ਅਮਰੀਕਾ ਦੀ 116 ਸਾਲਾ ਬਜ਼ੁਰਗ ਬੀਬੀ ਹੇਸਟਰ ਫੋਰਡ ਦੀ ਹੋਈ ਮੌਤ

Monday, Apr 19, 2021 - 08:23 AM (IST)

ਅਮਰੀਕਾ ਦੀ 116 ਸਾਲਾ ਬਜ਼ੁਰਗ ਬੀਬੀ ਹੇਸਟਰ ਫੋਰਡ ਦੀ ਹੋਈ ਮੌਤ

ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ): ਅਮਰੀਕਾ ਦੇ ਸਭ ਤੋਂ ਬਜ਼ੁਰਗ ਵਿਅਕਤੀ ਜੋ ਕਿ ਇੱਕ ਬੀਬੀ ਹੈ, ਦੀ ਮੌਤ ਹੋ ਗਈ ਹੈ। ਉਸ ਨੇ ਆਪਣੇ ਪਿੱਛੇ ਵਿਸ਼ਾਲ ਵਿਰਾਸਤ ਨੂੰ ਛੱਡਿਆ ਹੈ, ਜਿਸ ਵਿੱਚ ਘੱਟੋ ਘੱਟ 120 ਪੜਪੋਤੇ-ਪੋਤੀਆਂ ਹਨ। ਇਹ ਬਜ਼ੁਰਗ ਬੀਬੀ ਉੱਤਰੀ ਕੈਰੋਲਿਨਾ ਵਿੱਚ ਸ਼ਾਰਲੋਟ ਦੀ ਹੇਸਟਰ ਫੋਰਡ ਹੈ, ਜਿਸ ਦੀ ਸ਼ਨੀਵਾਰ ਨੂੰ 116 ਸਾਲ ਦੀ ਉਮਰ ਵਿੱਚ ਮੌਤ ਹੋ ਗਈ। 

ਹੈਸਟਰ ਫੋਰਡ ਨੇ ਇੱਕ ਸਦੀ ਤੋਂ ਉੱਪਰ ਆਪਣੀ ਉਮਰ ਭੋਗ ਕੇ, ਪਰਿਵਾਰ ਵਿੱਚ ਸ਼ਾਂਤੀ ਨਾਲ ਪ੍ਰਾਣ ਤਿਆਗੇ। ਦੱਖਣੀ ਕੈਰੋਲਿਨਾ ਦੇ ਲੈਨਕਾਸਟਰ ਵਿੱਚ 1904 'ਚ ਪੈਦਾ ਹੋਈ ਫੋਰਡ ਇੱਕ ਫਾਰਮ ਵਿੱਚ ਕੰਮ ਕਰਦੀ, ਕਪਾਹ ਬੀਜਣ ਅਤੇ ਚੁੱਕਣ ਦੇ ਨਾਲ ਖੇਤ ਵਾਹੁੰਦੀ ਵੱਡੀ ਹੋਈ। ਰਿਪੋਰਟ ਦੇ ਅਨੁਸਾਰ, ਉਸ ਦੇ 12 ਬੱਚੇ, 48 ਪੋਤੇ ਅਤੇ 108 ਪੜਪੋਤੇ-ਪੋਤੀਆਂ ਸਨ। ਉਸ ਦੀ ਸਹੀ ਉਮਰ ਅਸਪਸ਼ਟ ਸੀ। ਮਰਦਮਸ਼ੁਮਾਰੀ ਦੇ ਰਿਕਾਰਡ ਦਾ ਇੱਕ ਸਮੂਹ ਉਸ ਦਾ ਜਨਮ 15 ਅਗਸਤ, 1904 ਵਜੋਂ ਦਰਸਾਉਂਦਾ ਹੈ ਪਰ ਇੱਕ ਹੋਰ ਸਮੂਹ ਦਿਖਾਉਂਦਾ ਹੈ ਕਿ ਉਸ ਦਾ ਜਨਮ 1905 ਵਿੱਚ ਹੋਇਆ ਸੀ। 

ਫੋਰਡ ਦੀ ਪੋਤੀ ਨੇ ਦੱਸਿਆ ਕਿ ਉਹ ਕੋਰੋਨਾ ਵਾਇਰਸ ਤੋਂ ਬਚੀ ਰਹੀ ਸੀ ਅਤੇ ਉਹ ਇੱਕ ਸਦੀ ਤੋਂ ਵੀ ਵੱਧ ਸਮੇਂ ਦੀਆਂ ਯਾਦਾਂ ਨਾਲ ਰਹਿੰਦੀ ਸੀ, ਜਿਸ ਵਿੱਚ 100 ਸਾਲਾਂ ਤੋਂ ਵੱਧ ਅਸਲ ਜੀਵਨ ਦਾ ਤਜ਼ੁਰਬਾ ਸ਼ਾਮਿਲ ਸੀ। ਫੋਰਡ ਦੇ ਪਤੀ ਦੀ ਅੱਧੀ ਸਦੀ ਪਹਿਲਾਂ, 1963 ਵਿੱਚ ਮੌਤ ਹੋ ਗਈ ਸੀ। ਸਥਾਨਕ ਕਾਉਂਟੀ ਕਮਿਸ਼ਨਰਾਂ ਨੇ ਪਿਛਲੇ ਸਾਲ ਉਸ ਦੇ ਸਨਮਾਨ ਵਿੱਚ, ਮੈਕਲੇਨਬਰਗ ਕਾਉਂਟੀ ਵਿੱਚ 1 ਸਤੰਬਰ ਨੂੰ ਮਦਰ ਹੇਸਟਰ ਮੈਕਕਾਰਡੈਲ ਫੋਰਡ ਡੇਅ ਵਜੋਂ ਘੋਸ਼ਿਤ ਕੀਤਾ ਸੀ। ਉਹ ਸਥਾਨਕ ਸਰਕਾਰਾਂ, ਕਮਿਊਨਿਟੀ ਲੀਡਰਾਂ, ਸੋਸ਼ਲ ਮੀਡੀਆ, ਵਿਦੇਸ਼ੀ ਪਤਵੰਤੇ ਸੱਜਣਾਂ ਆਦਿ ਦੁਆਰਾ ਅਮਰੀਕਾ ਦੀ ਸਭ ਤੋਂ ਬਜ਼ੁਰਗ ਵਿਅਕਤੀ ਹੋਣ ਵਜੋਂ ਜਾਣੀ ਜਾਂਦੀ ਸੀ।

ਨੋਟ- ਅਮਰੀਕਾ ਦੀ 116 ਸਾਲਾਂ ਬਜ਼ੁਰਗ ਮਹਿਲਾ ਹੇਸਟਰ ਫੋਰਡ ਦੀ ਹੋਈ ਮੌਤ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News