੀਂ ਚਾਹੇਗਾ ਕਿ ਉਨ੍ਹਾਂ ਦਾ ਆਰਥਿਕ ਨੁਕਸਾਨ ਹੋਵੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 
 


author

Vandana

Content Editor

Related News